
ਕਾਲਜ ਦੇ ਵਿੱਚ ਇੱਕ ਸਾਡੀ ਫੋਟੋਗ੍ਰਾਫੀ ਦੀ ਲੈਬ ਹੁੰਦੀ ਸੀ ।ਜਿੱਥੇ ਕਿ ਸਾਨੂੰ ਇਹ ਇਜਾਜਤ ਮਿਲ ਗਈ ਕਿ ਅਸੀਂ ਆਪਣੀਆਂ ਫੋਟੋਆਂ ਆਪ ਬਣਾ ਸਕਦੇ ਸੀ । ਉੱਥੇ ਅਸੀਂ ਫੋਟੋਆਂ ਬਣਾਉਣੀਆਂ । ਬਾਜ਼ਾਰੋਂ ਆਪਣਾ ਕਾਗਜ ਲਿਆਉਣਾ ਤੇ ਬੜਾ ਵਧੀਆ ਨਜ਼ਾਰਾ ਲੈਣਾ। ਫਿਰ ਇੱਕ ਦਿਨ ਕੀ ਹੋਇਆ ਕੇ ਅਚਾਨਕ ਇਨਲਾਜਰ ਦੇ ਵਿੱਚੋਂ ਜਿਹੜਾ ਬਲਬ ਸੀਗਾ ਉਹ ਫਿਊਜ਼ ਹੋ ਗਿਆ। ਇਹ ਤਾਂ ਨਵੀਂ ਸਮੱਸਿਆ ਖੜੀ ਹੋ ਗਈ।
ਇਹ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਕਿਉਂਕਿ ਲੈਬ ਦੇ ਜਿਹੜੇ ਟੀਚਰ ਸੀਗੇ ਉਹਨਾਂ ਨੂੰ ਇਹ ਗੱਲ ਦੱਸੀ ਨਹੀਂ ਸੀ ਜਾ ਸਕਦੀ ਤੇ ਆਪਣੇ ਕੋਲ ਇੰਨੇ ਪੈਸੇ ਨਹੀਂ ਸੀ। ਫਿਰ ਵੀ ਅਸੀਂ ਦੋ ਜਣਿਆਂ ਨੇ ਰਲ ਕੇ ਇੱਕ ਬਲਬ ਬਾਜ਼ਾਰੋਂ ਘੁਮਾਰ ਮੰਡੀ ਤੋਂ ਖਰੀਦ ਲਿਆਂਦਾ । ਹੁਣ ਉਹ ਜਦੋਂ ਬਲਬ ਲਾਇਆ ਤਾਂ ਉਸਦੇ ਨਾਲ ਫੋਟੋਆਂ ਬਣਾਈਏ ਤਾਂ ਫੋਟੋਆਂ ਸਹੀ ਨਾ ਬਣਨ ।ਉਹਦੇ ਵਿੱਚ ਲਸਰਾਂ ਜਿਹੀਆਂ ਆ ਜਾਣ ਤੇ ਉਹ ਫੋਟੋ ਖਰਾਬ ਹੋ ਜਾਇਆ ਕਰੇ। ਇਹ ਸਾਡੇ ਲਈ ਹੋਰ ਵੀ ਦੁੱਖ ਵਾਲੀ ਗੱਲ ਸੀ । ਕਿਉਂਕਿ ਇਸ ਤਰ੍ਹਾਂ ਸਾਡਾ ਜਿਹੜਾ ਕਾਗਜ਼ ਸੀ ਉਹ ਵੀ ਬੇਕਾਰ ਹੋ ਰਿਹਾ ਸੀ । ਔਰ ਉਹ ਵੀ ਸਾਡਾ ਖਰਚਾ ਵੱਧ ਰਿਹਾ ਸੀ । ਫਿਰ ਅਸੀਂ ਜਿਹੜਾ ਇਨਲਾਜਰ ਸੀਗਾ ਉਹ ਬੰਦ ਕਰ ਦਿੱਤਾ ਤੇ ਕਿਸੇ ਨੂੰ ਪੁੱਛਿਆ ਕਿ ਆਹ ਮਸਲਾ ਕੀ ਹੈ ? ਉਥੇ ਹੀ ਸਾਡੇ ਇੱਕ ਜਿਹੜੀ ਸਰਕਾਰੀ ਲੈਬ ਸੀਗੀ ਉਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਇਹ ਤੁਸੀਂ ਜਿਹੜਾ ਬਲਬ ਲਾਇਆ ਹੈ ਉਹ ਗਲਤ ਹੈ । ਉੱਥੇ ਦੁਧੀਆ ਬਲਬ ਹੀ ਚਾਹੀਦਾ । ਲਓ ਜੀ ਹੁਣ ਇਹ ਨਵਾਂ ਸਿਆ ਪਾ ਖੜਾ ਹੋ ਗਿਆ ਵੀ ਦੂਧੀਆ ਬਲਬ ਕੀ ਹੋਊਗਾ? ਹੁਣ ਅਸੀਂ ਕਦੇ ਸੁਣਿਆ ਹੀ ਨਹੀਂ ਸੀ ਇਹ। ਸਾਨੂੰ ਤਾਂ ਸਿਰਫ ਪਾਰਦਰਸ਼ੀ ਬਲਬ ਦਾ ਪਤਾ ਸੀ ਸੀਗਾ। ਉਹ ਦੁਕਾਨ ਤੇ ਪੁੱਛਿਆ ਤਾਂ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਹੁੰਦਾ ਨਹੀਂ ਇਹਨੂੰ ਕੋਈ ਲਾਉਂਦਾ ਹੀ ਨਹੀਂ। ਇਹਦੀ ਰੌਸ਼ਨੀ ਘੱਟ ਹੁੰਦੀ ਆ । ਖੈਰ ਅਸੀਂ ਕਿਹਾ ਵੀ ਹੁਣ ਅੱਗੇ ਕੁਝ ਕਰਨਾ ਹੀ ਪਊਗਾ । ਅਸੀਂ ਚੌੜੇ ਬਾਜ਼ਾਰ ਜਾ ਪਹੁੰਚੇ ।ਉੱਥੇ ਬਿਜਲੀ ਦਾ ਬਾਜ਼ਾਰ ਹੈ । ਉੱਥੇ ਜਾ ਕੇ ਕਿਸੇ ਨੂੰ ਪੁੱਛਿਆ ਕਿ ਸਾਨੂੰ ਦੁਧੀਆ ਬਲਬ ਚਾਹੀਦਾ । ਦੂਜੀ ਤੀਜੀ ਦੁਕਾਨ ਤੇ ਜਾ ਕੇ ਇੱਕ ਬੰਦੇ ਨੇ ਕਿਹਾ ਕਿ ਉਹਦੇ ਕੋਲ ਦੁੱਧੀਆ ਬਲਬ ਹੈਗਾ ।ਅਸੀਂ ਉਹਦੇ ਕੋਲੋਂ ਉਹ ਦੁਧੀਆ ਬਲਬ ਲੈ ਲਿਆ ਜੋ ਆਮ ਬਲਬ ਨਾਲੋਂ 10 ਕੁ ਪੈਸੇ ਮਹਿੰਗਾ ਸੀ । ਉਹ ਅਸੀਂ ਦੇਖ ਕੇ ਹੈਰਾਨ ਹੋ ਗਏ ਕਿ ਉਹ ਬਿਲਕੁਲ ਚਿੱਟਾ ਬਦਲ ਸੀ ਉਹਦੇ ਵਿੱਚ ਜਿਹੜੀ ਰੌਸ਼ਨੀ ਵਾਲੀ ਧਾਰ ਹੀ ਨਹੀਂ ਸੀ ਦਿਖਦੀ । ਖੈਰ ਲਿਆ ਕੇ ਅਸੀਂ ਆਪਣੇ ਇਨਲਾਰਜਰ ਦੇ ਵਿੱਚ ਲਾ ਦਿੱਤਾ ਤੇ ਫੋਟੋਆਂ ਸਹੀ ਬਣਨ ਲੱਗ ਪਈਆਂ ।ਇਹਦਾ ਸਿੱਧਾ ਜਿਹਾ ਕਾਰਨ ਸਾਨੂੰ ਸਮਝ ਲੱਗਿਆ ਕਿ ਦੁੱਧੀਆ ਬਲਬ ਜਿਹੜਾ ਹੈ ਉਹਦੀ ਰੌਸ਼ਨੀ ਇੱਕ ਸਾਰ ਹੁੰਦੀ ਸੀ ਤੇ ਜਿਹੜਾ ਆਮ ਬਲਬ ਹੈ ਉਹਦੀ ਰੌਸ਼ਨੀ ਇੱਕ ਸਾਰ ਨਹੀਂ ਸੀ ਹੁੰਦੀ । ਸਾਡਾ ਖਹਿੜਾ ਤਾਂ ਛੁੱਟਿਆ ਇਸ ਸਮੱਸਿਆ ਤੋਂ, ਪਰ ਸਾਡੀ ਜੇਬ ਹਲਕੀ ਹੋ ਗਈ। ਜਿਸ ਕਰਕੇ ਅਸੀਂ ਦੋ ਹਫਤੇ ਕੰਟੀਨ ਉੱਤੇ ਚਾਹ ਵੀ ਨਹੀਂ ਪੀ ਸਕੇ ।
ਜਨਮੇਜਾ ਸਿੰਘ ਜੌਹਲ