
ਕੁਲਬੀਰ ਬਡੇਸਰੋਂ ਦਾ ਨਵਾਂ ਛਪਿਆ ਕਹਾਣੀ ਸੰਗ੍ਰਹਿ ਜਿਹੜਾ ਕਿ ਉੱਘੇ ਕਹਾਣੀਕਾਰ ਤੇ ਚਿੰਤਕ ਬਲਬੀਰ ਮਾਧੋਪੁਰੀ ਵਲੋਂ ਸੰਪਾਦਤ ਕੀਤਾ ਗਿਆ ਹੈ ਪੜ੍ਹ ਕੇ ਹਟਿਆਂ ਹਾਂ।ਇਸ ਵਿੱਚ ਬਡੇਸਰੋਂ ਦੀਆਂ ਇਕੱਤੀ ਕਹਾਣੀਆਂ ਹਨ ਅਤੇ ਜਿਹੜੀਆਂ ਕਿ ਸਮਾਂ, ਸਥਾਨ ਤੇ ਆਤਮਾ ਪੱਖੋਂ ਵਖਰੇਵਾਂ ਰੱਖਦੀਆਂ ਹਨ।ਇਹਨਾਂ ਵਿਚੋਂ ਕੁੱਝ ਕਹਾਣੀਆਂ ਉਸ ਦੀਆਂ ਪਹਿਲਾਂ ਛਪੀਆਂ ਪੁਸਤਕਾਂ ‘ਇਕ .ਖਤ ਪਾਪਾ ਦੇ ਨਾਂ’,’ਹਉਕੇ ਦੀ ਭਟਕਣ’,’ਕਦੋਂ ਆਏਂਗੀ’ਅਤੇ ‘ਤੁਮ ਕਿਉਂ ਉਦਾਸ ਹੋ?’ਆਦਿ ਕਹਾਣੀ ਸੰਗ੍ਰਿਹਾਂ ਵਿੱਚ ਵੀ ਛਪੀਆਂ ਹਨ ਤੇ ਕੁਝ ਅਸਲੋਂ ਨਵੀਆਂ ਕਹਾਣੀਆਂ ਹਨ।ਬਲਬੀਰ ਮਾਧੋਪੁਰੀ ਨੇ ਕੁਲਬੀਰ ਦੀਆਂ ਤਿਖੀ ਸੰਵੇਦਨਸ਼ੀਲਤਾ ਭਰਪੂਰ ਅਤੇ ਜਿੰਦਗੀ ਦੇ ਨਾਜ਼ੁਕ ਪਲਾਂ ਨੂੰ ਫੜਨ ਦੀ ਸ਼ਮਤਾ ਰੱਖਦੀਆਂ ਕਹਾਣੀਆਂ ਦੀ ਚੋਣ ਕੀਤੀ ਹੈ।ਬਲਬੀਰ ਮਾਧੋਪੁਰੀ ਨੇ ਇਹਨਾਂ ਕਹਾਣੀਆਂ ਬਾਰੇ ਪ੍ਰਸਿਧ ਕਹਾਣੀਕਾਰ ਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਕਥਨ ਲਿਖਿਆ ਹੈ “ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ,ਤਣਾਓ ਦੇ ਘੇਰੇ,ਸਮਾਜ ਦੀਆਂ ਵਲਗਣਾਂ,ਲਗਾਓ ਦਾ ਅਮੁਕ ਬਿਰਤਾਂਤ,ਮਨ ਦੀਆਂ ਉੱਚੀਆਂ ਉਡਾਰੀਆਂ ਉਤੇ ਛਾਏ ਕਾਲੇ ਬੱਦਲ,ਉਸਦੀਆਂ ਕਹਾਣੀਆਂ ਸਭ ਕਾਸੇ ਨੂੰ ਸਮੇਟਦੀਆਂ ਤੁਰੀਆਂ ਜਾਂਦੀਆਂ ਹਨ।“ ਇਹ ਕਥਨ ਬਡੇਸਰੋਂ ਦੀਆਂ ਕਹਾਣੀਆਂ ਤੇ ਪੂਰਾ ਢੁਕਦਾ ਹੈ।ਕੁਲਬੀਰ ਤਹਿਸੀਲਦਾਰ ਦੀ ਪੁਤਰੀ ਤੇ ਆਰਥਕ ਤੌਰ ਤੇ ਖੁਸ਼ਹਾਲ ਪ੍ਰਵਾਰ ਨਾਲ ਸਬੰਧ ਰੱਖਦੀ ਲੜਕੀ ਜਿਸ ਦਾ ਬਚਪਨ ਖੁਸ਼ਹਾਲ ਹੀ ਬੀਤਿਆ ਪਰ ਉਸ ਦੇ ਧੁਰ ਅੰਦਰ ਜਿਹਨ ਵਿੱਚ ਰੁਲੀਆਂ ਹੋਈਆਂ ਜਮਾਤਾਂ ਨਾਲ ਹਮਦਰਦੀ ਭਰੀ ਪਈ ਹੈ। ਮਨੋਵਿਗਿਆਨੀ ਦਸਦੇ ਹਨ ਕਿ ਮਨੁੱਖ ਦੇ ਬਚਪਨ ਵਿੱਚ ਹੀ ਨਾਕਾਰਆਤਮਕ ਅਤੇ ਸਾਕਾਰਆਤਮਕਸ਼ ਹਾਲਾਤ ਉਸ ਦੇ ਜਿਹਨ ‘ਚ ਬਹੁਤ ਸਾਰੀਆਂ ਗੋਲ ਗੰਢਾਂ ਦੇ ਦਿੰਦੇ ਹਨ ਜਿਹੜੀਆਂ ਕਿ ਸਾਰੀ ਜਿੰਦਗੀ ਹੌਲੀ ਹੌਲ਼ੀ ਉਸ ਦੇ ਵਿਅਕਤੀਤਵ ਦੀਆਂ ਪਰਤਾਂ ਬਣਕੇ ਖੁਲ੍ਹਦੀਆਂ ਰਹਿੰਦੀਆਂ ਹਨ।ਬਡੇਸਰੋਂ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਰੁਲੀ ਹੋਈ ਸ਼੍ਰੇਣੀ ਵਿੱਚੋਂ ਆਉਂਦੇ ਹਨ ਭਾਵੇ ਉਹ ਆਥਕ ਤੌਰ ਤੇ ਰੁਲੇ ਹੋਣ ਜਾਂ ਮਾਨਸਿਕ ਤੌਰ ਤੇ ਰੁਲੇ ਹੋਣ।। ਉਂਜ ਬਡੇਸਰੋਂ ਕੋਲ ਮਨੁੱਖੀ ਵਰਤਾਰੇ ਨੂੰ ਫੜਨ ਦੀ ਸੰਵੇਦਨਾ ਤੇ ਡੂੰਗੀ ਨੀਂਝ ਹੈ।ਬਲਬੀਰ ਮਾਧੋਪੁਰੀ ਨੇ ਇਸ ਪੁਸਤਕ ਦੇ ਮੁੱਖਬੰਦ ਵਿੱਚ ਪੰਜਾਬੀ ਗਲਪ ਆਲੋਚਕ ਡਾਕਟਰ ਹਰਿੰਦਰ ਸਿੰਘ ਦਾ ਕੁਲਬੀਰ ਦੀਆਂ ਕਹਾਣੀਆਂ ਬਾਰੇ ਕਥਨ ਵੀ ਕੋਟ ਕੀਤਾ ਹੈ “ਕੁਲਬੀਰ ਬਡੇਸਰੋਂ ਨੂੰ ਕਹਾਣੀ ਬੁਣਨੀ ਆਉਂਦੀ ਹੈ।ਉਸਦੀਆਂ ਕਹਾਣੀਆ ਪੜ੍ਹਦਿਆਂ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਨਾਲ ਦੀ ਨਾਲ ਦੇਖ ਰਹੇ ਹੋਈਏ।ਉਸ ਨੂੰ ਘਟਨਾਵਾਂ ਤੇ ਦ੍ਰਿਸ਼ ਚਿਤਰਣ ਵਿੱਚ ਮੁਹਾਰਤ ਹੈ।“ ਉਸ ਦਾਂ ਕਹਾਣੀਆਂ ਕਿਸੇ ਵਾਦ ਨਾਲ ਬੱਝੀਆਂ ਹੋਈਆਂ ਨਹੀ ਹਨ ਸਗੋ ਸੁਤੰਤਰ ਹੋਂਦ ਰੱਖਦੀਆਂ ਹੋਈਆਂ ਆਪਣੀ ਹੋਂਦ ਨੂੰ ਬਚਾਉਂਦੇ ਮਨੁੱਖ ਦੇ ਮਨ ਨੂੰ ਤੀਖਣਤਾ ਨਾਲ ਫਰੋਲਦੀਆਂ ਹਨ। ਪਹਿਲੀਆ ਕਹਾਣੀਆਂ ਜਿਵੇ ਕਿ ‘ਮੈਂ ਕੀ ਕਰਾਂ?’,’ਮੇਰਾ ਘਰ’,’ਬਾਹਰਲੀ ਬੈਠਕ’,’ਔਂਤਰੀ’,’ਬਣਵਾਸ’,’ਭਟਕਣ’ਆਦਿ ਜਜਬਾਤੀ ਰੌਅ. ਵਿੱਚ ਲਿਖੀਆਂ ਕਹਾਣੀਆਂ ਹਨ। “ਤੁਮ ਕਿਉਂ ਉਦਾਸ ਹੋ”,”ਸਕੂਲ ਟਰਿਪ”, “ਭੈਣ ਜੀ’, “ਮਿਸ਼ਜ਼ ਮੈਨਾ”,”ਕਦੋਂ ਆਏਂਗੀ”,”ਮਜਬੂਰੀ”,” ਅਕਰੋਸ਼” ਤੇ ‘ਬਕ ਬਕ ਇਸ ਸੰਗ੍ਰਿਹ ਦੀਆਂ ਪ੍ਰਤੀਨਿਧ ਕਹਾਣੀਆਂ ਹਨ। ਕੁਲਬੀਰ ਸਾਰੀ ਜ਼ਿੰਦਗੀ ਛੋਟੇ ਵੱਡੇ ਫਿਲਮੀ ਪਰਦੇ ਤੇ ਵਿਚਰਦੀ ਰਹੀ ਹੈ।ਗਲੈਮਰ ਦੇ ਪਰਦੇ ਪਿਛੇ ਛੁਪੀਆਂ ਦੁਸ਼ਵਾਰੀਆਂ ਅਤੇ ਨਿਘਾਰ ਦਾ ਡੂੰਘਾ ਅਨੁਭਵ ਹੈ। ਇਸ ਲਈ ਇੰਨਾਂ ਕਹਾਣੀਆਂ ਵਿੱਚ ਬਾਹਰੋਂ ਲਸ਼ਕਦੀ ਫਿਲਮੀ ਦੁਨੀਆਂ ਵਿੱਚ ਕੀ ਕੱਝ ਢਕਿਆ ਰਿੱਝਦਾ ਹੈ- ਵਿਅਕਤ ਹੋਇਆ ਹੈ। ਪੰਜਾਬੀ ਵਿੱਚ ਸ਼ਾਇਦ ਬਲਰਾਜ ਸਾਹਨੀ ਤੋਂ ਬਾਅਦ ਪਹਿਲੀ ਵਾਰ ਬਡੇਸਰੋਂ ਦੀ ਕਲਮ ਨੇ ਫਿਲਮੀ ਦੁਨੀਆਂ ਦੇ ਢਕੇ ਹੋਏ ਕੋਹਜ਼ ਤੋਂ ਡੱਕਣ ਚੁਕਿਆ ਹੈ।ਉਹ ਤੱਥ ਅਧਾਰਤ ਗੱਲ ਕਰਦੀ ਹੋਈ ਪਿਆਂਜ਼ ਦੇ ਛਿਲਕੇ ਬਰੀਕੀ ਨਾਲ ਲਾਹੁੰਦੀ ਹੈ।ਉਸ ਨੇ ‘ਤੁਮ ਕਿਉਂ ਉਦਾਸ’ ਕਹਾਣੀ ਵਿੱਚ ਪੰਜਾਹ ਬਾਲ-ਮਜ਼ਦੂਰਾਂ ਦੀ ਕਰੁਣਾਮਈ ਜਿੰਦਗੀ ਨੂੰ ਪਰਤ ਦਰ ਪਰਤ ਖੋਲ੍ਹ ਕੇ ਪਾਠਕ ਸਾਹਮਣੇ ਰੱਖ ਦਿਤਾ।ਇਹ ਮਜ਼ਦੂਰ ਵੀ ਉਘੇ ਕਵੀ ਸੰਤ ਰਾਮ ਉਦਾਸੀ ਦੇ ਕੰਮੀਆਂ ਦੇ ਵੇਹੜੇ ਵਾਲੀ ਕਵਿਤਾਂ ਵਾਂਗ ਇਕ ਸ਼ਹਿਰੀ ਕੰਮੀਆਂ ਦੇ ਵੇਹੜੇ ਦੇ ਵਾਂਗ ਨਹੀ ਜਾਣਦੇ ਕਿ ਉਹ ਮਜ਼ਬੂਰੀ ਵਿੱਚ ਤੰਗੀਆਂ ਕਟ ਰਹੇ ਹਨ।ਉਸ ਮਹੌਲ ਦਾ ਪੁਰਜਾ ਬਣੇ ਹੋਏ ਸਰੀਰਕ ਅਤੇ ਮਾਨਸਿਕ ਤੌਰ ਤੇ ਭੁਰਦੇ ਰਹਿੰਦੇ ਹਨ।ਮਜ਼ਦੂਰ ਬੱਚੇ ਆਪਣੇ ਮਾਪਿਆ ਤੋਂ ਦੂਰ ਰਹਿ ਕੇ ਭੁੱਖੇ ਢਿੱਡ ਕੰਮ ਕਰਦੇ ਹਨ,ਮੈਨੇਜ਼ਰ ਦੀਆ ਗਾਲਾਂ ਖਾਦੇ ਹਨ,ਫੈਕਟਰੀ ਦੀ ਗੰਦਗੀ ਤੇ ਬਦਬੂਦਾਰ ਮਹੌਲ ਵਿੱਚ ਵਿਚਰਦੇ ਹੋਏ ਵੀ ਕੋਈ ਤੰਗੀ ਮਹਿਸੂਸ ਨਹੀ ਕਰਦੇ ਸਗੋ ਆਦਿ ਹੋ ਗਏ ਹਨ।ਫਿਲਮ ਯੂਨਿਟ ਜਿਹੜਾ ਕਿ ਉਹਨਾਂ ਦੀ ਇਸ ਤਰਾਸ਼ਦੀ ਦੀ ਫਿਲਮ ਬਣਾਉਣ ਫੈਕਟਰੀ ਵਿੱਚ ਆਇਆਂ, ਉਸ ਨਾਲ ਆਈ ਕਲਾਕਾਰ ਲੜਕੀ ਮਜ਼ਦੂਰ ਮੁੰਡੇ ਦੇ ਮੋਢੇ ਤੇ ਹੱਥ ਰੱਖਦੀ ਹੈ ਤਾਂ ਉਦਾਸ ਚੇਹਰਾ,ਅੰਦਰਲਾ ਬਾਲਪਨ,ਘਰ ਦਾ ਵਿਛੋੜਾ,ਪਿਆਰ ਦੀ ਭੁੱਖ, ਉਸ ਦੇ ਅੰਦਰ ਬਣੀਆਂ ਉਸ ਦੀਆਂ ਖਹਿਸ਼ਾਂ ਦੀਆਂ ਕਬਰਾਂ ਸਭ ਜਾਗ ਪੈਦੀਆਂ ਹਨ।ਕੁਲਬੀਰ ਦੀ ਕਲਪਨਾ ਬਾਲ ਮਨ ਨੂੰ ਕਿੰਨਾਂ ਕੁ ਫੜ ਸਕੀ ਹੈ ਇਹ ਤਾਂ ਕਹਾਣੀ ਨੂੰ ਪੜ੍ਹ ਕੇ ਹੀ ਮਹਿਸੂਸ਼ ਕੀਤਾ ਜਾ ਸਕਦਾ ਹੈ।
ਸੰਵੇਦਨਸ਼ੀਲ ਲੇਖਕ ਲਈ ਚੋਭਾਂ ਤੇ ਚੋਟਾਂ ਹੀ ਸਾਹਿਤ ਸਿਰਜਣ ਦਾ ਕਾਰਨ ਬਣਦੀਆਂ ਹਨ।ਉਂਜ ਤਾਂ ਲੇਖਕ ਦੀ ਹਰ ਰਚਨਾਂ ਵਿੱਚ ਉਸ ਦੀ ਆਪਣੀ ਜਿੰਦਗੀ ਕਤਰਾਂ ਕਤਰਾਂ ਹੋ ਕੇ ਵਿਅਕਤ ਹੁੰਦੀ ਰਹਿੰਦੀ ਹੈ ।ਕੁਲਬੀਰ ਦੀ ਕਲਮ ਵਿੱਚ ਇਹ ਗੁਣ ਹੈ ਕਿ ਉਹ ਜਗ ਬੀਤੀ ਨੂੰ ਆਪ ਬੀਤੀ ਅਤੇ ਆਪ ਬੀਤੀ ਨੂੰ ਜਗ ਬੀਤੀ ਬਣਾ ਕੇ ਪੇਸ਼ ਕਰ ਸਕਦੀ ਹੈ।ਪਾਠਕ ਇਹ ਨਿਰਣਾ ਕਰਦਾ ਕਰਦਾ ਹੀ ਸਾਰੀ ਕਹਾਣੀ ਵਿੱਚੋਂ ਗੁਜ਼ਰ ਜਾਂਦਾ ਹੈ ਕਿ ਇਹ ਆਤਮ ਕਥਾ ਹੈ ਜਾਂ ਕਹਾਣੀ। ਇਸੇ ਸੰਦਰਵ ਵਿੱਚ ਉਸ ਦੀਆਂ ਮਾਂ ਨੀ,ਭੈਣ ਜੀ,ਤੂੰ ਵੀ ਖਾ ਲੈ ਅਤੇ ਦੋ ਔਰਤਾਂ ਕਹਾਣੀਆਂ ਵੇਖੀਆ ਜਾ ਸਕਦੀਆਂ ਹਨ। ਬਡੇਸਰੋਂ ਦੀਆਂ ਕਹਾਣੀਆਂ ਵਿੱਚ ਉਹ ਪਾਠਕ ਨੂੰ ਜਿੰਦਗੀ ਦੇ ਬਹੁਤ ਸਾਰੇ ਪੱਖਾਂ ਤੇ ਝਾਤ ਪੁਆਂ ਕੇ ਛੋਟੇ ਜਿਹੇ ਵਾਕ ਰਾਹੀ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕਰਦੀ ਹੈ।ਉਸ ਦੀ ਕਹਾਣੀ ‘ਸਕੂਲ ਟਰਿਪ’ ਵਿੱਚ ਇਕ ਵਾਕ ਹੀ ਸਾਰੀ ਕਹਾਣੀ ਦੀ ਰੂਹ ਬਣ ਜਾਂਦਾ ਹੇ। ਇਸ ਵਿੱਚ ਉਹ ਲਿਖਦੀ ਹੈ “ਮਾਂ ਬੇਟੀ ਦੇ ਦਿਲ ਦੀ ਗੱਲ ਜਾਣਦੀ ਸੀ ਪਰ ਬੇਟੀ ਵੀ ਕਿਹੜਾ ਘੱਟ ਸੀ,ਉਹ ਵੀ ਮਾਂ ਦੇ ਦਿਲ ਦੀ ਗੱਲ ਜਾਣਦੀ ਸੀ। ਮਾਂ ਦੀਆਂ ਥੁੜ੍ਹਾਂ,ਮਾਂ ਦੀਆਂ ਮਜਬੂਰੀਆਂ….ਮਾਂ ਦੀਆਂ ਜਿਮੇਵਾਰੀਆਂ….।‘ ਬਸ ਇਸੇ ਵਿੱਚ ਸਾਰੀ ਕਹਾਣੀ ਸਮਾਈ ਹੋਈ ਹੈ।ਮਾਂ ਧੀ ਦੋਵਾਂ ਦੀ ਇਨਸਿਕਿਓਰਿਟੀ ਦੀ ਭਾਵਨਾ ਪ੍ਰਗਟ ਹੋ ਜਾਂਦੀ ਹੈ ਪਰ ਇਸੇ ਭਾਵਨਾ ਦੁਆਲੇ ਕੁਲਬੀਰ ਨੇ ਕਮਾਲ ਦੀ ਕਹਾਣੀ ਗੁੰਦੀ ਹੈ।ਮਾਂ ਅੰਜਲੀ ਇਹੀ ਭਾਵਨਾ ਕਿਸੇ ਡਾਕਟਰ ਮਿਤਰ ਤੋਂ ਆਪਣੇ ਲਈ ਅਤੇ ਆਪਣੀ ਬੇਟੀ ਲਈ ਸੁਰਖਿਅਤਾ ਭਾਲਦੀ ਹੈ।
ਇਹ ਜਰੂਰੀ ਨਹੀ ਕਿ ਨੀਂਦ ‘ਚ ਆਇਆ ਸਾਡਾ ਹਰ ਸੁਪਨਾ ਸੱਚ ਹੋਵੇ ਪਰ ਕਦੀ ਕਦੀ ਸਾਡਾ ਅਚੇਤਨ ਮਨ ਸਾਨੂੰ ਸੁਪਨੇ ਵਿੱਚ ਕਿਸੇ ਘਟਨਾ-ਦੁਰਘਟਨਾ ਦਾ ਸੰਕੇਤ ਦਿੰਦਾ ਹੈ ਇਸ ਗੱਲ ਨੂੰ ਕੁਝ ਹੱਦ ਤਕ ਕੁੱਝ ਮਨੋਵਿਗਿਆਨੀ ਵੀ ਮੰਨਦੇ ਹਨ — ਇਸੇ ਤੱਥ ਤੇ ਬੁਣੀ ਹੈ ਬਡੇਸਰੋਂ ਨੇ ਖੂਬਸੂਰਤ ਕਹਾਣੀ ;’ਫੇਰ’।ਇਸ ਕਹਾਣੀ ਦੀ ਮੁੱਖ ਪਾਤਰ ਐਕਸੀਡੈਂਟ ਤੋਂ ਬਾਅਦ ਆਪਣੇ ਅੰਦਰਲੇ ਦੁੱਖ ਦੇ ਕਥਾਰਸਿਸ ਲਈ ਆਪਣੀ ਕਹਾਣੀ ਕਿਸੇ ਨੂੰ ਸੁਣਾਉਣੀ ਚਾਹੁੰਦੀ ਹੈ ਪਰ ਹਰ ਹਾਲ ਪੁਛਣ ਵਾਲਾ ਆਪਣੀ ਕਹਾਣੀ ਸੁਣਾ ਕੇ ਤੁਰ ਜਾਂਦਾ ਹੈ।ਕਹਾਣੀ ‘ਮਾਂ ਨੀ’ ਦਾ ਪਹਿਲਾ ਫਿਕਰਾ ਹੀ ਸਾਰੀ ਕਹਾਣੀ ਕਹਿ ਜਾਂਦਾ,”ਮਾਂ ਨੀ ਤੈਨੂੰ ਏਨੀ ਉਦਾਸ ਵੇਖ ਕੇ ਮੈਂ ਵੀ ਉਦਾਸ ਹੋ ਜਾਂਦੀ ਹਾਂ।“ਤੰਗੀ ਤੁਰਸ਼ੀ ਵਿੱਚ ਪਲੇ ਬੱਚੇ ਕਦੇ ਵੀ ਬੱਚੇ ਨਹੀ ਹੁੰਦੇ ਸਗੋ ਜੰਮਦੇ ਹੀ ਸਿਆਣੇ ਹੋ ਜਾਂਦੇ ਹਨ।ਉਹ ਮਾਪਿਆਂ ਦੀ ਹਰ ਮਜ਼ਬੂਰੀ ਨੂੰ ਬਾਖੂਬੀ ਸਮਝਦੇ ਹਨ।ਬਰੋਕਨ ਫੈਮਲੀ ਵਿੱਚ ਪਿਓ ਬਾਹਰੇ ਬੱਚੇ ਕਿੰਨੇ ਸੰਵੇਦਨਾ ਨਾਲ ਮਾਂ ਦੀਆਂ ਮਜ਼ਬੂਰੀਆਂ ਸਮਝਦੇ ਹਨ ਅਤੇ ਪਤੀ ਬਾਹਰੀ ਮਾਂ ਦੇ ਜਿਹਨ ਅੰਦਰ ਮਰ ਰਹੇ ਜਿੰਦਗੀ ਪ੍ਰਤੀ ਪਿਆਂਰ,ਆਤਮ ਵਿਸ਼ਵਾਸ਼ ਅਤੇ ਆਤਮ ਸਤਿਕਾਰ ਨੂੰ ਸਿਦਤ ਨਾਲ ਮਹਿਸੂਸ ਕਰਦੇ ਹਨ। ਭਾਵੇ ਕਹਾਣੀ ਵਿੱਚ ਭਾਵੁਕਤਾ ਬਹੁਤ ਹੈ ਪਰ ਪਾਠਕ ਨੂੰ ਅੰਦਰ ਤਕ ਹਲੂਣ ਦਿੰਦੀ ਹੈ।ਕਿਸੇ ਬੱਚੇ ਨੂੰ ਸਮੇਂ ਸਿਰ ਉਸ ਦੇ ਕੀਤੇ ਕੰਮਾਂ ਦੇ,ਪ੍ਰਾਪਤ ਕੀਤੇ ਇਨਾਮਾ ਅਤੇ ਗੁਣਾਂ ਦੀ ਵੱਡਿਆਂ ਵਲੋਂ ਪ੍ਰਸੰਸਾਂ ਨਾ ਮਿਲਣੀ ਉਸ ਦੀ ਪਰਸਨੇਲਟੀ ਲਈ ਕਿੰਨੀ ਘਾਤਕ ਹੋ ਸਕਦੀ ਹੈ—ਇਹ ਗੱਲ ‘ਭੈਣ ਜੀ’ ਕਹਾਣੀ ਪ੍ੜ੍ਹ ਕੇ ਬਾਲ-ਮਨੋਵਿਗਿਆਨ ਦੀਆਂ ਪਰਤਾਂ ਖੁਲ੍ਹਦੀਆਂ ਹਨ। ਕਹਾਣੀ ‘ਮਜ਼ਬੂਰੀ’ਨੂੰ ਰੋਚਕ ਬਣਾਉਣ ਅਤੇ ਸਿਰੇ ਚੜ੍ਹਾਉਣ ਵਾਲੀ ਇਸ ਸੀਰੀਅਲ ਦੀ ਡਾਇਰੈਟਰ ਤੇ ਪ੍ਰੋਡਿਊਸਰ ਨਿਹਲਾਨੀ ਇਕ ਸਾਈਕਿਕ ਕਰੈਕਟਰ ਹੈ। ਉਹ ਉਸਦੇ ਯੁਨਿਟ ਵਿੱਚ ਕੰਮ ਕਰਦੇ ਹਰ ਕਾਮੇ ਤੋਂ ਆਪਣਾਂ ਕੰਮ ਕੱਢਵਾਉਣ ਲਈ ਹਰ ਹੱਥ ਕੰਡਾ ਵਰਤਦੀ ਹੈ।ਕਲਾਕਾਰਾਂ ਨੂੰ ਕਿਵੇ ਪਾੜ ਕੇ ਰੱਖਣਾ ਹੈ ਉਹ ਬਾਖੂਬੀ ਜਾਣਦੀ ਹੈ।ਉਸ ਨੇ ਬਚਪਨ ਤੋਂ ਹੀ ਇਸੇ ਗਲੈਮਰ-ਦੁਨੀਆਂ ਦੀਆਂ ਠੋਕਰਾਂ ਖਾਧੀਆਂ ਹਨ,ਹਰ ਤਰ੍ਹਾਂ ਦੇ ਸਮਝੌਤੇ ਕੀਤੇ ਹਨ,ਹਮੇਸ਼ਾਂ ਮਾਨਸਿਕ ਤੌਰ ਤੇ ਅਸੁਰੱਖਿਅਤ( insecure) ਰਹੀ ਹੈ,ਗੰਦੀ ਮੰਦੀ ਭਾਸ਼ਾਂ ਸੁਣੀ ਹੈ ਜੋ ਕਿ ਉਸ ਦੇ ਸੁਭਾਆ ਦਾ ਅੰਗ ਬਣ ਗਈ ਹੈ।ਇਸੇ ਲਈ ਹੁਣ ਉਹ ਆਪਣੇ ਹੇਠ ਕੰਮ ਕਰਨ ਵਾਲਿਆਂ ਨੂੰ ਕੋਠਿਆ ਵਾਲੀ ਭਾਸ਼ਾ ਵਿੱਚ ਗੰਦੀਆਂ ਗਾਲਾਂ ਕੱਢਦੀ ਹੈ ਜਿਹੜੀਆਂ ਕਿ ਪਾਠਕ ਨੂੰ ਵਲਗਰ ਲੱਗਦੀਆਂ ਹਨ।ਉਸ ਨੂੰ ਵਿਆਹ ਤੋਂ ਬਾਅਦ ਬੱਚਾ ਨਾ ਹੋਣ ਦਾ ਸੱਲ ਵੀ ਉਸਨੂੰ ਨਿਰੌਟਿਕ ਹੋਣ ਵਿੱਚ ਆਪਣਾ ਰੋਲ ਅਦਾ ਕਰਦਾ ਹੈ।ਇਸ ਪਾਤਰ ਨੂੰ ਸਹੀ ਚਿੱਤਰਣ ਲਈ ਕਹਾਣੀਕਾਰਾ ਮਜ਼ਬੂਰ ਹੈ ਇਸ ਦੀ ਗੰਦੀ ਭਾਸ਼ਾ ਨੂੰ ਕਹਾਣੀ ਦਾ ਹਿੱਸਾ ਬਣਾਉਣ ਲਈ। ਉਂਜ ਨੀਤੀ ਦੇ ਮਧਿਅਮ ਨਾਲ ਉਹ ਦੱਸ ਜਾਂਦੀ ਹੈ ਕਿ ਇਸ ਮਹੌਲ ਦੀ ਨੰਗੀ ਭਾਸ਼ਾ ਨੂੰ ਉਹ ਸਵੀਕਾਰ ਨਹੀ ਕਰਦੀ ਸਗੋ ਉਸ ਨੂੰ ਤਾਂ ਕਿਤਾਬਾਂ ਨਾਲ,ਸਾਹਿੱਤ ਨਾਲ ਪਿਆਰ ਹੈ।
ਗਲੈਮਰ ਦੀ ਦੁਨੀਆ ਜਿਹੜੀ ਕਿ ਆਮ ਲੋਕਾਂ ਲਈ ਸਵਰਗਾਂ ਦਾ ਝੂਟਾ ਜਾਪਦੀ ਹੈ ਪਰ ਅੰਦਰੋਂ ਖਾਰੀ ਹੈ,ਕਿੰਨੀ ਖੁਰਦਰੀ ਹੈ,ਕਿੰਨੀ ਖੁਦਗਰਜ਼ ਹੈ ਪਰ ਇਸ ਦੇ ਵਾਸੀ ,ਕੰਮ ਕਰਨ ਵਾਲੇ,ਮਨ ਤੇ ਪੱਥਰ ਰੱਖ ਕੇ ਮਜ਼ਬੂਰੀ ਬਸ ਇਸ ਸਰਕਲ ਵਿੱਚ ਘੁੰਮਦੇ ਰਹਿੰਦੇ ਹਨ, ਸਭ ਕੁੱਝ ਸਹਿੰਦੇ ਰਹਿੰਦੇ ਹਨ। ਕਹਾਣੀ ਦੇ ਅੰਤ ਵਿੱਚ ਮੁੱਖ ਪਾਤਰ ਨੀਤੀ ਦੇ ਮਜ਼ਬੂਰ ਹੰਝੂ ਪਾਠਕ ਦੇ ਕੋਏ ਵੀ ਗਿੱਲੇ ਕਰ ਜਾਂਦੇ ਹਨ। ।ਕਹਾਣੀਕਾਰਾ ਇਸ ਸਭ ਕੁੱਝ ਨੂੰ ਸਹਿਜ ਹੀ ਇਸ ਕਹਾਣੀ ਵਿੱਚ ਸਮੇਟ ਗਈ ਹੈ।ਇਸੇ ਤਰ੍ਹਾਂ ‘ਨੂੰਹ ਸੱਸ ‘ ਕਹਾਣੀ ਵੀ ਇਸ ਮਨੋਵਿਆਨਕ ਤੱਥ ਤੇ ਅਧਾਰਤ ਹੈ ਕਿ ਪਿਆਰ ਵਿਹੁੰਣੀ ਔਰਤ ਕਿਸੇ ਵੀ ਖੂਹ ਖਾਤੇ ਡਿਗਣ ਲਈ ਤਿਆਰ ਹੋ ਜਾਂਦੀ ਹੈ।‘ਅਕਰੋਸ਼’ ਕਹਾਣੀ ਪਾਠਕ ਦਾ ਧਿਆਨ ਖਾਸ ਤੌਰ ਤੇ ਆਪਣੇ ਵਲ ਖਿਚਦੀ ਹੈ।ਜਦੋਂ ਕਿਸੇ ਔਰਤ ਦਾ ਪਤੀ ਦੂਸਰੀ ਔਰਤ ਖੋਹ ਲੈਦੀ ਹੈ ਤਾਂ ਬਦਲੇ ਦੀ ਭਾਵਨਾ ਦੀ ਅੱਗ ਧੁਖਦੀ ਰਹਿੰਦੀ ਹੈ ਤੇ ਮੌਕਾ ਮਿਲਣ ਤੇ ਭਾਂਬੜ ਮਚ ਉਠਦੇ ਹਨ।ਬਹੁਤ ਹੀ ਵਧੀਆਂ ਕਹਾਣੀ ਨਿਭੀ ਹੈ।‘ਤੂੰ ਵੀ ਖਾ ਲੈ’ ਕਹਾਣੀ ਵੀ ਰਿਸ਼ਤਿਆ ਵਿੱਚ ਪਈਆਂ ਮਹੀਨ ਦਰਾੜਾਂ ਲੁਕਾਉਦੀ ਹੋਈ ਜਿੰਦਗੀ ਦੀਆਂ ਬਹੁਤ ਸਾਰੀਆਂ ਸਚਾਈਆਂ ਪੇਸ਼ ਕਰ ਜਾਂਦੀ ਹੈ।ਕੁਲਬੀਰ ਭਾਵੇਂ ਤਿੰਨ ਚਾਰ ਦਹਾਕਿਆਂ ਤੋਂ ਮਹਾਂਨਗਰ ਵਿੱਚ ਵਿਚਰ ਰਹੀ ਹੈ ਪਰ ਅਜੇ ਵੀ ਪੰਜਾਬ-ਠੇਠ ਪੰਜਾਬੀ ਉਸ ਦੀਆਂ ਰੱਗਾਂ ਵਿੱਚ ਵੱਸਦੀ ਹੈ ਜਿਵੇ ਉਹ ਛੱਲੀਆਂ ਭੁੰਨ ਕੇ ਖਾਣਾ,ਬਾਲਟੀ ‘ਚ ਭਿਉਂ ਕੇ ਅੰਬ ਚੂਪਣੇ,ਹੋਲਾਂ ਭੁੰਨ ਕੇ ਖਾਣੀਆਂ,ਸੇਵੀਆਂ ਵੱਟਣਾਂ,ਅਲਸੀ ਦੀਆਂ ਪਿੰਨੀਆਂ,ਲਵੇਰੀਆਂ ਦੇ ਕੱਟੇ-ਕੱਟੀਆਂ,ਇੱਟਾਂ ਦਾ ਟੀਪ ਵਾਲਾ ਫਰਸ਼,ਵੱਡੇ ਪਾਵਿਆਂ ਵਾਲੇ ਪਲੰਘ,ਪਿਤਲ ਦੇ ਕੌਲੀਆਂ ਗਲਾਸ,ਮੱਝਾਂ ਨੂੰ ਕੱਖ ਪਾਉਣੇ ਅਤੇ ਜਰਦੇ ਵਾਲੇ ਚੌਲਾਂ ਨੂੰ ਭੁਲੀ ਨਹੀ।ਉਹ ਅੰਦਰੋਂ ਅਜੇ ਵੀ ਪੰਜਾਬੀ ਸਭਿਆਚਾਰ ਨਾਲ ਜੁੜੀ ਹੋਈ ਹੈ।‘ਦੋ ਔਰਤਾਂ’ਕਹਾਣੀ ਘਰੋਂ ਭਜ ਗਏ ਪਤੀ ਦੀ ਪਤਨੀ ਦੀਆਂ ਦੁਸ਼ਵਾਰੀਆਂ ਦਾ ਵਿਰਤਾਂਤ ਹੈ,ਕਹਾਣੀ ਹਰ ਪੱਖੋਂ ਪੂਰੀ ਨਿਭਦੀ ਹੈ ਪਰ ਭਾਸ਼ਾਂ ਪੱਖੋਂ ਪਾਠਕ ਨੂੰ ਅਖਰਦੀ ਹੈ।‘ਕੁਲਬੀਰ ਕੋਲ ਮਨੁੱਖੀ ਮਨ ਅੰਦਰਲੇ ਸੰਤਾਪ ਨੂੰ ਫੜਨ ਦੀ ਸ਼ਕਤੀ ਹੈ ਅਤੇ ਉਹ ਮਾਨਸਿਕ ਸੰਤਾਪ ਨੂੰ ਕਹਾਣੀਆਂ ਵਿੱਚ ਗੁੰਦਣ ਦੀ ਮੁਹਾਰਤ ਰੱਖਦੀ ਹੈ।ਸਾਹਿਤ ਵਿੱਚ ਜਰੂਰੀ ਨਹੀ ਵਾਪਰੀ ਹਰ ਗੱਲ ਹੂਬੂ ਲਿਆਂਦੀ ਜਾਵੇ।ਬਾਕੀ ਇਸ ਦਾ ਫੈਸਲਾ ਮੈਂ ਹੋਰ ਸੂਝਵਾਨ ਵਿਦਵਾਨਾਂ ਅਤੇ ਪਾਠਕਾਂ ਤੇ ਛੱਡਦਾ ਹਾਂ।ਕਹਾਣੀਆਂ ਨੂੰ ਪੜ੍ਹ ਕੇ ਆਪਣਾ ਪ੍ਰਤੀਕਰਮ ਦੇਣਗੇ।ਇਸ ਗੱਲ ਨੂੰ ਛੱਡ ਕੇ ਕਹਾਣੀਆਂ ਪੜ੍ਹਨ ਯੋਗ ਹਨ।ਕੁਲਬੀਰ ਬਡੇਸਰੋਂ ਦੀਆਂ ਸਾਰੀਆਂ ਪ੍ਰਤੀਨਿਧ ਕਹਾਣੀਆਂ ਨੂੰ ਇਕੋ ਪੁਸਤਕ ਵਿੱਚ ਇਕੱਠੀਆਂ ਪੇਸ਼ ਕਰਨ ਲਈ ਬਲਬੀਰ ਮਾਧੋਪੁਰੀ ਵਧਾਈ ਅਤੇ ਧੰਨਵਾਦ ਦੇ ਹੱਕਦਾਰ ਹਨ।ਕੁਲਬੀਰ ਬਡੇਸਰੋਂ ਨੂੰ ਉਸ ਦੀ ਨਵੀ ਕਿਤਾਬ ਦੀ ਆਮਦ ਤੇ ਵਧਾਈ!!!
ਰਵਿੰਦਰ ਚੋਟ /ਫੋਨ-9872673703
246,ਅਰਬਨ ਐਸਟੇਟ ਫਗਵਾੜਾ