
20, ਫਰਵਰੀ – ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਗੰਭੀਰਪੁਰ ਵਿਖੇ ਸਥਿਤ ਨਿੱਜੀ ਰਿਹਾਇਸ਼ ਦਾ ਘਿਰਾਓ ਕੀਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਦੇ ਘਿਰਾਓ ਸਬੰਧੀ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਭਿਣਕ ਲੱਗੀ ਤਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਬੈਰੀਕੇਡ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਨੂੰ ਪੁੱਟਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਜਿਸ ਦੌਰਾਨ ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਬੁੱਧਵਾਰ ਨੂੰ ਯੂਨੀਅਨ ਵੱਲੋਂ ਸਟੇਸ਼ਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਨੰਗਲ ਹਾਈਵੇ ਜਾਮ ਕੀਤਾ ਗਿਆ ਸੀ। ਜਿਸ ਦੌਰਾਨ ਐਸਡੀਐਮ ਅਨੰਦਪੁਰ ਸਾਹਿਬ ਨੇ ਮੌਕੇ ‘ਤੇ ਆ ਕੇ ਵੀਰਵਾਰ ਦੁਪਹਿਰ 12 ਵਜੇ ਤੱਕ ਸਟੇਸ਼ਨ ਅਲਾਟ ਹੋਣ ਸਬੰਧੀ ਭਰੋਸਾ ਦੇ ਕੇ ਜਾਮ ਖੁਲ੍ਹਵਾ ਦਿੱਤਾ ਸੀ ਪਰ ਜਿਵੇਂ ਹੀ ਵੀਰਵਾਰ ਨੂੰ 12 ਵਜੇ ਯੂਨੀਅਨ ਆਗੂਆਂ ਨੇ ਐਸਡੀਐਮ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਗਈ। ਜਿਸ ਦੇ ਵਿਰੋਧ ਵਿੱਚ ਯੂਨੀਅਨ ਨੂੰ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ।