ਨਜ਼ਾਕਤ ਭਾਈ! ਮੇਰੀ ਦੁਨੀਆ ਤੁਸੀਂ ਬਚਾ ਲਈ….

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਕਾਰਨ ਸਮੁੱਚਾ ਦੇਸ਼ ਇਸ ਵੇਲੇ ਸੋਗ ਵਿੱਚ ਡੁੱਬਿਆ ਹੋਇਆ ਹੈ। ਮੰਗਲਵਾਰ ਨੂੰ ਹੋਏ ਇਸ ਹਮਲੇ ਵਿਚ 26 ਸੈਲਾਨੀ ਮਾਰੇ ਗਏ। ਇਸ ਹਮਲੇ ਮਗਰੋਂ ਅਗਲੇ ਦਿਨ ਅਖ਼ਬਾਰਾਂ ਵਿੱਚ ਛਪੀ ਇੱਕ ਤਸਵੀਰ ਸਭ ਦੇ ਮਨਾਂ ਨੂੰ ਝੰਜੋੜਨ ਤੇ ਪ੍ਰੇਸ਼ਾਨ ਕਰਨ ਵਾਲੀ ਸੀ। ਬੈਸਰਨ ਵਾਦੀ ’ਚ ਹਨੀਮੂਨ ਮਨਾਉਣ ਗਈ ਨਵੀਂ ਵਿਆਹੀ ਜੋੜੀ ’ਚੋਂ ਪਤਨੀ ਦਹਿਸ਼ਤਗਰਦਾਂ ਵੱਲੋਂ ਕੀਤੀ ਫਾਇਰਿੰਗ ’ਚ ਮਾਰੇ ਗਏ ਆਪਣੇ ਪਤੀ ਦੀ ਲਾਸ਼ ਕੋਲ ਬਦਹਵਾਸ ਬੈਠੀ ਹੈ, ਉਸ ਦੇ ਚਿਹਰੇ ’ਤੇ ਕੋਈ ਭਾਵ ਨਹੀਂ। ਤਸਵੀਰ ਦੇ ਪਿਛੋਕੜ ’ਚ ਵਾਦੀ ਨਜ਼ਰ ਆ ਰਹੀ ਹੈ।

ਦੂਰ-ਦੂਰ ਤੱਕ ਕਿਧਰੇ ਕੋਈ ਬੰਦਾ ਨਜ਼ਰ ਨਹੀਂ ਆਉਂਦਾ, …ਬਸ ਕੁਝ ਖਾਲੀ ਕੁਰਸੀਆਂ ਜ਼ਰੂਰ ਦਿਖ ਰਹੀਆਂ ਹਨ। ਫਰੇਮ ’ਚ ਪਤਨੀ, ਪਤੀ ਦੀ ਲਾਸ਼ ਅਤੇ ਬੈਸਰਨ ਦੀ ਵਾਦੀ ਹੈ। ਉਹ ਜਿਵੇਂ ਬੈਠੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਨੇੜੇ-ਤੇੜੇ ਕੋਈ ਨਹੀਂ ਜਿਸ ਨੂੰ ਉਹ ਮਦਦ ਲਈ ਪੁਕਾਰ ਸਕੇ, ਨਾ ਸਰਕਾਰੀ ਤੰਤਰ ਦਾ ਕੋਈ ਨੁਮਾਇੰਦਾ, ਨਾ ਕੋਈ ਸੁਰੱਖਿਆ ਬਲ ਦਾ ਜਵਾਨ। ਬੇਵੱਸ ਹੋਈ ਉਹ ਧਰਤੀ ’ਚ ਨਜ਼ਰਾਂ ਗੱਡ ਕੇ ਬੈਠੀ ਹੈ ਜਿਵੇਂ ਉਸ ਲਈ ਜ਼ਿੰਦਗੀ ਉੱਥੇ ਹੀ ਰੁਕ ਗਈ ਹੋਵੇ। ਉਸ ਦੀ ਹੋਂਦ, ਉਸ ਦੀ ਸੋਚ… ਸਭ ਕੁਝ ਜਿਵੇਂ ਖਲਾਅ ’ਚ ਲਟਕ ਗਿਆ ਹੋਵੇ। ਖੂਬਸੂਰਤ ਵਾਦੀ ਨੇ ਉਸ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਬਦਸੂਰਤੀ ਦੇ ਰੂਬਰੂ ਕਰਵਾ ਦਿੱਤਾ ਸੀ। ਲੈਫਟੀਨੈਂਟ ਵਿਨੈ ਨਰਵਾਲ ਤੇ ਉਸ ਦੀ ਪਤਨੀ ਹਿਮਾਂਸ਼ੀ ਦੀ ਇਹ ਜੋੜੀ ਕਰਨਾਲ ਤੋਂ ਪਹਿਲਗਾਮ ਗਈ ਸੀ।

ਇੱਕ ਪਾਸੇ ਜਿੱਥੇ ਇਸ ਹਮਲੇ ਦੇ ਨਾਲ ਇਹ ਗੱਲ ਵੀ ਤੁਰਦੀ ਹੈ ਕਿ ਸੈਲਾਨੀਆਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਗੋਲੀ ਮਾਰੀ ਗਈ, ਉਨ੍ਹਾਂ ਨੂੰ ਕਲਮਾ ਪੜ੍ਹਨ ਲਈ ਕਿਹਾ ਗਿਆ ਅਤੇ ਮਰਦਾਂ ਦੇ ਕੱਪੜੇ ਉਤਰਵਾ ਕੇ ਉਨ੍ਹਾਂ ਦੀ ਸ਼ਨਾਖ਼ਤ ਕੀਤੀ ਗਈ, ਉੱਥੇ ਆਦਿਲ ਹੁਸੈਨ ਸ਼ਾਹ ਅਤੇ ਨਜ਼ਾਕਤ ਅਲੀ ਦੀ ਗੱਲ ਵੀ ਤੁਰਦੀ ਹੈ ਜਿਨ੍ਹਾਂ ਕਿਸੇ ਧਰਮ ਤੇ ਜਾਤ ਦਾ ਫ਼ਰਕ ਕੀਤੇ ਬਿਨਾਂ ਇਨਸਾਨੀਅਤ ਦਾ ਫ਼ਰਜ਼ ਨਿਭਾਉਂਦਿਆਂ ਸੈਲਾਨੀਆਂ ਦੀਆਂ ਜਾਨਾਂ ਬਚਾਈਆਂ। ਆਮ ਕਸ਼ਮੀਰੀਆਂ ਨੇ ਜਿਸ ਤਰ੍ਹਾਂ ਸੈਲਾਨੀਆਂ ਦੀ ਮਦਦ ਕੀਤੀ, ਜਿਸ ਤਰ੍ਹਾਂ ਉਨ੍ਹਾਂ ਇਕਜੁੱਟ ਹੋ ਕੇ ਇਸ ਦਹਿਸ਼ਤੀ ਹਮਲੇ ਦਾ ਵਿਰੋਧ ਕੀਤਾ, ਉਸ ਤੋਂ ਇੱਕ ਆਸ ਤਾਂ ਬੱਝਦੀ ਹੈ ਕਿ ਦੋਵਾਂ ਫ਼ਿਰਕਿਆਂ ਦੇ ਲੋਕ, ਵੰਡੀਆਂ ਪਾਉਣ ਵਾਲੇ ਵਿਅਕਤੀਆਂ ਦੀਆਂ ਚਾਲਾਂ ਨੂੰ ਹੌਲੀ-ਹੌਲੀ ਸਮਝਣ ਲੱਗੇ ਹਨ। ਹਾਲਾਂਕਿ ਛੱਤੀਸਗੜ੍ਹ ’ਚ ਸੱਤਾਧਾਰੀ ਪਾਰਟੀ ਨੇ ਹਮਲੇ ਮਗਰੋਂ ਆਪਣੇ ‘ਐਕਸ’ ਅਕਾਊਂਟ ’ਤੇ ਇਕ ਗਿਬਲੀ ਜਾਰੀ ਕੀਤੀ ਜਿਸ ਵਿੱਚ ਇੱਕ ਔਰਤ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਦਿਖਾਈ ਦੇ ਰਹੀ ਹੈ ਅਤੇ ਉੱਤੇ ਲਿਖਿਆ ਹੋਇਆ ਹੈ, ‘ਧਰਮ ਪੂਛਾ, ਜਾਤੀ ਨਹੀਂ।’ ਇਹ ਇੱਕ ਤਰ੍ਹਾਂ ਨਾਲ ਸੰਵੇਦਨਸ਼ੀਲ ਹਾਲਾਤ ਵਿਚ ਲੋਕਾਂ ’ਚ ਧਰਮ ਦੇ ਨਾਂ ’ਤੇ ਹੋਰ ਵੰਡੀਆਂ ਪਾਉਣ ਦਾ ਯਤਨ ਸੀ।

ਜੇ ਪਹਿਲਗਾਮ ਵਿੱਚ ਧਰਮ ਪੁੱਛ ਕੇ ਸੈਲਾਨੀਆਂ ਦੀਆਂ ਕੀਤੀਆਂ ਗਈਆਂ ਹੱਤਿਆਵਾਂ ਇੱਕ ਹਕੀਕਤ ਹਨ ਤਾਂ ਦੂਜੇ ਪਾਸੇ ਇਸ ਹਕੀਕਤ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਆਦਿਲ ਹੁਸੈਨ ਸ਼ਾਹ ਅਤੇ ਨਜ਼ਾਕਤ ਅਲੀ ਜਿਹਿਆਂ ਨੇ ਮੁਸਲਮਾਨ ਹੁੰਦਿਆਂ ਵੀ ਹਿੰਦੂ ਸੈਲਾਨੀਆਂ ਦੀਆਂ ਜਾਨਾਂ ਬਚਾਈਆਂ। ਆਦਿਲ ਹੁਸੈਨ ਨੇ ਤਾਂ ਅਜਿਹਾ ਕਰਦਿਆਂ ਆਪਣੀ ਜਾਨ ਵੀ ਗੁਆ ਦਿੱਤੀ। ਉਹ ਆਪਣੇ ਮਾਪਿਆਂ ਦੇ ਬੁਢਾਪੇ ਦਾ ਸਹਾਰਾ ਸੀ। ਉਸ ਦੇ ਜਨਾਜ਼ੇ ’ਚ ਜੁੜੇ ਵੱਡੀ ਗਿਣਤੀ ਕਸ਼ਮੀਰੀ ਲੋਕ ਉਸ ਵੱਲੋਂ ਹਿੰਦੂ ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਨ ਦੇ ਜਜ਼ਬੇ ਨੂੰ ਸਲਾਮ ਕਰਨ ਆਏ ਸਨ।

ਇਸੇ ਤਰ੍ਹਾਂ ਸੈਲਾਨੀਆਂ ਨੂੰ ਬੈਸਰਨ ਵਾਦੀ ਦਾ ਟੂਰ ਕਰਵਾਉਣ ਵਾਲੇ ਨਜ਼ਾਕਤ ਅਲੀ ਨੇ ਉਸ ਦਿਨ 11 ਸੈਲਾਨੀਆਂ ਦੀ ਜਾਨ ਬਚਾਈ। ਇਹ ਗੱਲ ਉਦੋਂ ਉਭਰ ਕੇ ਸਾਹਮਣੇ ਆਈ ਜਦੋਂ ਸੋਸ਼ਲ ਮੀਡੀਆ ’ਤੇ ਇੱਕ ਭਾਜਪਾ ਨੇਤਾ ਲੱਕੀ ਦੇ ਪੁੱਤਰ ਦੀ ਨਜ਼ਾਕਤ ਨਾਲ ਖੇਡਦਿਆਂ ਦੀ ਵੀਡੀਓ ਵਾਇਰਲ ਹੋਈ। ਬੱਚਾ ਖੇਡਦਾ-ਖੇਡਦਾ ਨਜ਼ਾਕਤ ਨੂੰ ਉਸ ਦਾ ਨਾਂ ਲੈ ਕੇ ਆਪਣੇ ਕੋਲ ਬੁਲਾਉਂਦਾ ਹੈ। ਉਹ ਜਦੋਂ ‘ਨਜ਼ਾਕਤ’ ਕਹਿੰਦਾ ਹੈ ਤਾਂ ਉਸ ਦਾ ਪਿਤਾ ਬੱਚੇ ਨੂੰ ‘ਨਜ਼ਾਕਤ ਚਾਚਾ’ ਕਹਿਣ ਲਈ ਆਖਦਾ ਹੈ। ਹੱਸਦਾ ਹੋਇਆ ਨਜ਼ਾਕਤ ਬੱਚੇ ਦੇ ਨੇੜੇ ਆ ਕੇ ਉਸ ਕੋਲ ਖੇਡਣ ਲੱਗਦਾ ਹੈ। ਜਿਸ ਵੇਲੇ ਦੀ ਇਹ ਵੀਡੀਓ ਹੈ, ਉਸ ਤੋਂ ਠੀਕ ਪੰਜਾਂ ਮਿੰਟਾਂ ਬਾਅਦ ਦਹਿਸ਼ਤਗਰਦਾਂ ਵੱਲੋਂ ਸੈਲਾਨੀਆਂ ’ਤੇ ਹਮਲਾ ਕਰ ਦਿੱਤਾ ਜਾਂਦਾ ਹੈ।

ਇਹ ਭਾਜਪਾ ਨੇਤਾ ਨਜ਼ਾਕਤ ਨੂੰ ਕਹਿੰਦਾ ਹੈ ਕਿ ਉਹ ਕਿਸੇ ਤਰ੍ਹਾਂ ਉਸ ਦੇ ਬੱਚਿਆਂ ਨੂੰ ਬਚਾ ਲਵੇ। ਨਜ਼ਾਕਤ ਬੱਚਿਆਂ ਨੂੰ ਲੈ ਕੇ ਜ਼ਮੀਨ ’ਤੇ ਲੇਟ ਗਿਆ ਅਤੇ ਉਸ ਨੇ ਲੱਕੀ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਕੁਝ ਨਹੀਂ ਹੋਣ ਦੇਵੇਗਾ। ਨਜ਼ਾਕਤ, ਲੱਕੀ ਨਾਲ ਆਏ ਛੱਤੀਸਗੜ੍ਹ ਭਾਜਪਾ ਦੇ ਯੂਥ ਵਿੰਗ ਆਗੂ ਅਮਿਤ ਅਗਰਵਾਲ ਦੇ ਪਰਿਵਾਰ ਅਤੇ ਹੋਰਨਾਂ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਉੱਥੋਂ ਸੁਰੱਖਿਅਤ ਕੱਢ ਲਿਆਇਆ। ਹਿੰਦੂ-ਮੁਸਲਮਾਨ ਬਿਰਤਾਂਤ ਦੀ ਪਰਵਾਹ ਨਾ ਕਰਦਿਆਂ ਨਜ਼ਾਕਤ ਨਾਲ ਖੇਡਣ ਵਾਲੇ ਬੱਚੇ ਦੀ ਮਾਂ ਪੁਰਵਾ ਨੇ ਨਜ਼ਾਕਤ ਦਾ ਸ਼ੁਕਰੀਆ ਅਦਾ ਕਰਦਿਆਂ ਉਸ ਦੇ ਨਾਂ ਇੱਕ ਪੱਤਰ ਲਿਖਿਆ ਹੈ (ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੈ) ਜੋ ਕੁਝ ਇਉਂ ਹੈ :

ਨਜ਼ਾਕਤ ਭਾਈ!

ਉਸ ਘਟਨਾ ਤੋਂ 5 ਮਿੰਟ ਪਹਿਲਾਂ ਦਾ ਤੁਹਾਡਾ ਇਹ ਵੀਡੀਓ ਮੇਰੇ ਜ਼ਿਹਨ ’ਚ ਠਹਿਰਿਆ ਹੋਇਆ ਹੈ ਜਦੋਂ ਤੁਸੀਂ ਮੇਰੇ ਪੁੱਤਰ ਨਾਲ ਖੇਡ ਰਹੇ ਸੀ। ਸਭ ਕੁਝ ਆਮ ਵਾਂਗ ਸੀ ਤੇ ਫਿਰ ਅਚਾਨਕ ਉਹ ਹਮਲਾ, ਗੋਲੀਆਂ ਦੀ ਆਵਾਜ਼, ਚੀਖ਼-ਪੁਕਾਰ… ਅਤੇ ਉਸ ਖ਼ੌਫ਼ਨਾਕ ਮੰਜ਼ਰ ਦਰਮਿਆਨ ਇੱਕ ਗੱਲ ਠਹਿਰੀ ਰਹੀ… ਤੁਹਾਡੀ ਹਿੰਮਤ। ਤੁਸੀਂ ਮੇਰੇ ਪੁੱਤਰ ਨੂੰ ਸੀਨੇ ਨਾਲ ਲਗਾਇਆ, ਮੇਰੇ ਪਤੀ, ਪੂਜਾ ਭਾਬੀ ਅਤੇ ਉਸ ਦੇ ਪੁੱਤਰ ਨੂੰ ਸੰਭਾਲਿਆ… ਅਤੇ ਸਾਨੂੰ ਮੌਤ ਦੇ ਸਾਏ ਤੋਂ ਬਾਹਰ ਕੱਢ ਲਿਆਏ। ਤੁਹਾਡੀਆਂ ਅੱਖਾਂ ’ਚ ਡਰ ਨਹੀਂ ਸੀ… ਇਨਸਾਨੀਅਤ ਸੀ। ਉਸ ਦਿਨ ਤੁਸੀਂ ਸਾਡੇ ਲਈ ਭਗਵਾਨ ਬਣ ਕੇ ਆਏ ਸੀ। ਤੁਸੀਂ ਸਿਰਫ਼ ਜਾਨ ਨਹੀਂ ਬਚਾਈ ਬਲਕਿ ਸਾਡੀ ਪੂਰੀ ਦੁਨੀਆ ਬਚਾ ਲਈ। ਮੈਂ ਇਹ ਕਰਜ਼ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ। ਤੁਸੀਂ ਹਮੇਸ਼ਾਂ ਸਾਡੀਆਂ ਦੁਆਵਾਂ ’ਚ ਰਹੋਗੇ।

ਤੁਹਾਡੀ ਹਮੇਸ਼ਾਂ ਸ਼ੁਕਰਗੁਜ਼ਾਰ,

ਇੱਕ ਮਾਂ, ਇੱਕ ਪਤਨੀ, ਇੱਕ ਭੈਣ।

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਹਿੰਦੂ-ਮੁਸਲਮਾਨ ਦੇ ਬਿਰਤਾਂਤ ਨਾਲ ਆਖ਼ਰ ਕਿਸ ਦਾ ਫ਼ਾਇਦਾ ਹੁੰਦਾ ਹੈ? ਉਹ ਕੌਣ ਹਨ ਜੋ ਸਮਾਜ ’ਚ ਵੰਡੀਆਂ ਪਾ ਕੇ ਇਸ ਦਾ ਲਾਹਾ ਲੈਣਾ ਚਾਹੁੰਦੇ ਹਨ ਤੇ ਜਿਨ੍ਹਾਂ ਨੂੰ ਦੇਸ਼ ਵਾਸੀਆਂ ਦੀ ਭਾਈਚਾਰਕ ਸਾਂਝ ਰਾਸ ਨਹੀਂ ਆਉਂਦੀ। ਉਹ ਜ਼ਰੂਰ ਹੀ ਨਫ਼ਰਤ ਦਾ ਜ਼ਹਿਰ ਫੈਲਾਉਣਾ ਚਾਹੁੰਦੇ ਹੋਣਗੇ। ਕਿਸੇ ਇੱਕ ਧਰਮ ਨੂੰ ਦੂਜੇ ਤੋਂ ਵੱਡਾ ਦਿਖਾਉਣ ਦਾ ਯਤਨ ਕਰਦੇ ਹੋਣਗੇ ਜਾਂ ਇਹ ਦਿਖਾਉਣਾ ਚਾਹੁੰਦੇ ਹੋਣਗੇ ਕਿ ਇੱਕ ਫ਼ਿਰਕਾ ਦੂਜੇ ਤੋਂ ਉੱਤਮ ਹੈ ਅਤੇ ਕੇਵਲ ਉਸ ਦੀਆਂ ਖ਼ਾਹਿਸ਼ਾਂ ਅਤੇ ਇੱਛਾਵਾਂ ਮੁਤਾਬਕ ਮੁਲਕ ਦਾ ਨਿਜ਼ਾਮ ਚੱਲ ਸਕਦਾ ਹੈ।

ਅਜਿਹੀਆਂ ਕੋਸ਼ਿਸ਼ਾਂ ਕੁਝ ਵਿਅਕਤੀ ਪਹਿਲਾਂ ਵੀ ਕਰਦੇ ਰਹੇ ਹਨ ਅਤੇ ਲੋਕ ਉਨ੍ਹਾਂ ਦੀਆਂ ਚਾਲਾਂ ਵਿੱਚ ਵੀ ਆਉਂਦੇ ਰਹੇ ਹਨ ਪਰ ਅਖ਼ੀਰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਇਨ੍ਹਾਂ ਦੀਆਂ ਇਹ ਚਾਲਾਂ ਉਦੋਂ ਨਾਕਾਮ ਹੋ ਜਾਂਦੀਆਂ ਹਨ ਜਦੋਂ ਇਨਸਾਨੀਅਤ ਬਚਾਉਣ ਵਾਸਤੇ ਕੁਝ ਵਿਅਕਤੀ ਆਪਣੀਆਂ ਜਾਨਾਂ ਦੀ ਪ੍ਰਵਾਹ ਨਹੀਂ ਕਰਦੇ। ਉਦੋਂ ਧਰਮ, ਜਾਤ ਤੇ ਫ਼ਿਰਕੇ ਦੇ ਸਭ ਵਖਰੇਵੇਂ ਮਿਟ ਜਾਂਦੇ ਹਨ ਜਦੋਂ ਆਦਿਲ ਤੇ ਨਜ਼ਾਕਤ ਅਲੀ ਜਿਹੇ ਕਸ਼ਮੀਰੀ, ਦਹਿਸ਼ਤਗਰਦਾਂ ਹੱਥੋਂ ਸੈਲਾਨੀਆਂ ਦੀ ਜਾਨ ਬਚਾਉਣ ਲਈ ਵਰ੍ਹਦੀਆਂ ਗੋਲੀਆਂ ਸਾਹਮਣੇ ਆਪਣੀ ਹਿੱਕ ਡਾਹ ਦਿੰਦੇ ਹਨ ਤੇ ਕੋਈ ਪੁਰਵਾ ਉਨ੍ਹਾਂ ਲਈ ਉਮਰ ਭਰ ਦੁਆਵਾਂ ਕਰਦੇ ਰਹਿਣ ਦਾ ਅਹਿਦ ਲੈਂਦੀ ਹੈ। ਕਾਸ਼! ਆਦਿਲ ਅਤੇ ਨਜ਼ਾਕਤ ਇਨਸਾਨੀਅਤ ’ਤੇ ਇਹ ਕਰਜ਼ ਹਮੇਸ਼ਾਂ ਚੜ੍ਹਾਉਂਦੇ ਰਹਿਣ।

ਸਾਂਝਾ ਕਰੋ

ਪੜ੍ਹੋ

ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾਰੇ

ਬਠਿੰਡਾ, 28 ਅਪ੍ਰੈਲ – ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵੱਲੋਂ...