
ਚੰਡੀਗੜ੍ਹ, 19 ਫਰਵਰੀ – ਅੱਜ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾ ਰਹੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਅਮਲੇ ਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਗਾਲੀ-ਗਲੋਚ ਤੇ ਹੱਥੋਪਾਈ ਹੋਈ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਬਿੱਟੂ ਦੇ ਕਾਫਲੇ ਨੂੰ ਇਜਾਜ਼ਤ ਨਾ ਹੋਣ ਦਾ ਹਵਾਲਾ ਦੇ ਕੇ ਰੋਕ ਦਿੱਤਾ। ਇਸ ਦੌਰਾਨ ਸੁਰੱਖਿਆ ਅਧਿਕਾਰੀ ਤੇ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਵਿਚਾਲੇ ਖੜਕ ਗਈ। ਅਧਿਕਾਰੀਆਂ ਨੇ ਪਾਇਲਟ ਵਾਹਨ ਦੇ ਡਰਾਈਵਰ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ। ਬਿੱਟੂ ਦੇ ਕਾਰ ਤੋਂ ਹੇਠਾਂ ਉਤਰਨ ਤੋਂ ਬਾਅਦ ਵੀ ਪੁਲਿਸ ਅਧਿਕਾਰੀ ਸੁਰੱਖਿਆ ਮੁਲਾਜ਼ਮ ਨਾਲ ਬਹਿਸ ਕਰਦੇ ਰਹੇ। ਬਿੱਟੂ ਨੇ ਕਿਹਾ ਕਿ ਮੈਂ ਇੱਥੇ ਇਕੱਲਾ ਹੀ ਆਇਆ ਹਾਂ। ਉਨ੍ਹਾਂ ਨੇ ਗਾਲਾਂ ਕੱਢੀਆਂ। ਜੇ ਮੈਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੇ ਹੋ ਤਾਂ ਲੈ ਲਵੋ। ਮੈਂ ਗ੍ਰਹਿ ਵਿਭਾਗ ਨੂੰ ਸ਼ਿਕਾਇਤ ਕਰਾਂਗਾ।
ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਅਫ਼ਸਰ ਕਹਿ ਰਿਹਾ ਹੈ ਕਿ ਤੁਸੀਂ ਰਸਤਾ ਰੋਕਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਤੇ ਡਰਾਈਵਰ ਵਿਚਕਾਰ ਝੜਪ ਹੋ ਗਈ। ਪਾਇਲਟ ਗੱਡੀ ਦਾ ਡਰਾਈਵਰ ਪੁਲਿਸ ਅਧਿਕਾਰੀਆਂ ਨੂੰ ਦੱਸਦਾ ਹੈ ਕਿ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ (ਬਿੱਟੂ) ਸੁਰੱਖਿਆ ਪ੍ਰਦਾਨ ਕੀਤੀ ਹੈ। ਅਸੀਂ ਉਨ੍ਹਾਂ ਨੂੰ ਇਕੱਲਾ ਕਿਵੇਂ ਛੱਡ ਸਕਦੇ ਹਾਂ? ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ, ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਸਾਨੂੰ ਗ੍ਰਹਿ ਮੰਤਰਾਲੇ ਨੇ ਭੇਜਿਆ ਹੈ। ਸੁਰੱਖਿਆ ਮੁਲਾਜ਼ਮ ਨੇ ਕਿਹਾ ਕਿ ਅਸੀਂ ਆਪਣਾ ਫਰਜ਼ ਨਿਭਾਅ ਰਹੇ ਹਾਂ। ਸਾਡੀ ਆਲ ਇੰਡੀਆ ਡਿਉਟੀ ਹੈ। ਇਸ ‘ਤੇ ਅਧਿਕਾਰੀ ਕਹਿੰਦਾ ਹੈ ਕਿ ਤੁਸੀਂ ਆਪਣੀ ਡਿਊਟੀ ਕਰੋ ਤੇ ਸਾਨੂੰ ਆਪਣੀ ਡਿਊਟੀ ਕਰਨ ਦਿਓ। ਤੁਸੀਂ ਇਸ ਤਰ੍ਹਾਂ ਰਸਤਾ ਨਹੀਂ ਰੋਕ ਸਕਦੇ।