ਇਨਕਲਾਬੀ ਪੰਜਾਬੀ ਕਵੀ ਦਰਸ਼ਨ ਖਟਕੜ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ ਸਾਹਿੱਤ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣਾਃ 20 ਫਰਵਰੀ ਸਵਰਗੀ ਡਾ. ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ ਪੱਚੀ ਸਾਲ ਪਹਿਲਾਂ ਸਥਾਪਿਤ ਬੀ ਸੀ ਕਲਚਰਲ ਫਾਉਂਡੇਸ਼ਨ(ਰਜਿਃ) ਸਰੀ (ਕੈਨੇਡਾ) ਵੱਲੋਂ ਸਥਾਪਿਤ ਸਵਰਗੀ ਸ. ਪ੍ਰੀਤਮ ਸਿੰਘ ਬਾਸੀ ਪੁਰਸਕਾਰ ਅੱਜ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਦਿੱਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਲੇਖਕ ਡਾ. ਵਰਿਆਮ ਸਿੰਘ ਸੰਧੂ ਸ਼ਾਮਿਲ ਹੋਏ ਜਦ ਕਿ ਸਮਾਗਮ ਦੀ ਪ੍ਰਧਾਨਗੀ ਡਾ. ਸ ਪ ਸਿੰਘ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਕਵੀ ਮੋਹਨ ਗਿੱਲ( ਕੈਨੇਡਾ) ਸ਼ਾਮਿਲ ਹੋਏ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਇਨਕਲਾਬੀ ਕਵੀ ਦਰਸ਼ਨ ਖਟਕੜ ਦੀ ਸਾਹਿੱਤ ਸੇਵਾ ਤੇ ਜੀਵਨ ਬਾਰੇ ਮੁੱਖ ਭਾਸ਼ਨ ਦੇਂਦਿਆਂ ਕਿਹਾ ਕਿ ਦਰਸ਼ਨ ਖਟਕੜ ਵੱਲੋਂ 1971 ਵਿੱਚ ਵਿਦਿਆਰਥੀ ਲਹਿਰ ਦੇ ਆਗੂ ਵਜੋਂ ਜੇਲ੍ਹ ਜਾਣ ਤੋਂ ਪਹਿਲਾਂ ਅਤੇ ਜੇਲ੍ਹ ਵਾਸ ਦੌਰਾਨ ਲਿਖੀਆਂ ਕਵਿਤਾਵਾਂ ‘ਸੰਗੀ ਸਾਥੀ’ ਕਾਵਿ ਪੁਸਤਕ ਦੇ ਰੂਪ ਵਿੱਚ 1973 ਵਿੱਚ ਛਪੀ ਜਦ ਕਿ 2010 ਵਿੱਚ ‘ਉਲਟੇ ਰੁਖ਼ ਪਰਵਾਜ਼’ ਦੂਜਾ ਕਾਵਿ ਸੰਗ੍ਰਹਿ ਛਪਿਆ ਜੋ ਨਕਸਲੀ ਕਾਵਿ ਪਰੰਪਰਾ ਦੀ ਨਿਰੰਤਰਤਾ ਨੂੰ ਪੇਸ਼ ਕਰਦਾ ਬਾਜ਼ਾਰ ਮੁਖੀ ਰੁਝਾਨ ‘ਤੇ ਤਿੱਖਾ ਵਾਰ ਕਰਦਾ ਹੈ। ਆਪ ਦੀਆਂ ਹੋਰ ਲਿਖਤਾਂ ‘ਵਿਲਾਇਤ ਨੂੰ 94 ਖ਼ਤ ਅਤੇ ਯਾਦਾਂ’ ਹਨ ਜਿਸਨੂੰ ਦਵਿੰਦਰ ਨੌਰਾ ਨੇ ਸੰਪਾਦਿਤ ਕੀਤਾ। ਉਨ੍ਹਾਂ ਬਾਰੇ ਇੱਕ ਵੱਡ ਆਕਾਰੀ ਪੁਸਤਕ ‘ਦਰਸ਼ਨ ਖਟਕੜ: ਸੰਘਰਸ਼ ਤੇ ਸ਼ਾਇਰੀ ਨੂੰ ਸੁਖਵਿੰਦਰ ਕੰਬੋਜ ,ਰਵਿੰਦਰ ਸਹਿਰਾ ਤੇ ਸੁਖਵਿੰਦਰ ਗਿੱਲ ਨੇ ਸੰਪਾਦਿਤ ਕੀਤਾ। ਆਪ ਨੇ ਪਿਛਲੇ ਸਾਲ ਮਾਰਕਸ ਦੀ ਮਹੱਤਵਪੂਰਨ ਪੋਥੀ ‘ਪੂੰਜੀ ਨੂੰ ਪੜ੍ਹਦੇ ਪੜ੍ਹਦੇ’ ਛਪੀ ਹੈ। 

ਸਮਾਗਮ ਦੇ ਮੁੱਖ ਮਹਿਮਾਨ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਦਰਸ਼ਨ ਖਟਕੜ ਦਾ ਜੀਵਨ ਤੇ ਰਚਨਾ ਪਹਿਲੇ ਕਦਮ ਤੋਂ ਅੱਜ ਤੀਕ ਲੋਕ ਮੁਕਤੀ ਮਾਰਗ ਤੇ ਤੁਰ ਰਹੀ ਹੈ। ਉਸ ਨੇ ਮੱਧ ਯੁੱਗ ਦੇ ਸਿੱਖ ਨਾਇਕਾਂ ਦੀ ਕਵਿਤਾ ਵਿੱਚ ਸ਼ਮੂਲੀਅਤ ਕਰਕੇ ਸਮੁੱਚੀ ਨਕਸਲਬਾੜੀ ਅਸਰ ਵਾਲੀ ਸ਼ਾਇਰੀ ਦਾ ਰੁਖ਼ ਮੋੜਿਆ। ਉਹ ਰੂਸ ਤੇ ਤੀਨ ਦੀਆਂ ਇਨਕਲਾਬੀ ਲਹਿਰਾਂ ਦੇ ਨਾਲ ਨਾਲ ਪੰਜਾਬ ਦੀ ਰਹਿਤਲ ਨੂੰ ਵੀ ਸ਼ਾਇਰੀ ਵਿੱਚ ਗੁੰਨ੍ਹਦਾ ਹੈ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸ ਪ ਸਿੰਘ ਨੇ ਕਿਹਾ ਕਿ ਮੰਗਾ ਸਿੰਘ ਬਾਸੀ ਨੇ ਸਪੁੱਤਰ ਹੋਣ ਦਾ ਪ੍ਰਮਾਣ ਦਿੱਤਾ ਹੈ ਜਿਸ ਨੇ ਸਤਿਕਾਰਤ ਪਿਤਾ ਜੀ ਦੀ ਯਾਦ ਵਿੱਚ ਇਹ ਪੁਰਸਕਾਰ ਸਥਾਪਤ ਕੀਤਾ ਹੈ। ਸਮਾਗਮ ਵਿੱਚ ਮੰਗਾ ਸਿੰਘ ਬਾਸੀ ਦੇ ਸਤਿਕਾਰਤ ਭੈਣ ਜੀ ਪ੍ਰਕਾਸ਼ ਕੌਰ, ਜੀਜਾ ਜੀ ਸ. ਛੱਜਾ ਸਿੰਘ , ਭਤੀਜਾ ਸ. ਜਸਪਾਲ ਸਿੰਘ ਬਾਸੀ ਤੇ ਉਸ ਦੀ ਜੀਵਨ ਸਾਥਣ ਤੋਂ ਇਲਾਵਾ ਮਿੱਤਰ ਸ. ਸੰਤੋਖ ਸਿੰਘ ਬਾਸੀ ਨੂਰਮਹਿਲ ਸ਼ਾਮਿਲ ਹੋਏ। ਸਭ ਨੂੰ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।

ਧੰਨਵਾਦ ਦੇ ਸ਼ਬਦ ਬੋਲਦਿਆਂ ਦਰਸ਼ਨ ਖਟਕੜ ਨੇ ਕਿਹਾ ਕਿ ਵਿਗਿਆਨ ਦਾ ਵਿਦਿਆਰਥੀ ਹੌਣ ਦੇ ਬਾਵਜੂਦ ਪੰਜਾਬੀ ਕਵਿਤਾ ਮੇਰੇ ਦਿਲ ਦੀ ਬਾਤ ਰਹੀ ਹੈ। ਉਨ੍ਹਾਂ ਇਸ ਮੌਕੇ ਗਾਜ਼ਾ ਪੱਟੀ ਦੇ ਸੰਘਰਸ਼ ਬਾਰੇ ਗੀਤ ਸੁਣਾਉਂਦਿਆਂ ਪੁਰਸਕਾਰ ਲਈ ਮੰਗਾ ਸਿੰਘ ਬਾਸੀ ਤੇ ਬੀ ਸੀ ਕਲਚਰਲ ਫਾਉਂਡੇਸ਼ਨ ਦਾ ਧੰਨਵਾਦ ਕੀਤਾ।

ਸਮਾਗਮ ਦੇ ਵਿਸ਼ੇਸ਼ ਮਹਿਮਾਨ ਤੇ ਸੱਰੀ(ਕੈਨੇਡਾ) ਵੱਸਦੇ ਕਵੀ ਮੋਹਨ ਗਿੱਲ ਨੇ ਕਿਹਾ ਕਿ ਇਹ ਪੁਰਸਕਾਰ ਬੀੜ ਬੰਸੀਆਂ(ਜਲੰਧਰ) ਦੇ ਜੰਮਪਲ ਤੇ ਵਰਤਮਾਨ ਸਮੇਂ ਕੈਨੇਡਾ ਵਾਸੀ ਸਾਡੇ ਪਿਆਰੇ ਮਿੱਤਰ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸ. ਪ੍ਰੀਤਮ ਸਿੰਘ ਬਾਸੀ ਜੀ ਦੀ ਯਾਦ ਵਿੱਚ ਸਥਾਪਿਤ ਕਰਕੇ ਸਭਨਾਂ ਲਈ ਮਿਸਾਲ ਕਾਇਮ ਕੀਤੀ ਹੈ।

ਇਸ ਪੁਰਸਕਾਰ ਵਿੱਚ ਦਰਸ਼ਨ ਖਟਕੜ ਜੀ ਨੂੰ 51 ਹਜ਼ਾਰ ਰੁਪਏ ਦੀ ਧਨ ਰਾਸ਼ੀ ,ਫੁਲਕਾਰੀ ਤੋਂ ਇਲਾਵਾ ਸ਼ੋਭਾ ਪੱਤਰ ਵੀ ਦਿੱਤਾ ਗਿਆ। ਸ਼ੋਭਾ ਪੱਤਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪੜ੍ਹਿਆ। ਦਰਸ਼ਨ ਖਟਕੜ ਦੀ ਇੱਕ ਗ਼ਜ਼ਲ ਦਾ ਗਾਇਨ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕੀਤਾ। ਵਿਸ਼ਵ ਪੰਜਾਬੀ ਸਭਾ ਟੋਰੰਟੋ ਦੀ ਭਾਰਤੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਸਭਾ ਵੱਲੋਂ ਗੁਰਮੁਖੀ ਅੱਖਰਮਾਲਾ ਵਾਲੇ ਸ਼ਾਲ ਭੇਂਟ ਕੀਤੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ। ਕਾਲਿਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਪੰਜਾਬੀ ਪਿਆਰਿਆਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ ਕਾਲਿਜ ਪ੍ਰਬੰਧਕ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)ਦੇ ਪ੍ਰਧਾਨ ਦਰਸ਼ਨ ਬੁੱਟਰ,ਟੋਰੰਟੋ ਵਾਸੀ ਕਾਰੋਬਾਰੀ ਸ. ਇੰਦਰਜੀਤ ਸਿੰਘ ਬੱਲ,ਕੁਲਵਿੰਦਰ ਸਿੰਘ,ਪ੍ਰੋ. ਜਾਗੀਰ ਸਿੰਘ ਕਾਹਲੋਂ, ਸਤਿੰਦਰਪਾਲ ਸਿੰਘ ਸਿੱਧਵਾਂ, ਡਾ. ਸੋਹਣ ਸਿੰਘ ਪਰਮਾਰ, ਅੰਗਰੇਜ਼ ਸਿੰਘ ਬਰਾੜ (ਸੱਰੀ) ਪ੍ਰੋ. ਰਵਿੰਦਰ ਸਿੰਘ ਭੱਠਲ ,ਡਾ. ਲਖਵਿੰਦਰ ਸਿੰਘ ਜੌਹਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ , ਪ੍ਰਿੰਸੀਪਲ (ਰੀਟ.)ਡਾ. ਪਰਮਜੀਤ ਸਿੰਘ ਗਰੇਵਾਲ ਵੀ ਪਹੁੰਚੇ। ਮੰਚ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੇ ਕੀਤਾ।

⚫️

ਸਾਂਝਾ ਕਰੋ

ਪੜ੍ਹੋ

*ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੇ

*ਮਾਰਚ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ...