
ਚੌਦਾਂ ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲੇਥਾਪੋਰਾ ਇਲਾਕੇ ਵਿਚ ਹੋਏ ਇਕ ਆਤਮਘਾਤੀ ਹਮਲੇ ਵਿਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਦੇ 40 ਜਵਾਨ ਸ਼ਹੀਦ ਹੋ ਗਏ ਸਨ। ਛੇ ਸਾਲ ਬੀਤ ਜਾਣ ਦੇ ਬਾਵਜੂਦ ਇਸ ਹਮਲੇ ਦੀ ਚੀਸ ਦਿਲਾਂ ’ਚੋਂ ਉੱਠਦੀ ਹੈ। ਆਪਣੇ ਦੇਸ਼ ਖ਼ਾਤਰ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰ ਅਜੇ ਵੀ ਇਸ ਸਦਮੇ ’ਚੋਂ ਬਾਹਰ ਨਹੀਂ ਆ ਸਕੇ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਖ਼ਤਰਨਾਕ ਤਨਜ਼ੀਮ ਲਸ਼ਕਰ-ਏ-ਤਾਇਬਾ ਦੇ ਆਦਿਲ ਅਹਿਮਦ ਡਾਰ ਨੇ ਲਈ ਸੀ। ਆਪਣੇ ਦੇਸ਼ ਤੇ ਕੌਮ ਤੋਂ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਅਮਰ ਕਿਹਾ ਜਾਂਦਾ ਹੈ।
ਇਸ ਦੇ ਬਾਵਜੂਦ ਜਿਨ੍ਹਾਂ ਦੇ ਪੁੱਤਰ ਜਵਾਨੀ ਵੇਲੇ ਤੁਰ ਜਾਣ ਉਨ੍ਹਾਂ ਦੇ ਦਰਦ ਨੂੰ ਬਿਆਨ ਕਰਨਾ ਬੇਹੱਦ ਮੁਹਾਲ ਹੁੰਦਾ ਹੈ। ਵਿਛੇ ਹੋਏ ਸੱਥਰ ਭਾਵੇਂ ਭੋਗਾਂ ਤੋਂ ਬਾਅਦ ਸਮੇਟ ਲਏ ਜਾਂਦੇ ਨੇ ਤੇ ਸੰਸਾਰ ਆਪਣੀ ਤੋਰੇ ਤੁਰਦਾ ਰਹਿੰਦਾ ਹੈ। ਪਰ ਜੋਬਨ ਰੁੱਤੇ ਸਦਾ ਲਈ ਵਿਛੜ ਗਏ ਪੁੱਤਰਾਂ ਦੇ ਮਾਪਿਆਂ ਦੇ ਦਿਲਾਂ ਵਿਚ ਸੱਥਰ ਹਮੇਸ਼ਾ ਲਈ ਵਿਛੇ ਰਹਿੰਦੇ ਹਨ। ਉਨ੍ਹਾਂ ਦੇ ਦੀਦਿਆਂ ਵਿਚ ਅੱਥਰੂ ਭਾਵੇਂ ਸੁੱਕ ਜਾਣ ਪਰ ਪੁੱਤਾਂ ਦੀ ਉਡੀਕ ਨਹੀਂ ਮੁੱਕਦੀ। ਇਸੇ ਲਈ ਸੰਸਾਰ ਦੀ ਸਭ ਤੋਂ ਭਾਰੀ ਵਸਤੂ ਇਹ ਮੰਨੀ ਜਾਂਦੀ ਹੈ ਜਦੋਂ ਕੋਈ ਬਿਰਧ ਮਾਪੇ ਜਵਾਨ ਬੱਚੇ ਨੂੰ ਮੋਢਾ ਦੇਣ। ਅਜਿਹੇ ਦੁਖਾਂਤ ਨੂੰ ਬਿਆਨ ਕਰਦਿਆਂ ਸ਼ਬਦ ਸਾਥ ਨਹੀਂ ਦਿੰਦੇ।
ਸਾਡੀ ਤ੍ਰਾਸਦੀ ਹੈ ਕਿ ਜਦੋਂ ਅਜਿਹਾ ਦਰਦਨਾਕ ਕਾਂਡ ਵਾਪਰਦਾ ਹੈ ਤਾਂ ਕਈ ਦਿਨ ਇਹ ਮੀਡੀਆ ਦੀਆਂ ਸੁਰਖ਼ੀਆਂ ਬਣਦਾ ਹੈ। ਸ਼ਹੀਦਾਂ ਦੇ ਪਰਿਵਾਰਾਂ ਦੀ ਕੋਈ ਵਿਰਲਾ-ਟਾਵਾਂ ਹੀ ਸਾਰ ਲੈਣ ਜਾਂਦਾ ਹੈ। ਜਦੋਂ ਉਨ੍ਹਾਂ ਦੇ ਘਰ ਜਾਓ ਤਾਂ ਉਨ੍ਹਾਂ ਦੇ ਦੁੱਖੜੇ ਸੁਣ ਕੇ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ। ਕਸ਼ਮੀਰ ਵਾਦੀ ’ਚ ਬੀਤੇ ਤੀਹ ਵਰ੍ਹਿਆਂ ਦੀ ਸਭ ਤੋਂ ਵੱਡੀ ਕਾਇਰਤਾ ਭਰੀ ਹਰਕਤ ਨੂੰ ਦਹਿਸ਼ਤਗਰਦਾਂ ਵੱਲੋਂ ਜਦੋਂ ਅੰਜਾਮ ਦਿੱਤਾ ਗਿਆ ਤਾਂ ਸਮੁੱਚੀ ਲੋਕਾਈ ਨੂੰ ਝੰਜੋੜ ਕੇ ਰੱਖ ਦਿੱਤਾ। ਮਨੁੱਖਤਾ ਦਾ ਘਾਣ ਕਰਨ ਵਾਲੀ ਮੰਦਭਾਗੀ ਘਟਨਾ ਦੀਆਂ ਤਸਵੀਰਾਂ ਨੇ ਪੱਥਰ ਦਿਲਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ।
ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਉਨ੍ਹਾਂ ਚਾਲੀ ਪੁਲਵਾਮਾ ਸ਼ਹੀਦ ਸੈਨਿਕਾਂ ’ਚ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਕਈਆਂ ਦੇ ਸਿਰਾਂ ਦੇ ਸਾਈਂ ਅਤੇ ਛੋਟੇ-ਛੋਟੇ ਮਸੂਮ ਬੱਚਿਆਂ ਦੇ ਅੱਖ ਦੇ ਝਮਕੇ ਜਿੰਨੇ ਚਿਰ ’ਚ ਸਦਾ ਸਦਾ ਲਈ ਉਨ੍ਹਾਂ ਤੋਂ ਵਿਛੜ ਗਏ। ਇਨ੍ਹਾਂ ਬਹਾਦਰ ਸੈਨਿਕਾਂ ’ਚ ਪੰਜਾਬ ਦੇ ਰੂਪਨਗਰ ਜ਼ਿਲ੍ਹੇ ’ਚ ਪੈਂਦੇ ਕਸਬਾ ਨੂਰਪੁਰ ਬੇਦੀ ਦੇ ਰੌਲੀ ਪਿੰਡ ਦਾ ਪਿਤਾ ਦਰਸ਼ਨ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਬੁਢਾਪੇ ਦਾ ਇਕਲੌਤਾ ਸਹਾਰਾ ਕਾਂਸਟੇਬਲ ਕੁਲਵਿੰਦਰ ਸਿੰਘ ਵੀ ਸ਼ਾਮਲ ਸੀ।
ਅੱਜ ਵੀ ਮਾਤਾ ਅਮਰਜੀਤ ਕੌਰ ਆਪਣੇ ਪੁੱਤਰ ਦੀਆਂ ਯਾਦਾਂ ਨੂੰ ਸੀਨੇ ਅੰਦਰ ਸੰਜੋਈ ਕਦੇ ਨਾ ਪੂਰੀਆਂ ਹੋਣ ਵਾਲੀਆਂ ਆਸਾਂ ਦੇ ਸਹਾਰੇ ਜ਼ਿੰਦਗੀ ਨੂੰ ਧੱਕਾ ਲਾਉਣ ਲਈ ਮਜਬੂਰ ਹੈ। ਚੌਵੀ ਦਸੰਬਰ 1992 ਨੂੰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਜਨਮਿਆ ਕੁਲਵਿੰਦਰ ਸਿੰਘ ਇਕਲੌਤਾ ਪੁੱਤਰ ਹੋਣ ਕਾਰਨ ਬਚਪਨ ਤੋਂ ਹੀ ਮਾਪਿਆਂ ਦਾ ਬਹੁਤ ਲਾਡਲਾ ਅਤੇ ਆਗਿਆਕਾਰੀ ਸੀ। ਕੁਲਵਿੰਦਰ ਸਿੰਘ ਦੇ ਪਿਤਾ ਜੀ ਪੇਸ਼ੇ ਵਜੋਂ ਟਰੱਕ ਡਰਾਈਵਰ ਸਨ।
ਘਰ ਦੇ ਆਰਥਿਕ ਹਾਲਾਤ ਨੂੰ ਵੇਖਦਿਆਂ ਅਤੇ ਬਜ਼ੁਰਗ ਬਾਪ ਨੂੰ ਸਹਾਰਾ ਦੇਣ ਲਈ ਕੁਲਵਿੰਦਰ ਨੇ ਪੜ੍ਹਾਈ ਦੇ ਨਾਲ-ਨਾਲ ਨੌਕਰੀ ਦੀ ਭਾਲ਼ ਆਰੰਭ ਕੀਤੀ। ਸਮੇਂ-ਸਮੇਂ ’ਤੇ ਪੰਜਾਬ ਪੁਲਿਸ, ਜੇਲ੍ਹ ਡਿਪਾਰਟਮੈਂਟ ਅਤੇ ਸੀਆਰਪੀਐੱਫ ਦੀ ਭਰਤੀ ’ਚ ਆਪਣੀ ਯੋਗਤਾ ਦਾ ਪ੍ਰਗਟਾਵਾ ਕੀਤਾ। ਪੜ੍ਹਾਈ ’ਚ ਅੱਵਲ ਹੋਣ ਕਾਰਨ ਤਿੰਨਾਂ ਮਹਿਕਮਿਆਂ ਵਿੱਚੋਂ ਉਸ ਦੀ ਨਿਯੁਕਤੀ ਦੇ ਪੱਤਰ ਡਾਕ ਰਾਹੀਂ ਘਰ ਆਏ। ਦੇਸ਼-ਕੌਮ ਦੀ ਸੇਵਾ ਨੂੰ ਮੁੱਖ ਰੱਖਦਿਆਂ ਕੁਲਵਿੰਦਰ ਸਿੰਘ ਨੇ ਸੀਆਰਪੀਐੱਫ ਦੀ ਨੌਕਰੀ ਕਰਨ ਦਾ ਫ਼ੈਸਲਾ ਕੀਤਾ।
ਮਾਪਿਆਂ ਨੇ ਵੀ ਚਾਈਂ-ਚਾਈਂ ਪੁੱਤਰ ਦੇ ਫ਼ੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ। ਇਕ ਦਸੰਬਰ 2014 ਨੂੰ ਕੁਲਵਿੰਦਰ ਸਿੰਘ ਸੈਂਟਰਲ ਰਿਜ਼ਰਵ ਪੁਲਿਸ ਬਲ ’ਚ ਬਤੌਰ ਕਾਂਸਟੇਬਲ ਭਰਤੀ ਹੋਇਆ। ਮੁੱਢਲੀ ਟਰੇਨਿੰਗ ਪੂਰੀ ਕਰਨ ’ਤੇ ਉਸ ਦੀ ਨਿਯੁਕਤੀ ਸੀਆਰਪੀਐੱਫ ਦੀ 92 ਨੰਬਰ ਬਟਾਲੀਅਨ ’ਚ ਹੋਈ। ਸਾਲ 2017 ’ਚ ਉਸ ਦਾ ਰਿਸ਼ਤਾ ਸ੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਲੋਦੀਪੁਰ ’ਚ ਪੱਕਾ ਹੋਇਆ। ਤਕਰੀਬਨ ਦੋ-ਢਾਈ ਸਾਲਾਂ ਬਾਅਦ ਕੁਲਵਿੰਦਰ ਨੇ ਆਪ ਹੀ ਪਿਤਾ ਦਰਸ਼ਨ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੇ ਆਪਣੀ ਜੀਵਨ ਸਾਥਣ ਨਾਲ ਸਲਾਹ-ਮਸ਼ਵਰਾ ਕਰ ਕੇ ਆਪਣੇ ਵਿਆਹ ਦਾ ਦਿਨ 9 ਨਵੰਬਰ 2019 ਨਿਯੁਕਤ ਕਰ ਲਿਆ ਹੈ। ਕੁਲਵਿੰਦਰ ਦੇ ਮਾਪਿਆਂ ਨੇ ਪੁੱਤਰ ਦੀ ਖ਼ੁਸ਼ੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਤੇ ਪੁੱਤ ਵੱਲੋਂ ਮਿੱਥੀ ਘੜੀ ਆਪਣੇ ਸਾਕ-ਸਬੰਧੀਆਂ ਨਾਲ ਸਾਂਝੀ ਕੀਤੀ।
ਆਪਣੇ ਇਕਲੌਤੇ ਪੁੱਤਰ ਦੇ ਵਿਆਹ ਦੀਆਂ ਸਾਈਆਂ-ਵਧਾਈਆਂ ਦੇ ਸੁਪਨੇ ਵੇਖ ਰਹੇ ਬਜ਼ੁਰਗ ਮਾਪਿਆਂ ਨੂੰ ਕੀ ਪਤਾ ਸੀ ਕਿ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਐ। ਮਾਘ ਮਹੀਨੇ ਦਾ ਭਰ ਸਿਆਲ਼ ਆਪਣੇ ਪੂਰੇ ਜੋਬਨ ਤੇ ਪਾਲੇ਼ ਦਾ ਕਹਿਰ ਵਰਸਾ ਰਿਹਾ ਸੀ। ਓਧਰ ਕਸ਼ਮੀਰ ਵਾਦੀ ਵਾਲੇ ਪਾਸਿਓਂ ਹਵਾਵਾਂ ਦੇ ਬੁੱਲੇ ਸੀਤ ਅਤੇ ਖ਼ਬਰਨਾਮੇ ਕੁਝ ਗਰਮ ਆ ਰਹੇ ਸਨ। ਜੰਮੂ ’ਚ ਤਾਇਨਾਤ 92 ਨੰਬਰ ਸੈਂਟਰ ਰਿਜ਼ਰਵ ਪੁਲਿਸ ਬਲ ਦੇ ਕੈਂਪ ਅੰਦਰ ਦਿੱਲੀ ਹੈੱਡਕੁਆਰਟਰ ਵਿੱਚੋਂ ਸਰਕਾਰੀ ਹੁਕਮਾਂ ਦੀ ਤਾਰ ਦਸਤਕ ਦਿੰਦੀ ਹੈ ਕਿ ਪਲਟਣ ਨੂੰ ਜੰਮੂ ਤੋਂ ਸ੍ਰੀਨਗਰ ਵੱਲ ਕੂਚ ਕਰਨਾ ਹੈ। ਸਰਕਾਰੀ ਹੁਕਮਾਂ ਦੇ ਬੱਝੇ ਜਵਾਨਾਂ ਨੇ ਆਪਣਾ ਬੋਰੀਆ-ਬਿਸਤਰਾ ਗੋਲ ਕਰ ਕੇ ਗੱਡੀਆਂ ’ਚ ਲੱਦ ਕੇ ਸਮਾਂ ਨਾ ਗੁਆਉਂਦੇ ਹੋਏ ਸਰਕਾਰੀ ਬੱਸਾਂ ’ਚ ਸਵਾਰ ਹੋ ਕੇ ਕਸ਼ਮੀਰ ਵੱਲ ਕਾਫ਼ਲਾ ਤੋਰ ਲਿਆ। ਕਾਫ਼ਲਾ ਅਜੇ ਊਧਮਪਰ ਹੀ ਪਹੁੰਚਿਆ ਸੀ ਕਿ ਕਸ਼ਮੀਰ ’ਚ ਭਾਰੀ ਬਰਫ਼ਬਾਰੀ ਦੀ ਆਮਦ ਹੋ ਗਈ। ਕਸ਼ਮੀਰ ਨੂੰ ਭਾਰਤ ਨਾਲ ਜੋੜਨ ਵਾਲੀ ਜਵਾਹਰ ਸੁਰੰਗ ਦਾ ਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ ਅਤੇ ਦੋਹਾਂ ਪਾਸਿਆਂ ਦੀ ਆਵਾਜਾਈ ਠੱਪ ਹੋ ਗਈ।
ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਾਕਾਪੋਰਾ ਪਿੰਡ ਅੰਦਰ ਦਹਿਸ਼ਤਗਰਦਾਂ ਵੱਲੋਂ ਬੁਰਹਾਨ ਵਾਨੀ ਦਾ ਬਦਲਾ ਲੈਣ ਲਈ ਕੁਝ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਭਾਰੀ ਬਰਫ਼ਬਾਰੀ ਕਾਰਨ ਫ਼ੌਜ ਦੀ ਆਮਦ ਬਹੁਤ ਘੱਟ ਹੋ ਚੁੱਕੀ ਸੀ ਪਰ 12 ਫਰਵਰੀ ਨੂੰ ਮੌਸਮ ’ਚ ਸੁਧਾਰ ਹੋਣ ਉਪਰੰਤ ਫ਼ੌਜੀ ਕਾਫ਼ਲਿਆਂ ਦੀ ਆਵਾਜਾਈ ਪਹਿਲਾਂ ਵਾਂਗ ਹੋਣ ਲੱਗੀ। ਇਨ੍ਹਾਂ ਕਾਫ਼ਲਿਆਂ ’ਚ ਊਧਮਪੁਰ ਤੋਂ ਸੀਆਰਪੀਐੱਫ ਦੀਆਂ 78 ਗੱਡੀਆਂ ’ਚ 2574 ਜਵਾਨ ਸਵਾਰ ਹੋ ਕੇ ਆਪਣੀ ਅਗਲੀ ਮੰਜ਼ਿਲ ਵੱਲ ਨੂੰ ਕੂਚ ਕਰ ਗਏ ਤੇ 14 ਫਰਵਰੀ 2019 ਨੂੰ ਹਿੰਦੁਸਤਾਨ ਦੀ ਨੌਜਵਾਨ ਪੀੜ੍ਹੀ ਜਦੋਂ ਵੈਲੇਨਟਾਈਨ ਡੇਅ ਦੇ ਚੋਚਲੇ ਮਨਾਉਣ ਵਿਚ ਮਸਰੂਫ਼ ਸੀ, ਉਦੋਂ ਸੀਆਰਪੀਐੱਫ ਦਾ ਵੱਡਾ ਕਾਫ਼ਲਾ ਜਵਾਹਰ ਸੁਰੰਗ ਨੂੰ ਪਾਰ ਕਰ ਕੇ ਕਸ਼ਮੀਰ ਵਾਦੀ ’ਚ ਦਾਖ਼ਲ ਹੋ ਰਿਹਾ ਸੀ।
ਬੱਸਾਂ ’ਚ ਸਵਾਰ ਜਵਾਨ ਕੁਦਰਤ ਨੂੰ ਬਹੁਤ ਹੀ ਨੇੜਿਓਂ ਮਹਿਸੂਸ ਕਰ ਰਹੇ ਸਨ ਅਤੇ ਆਪੋ-ਆਪਣੇ ਮੋਬਾਈਲ ਫੋਨਾਂ ’ਚ ਬਰਫ਼ੀਲੇ ਨਜ਼ਾਰਿਆਂ ਨੂੰ ਕੈਦ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਨ ਲੱਗੇ। ਇਨ੍ਹਾਂ ਜਵਾਨਾਂ ਦੇ ਕਾਫ਼ਲੇ ਦੀ ਪੰਜ ਨੰਬਰ ਬੱਸ ਦੇ ਮੁਸਾਫ਼ਰਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਇਹ ਜ਼ੰਨਤ ਭਰੀਆਂ ਵਾਦੀਆਂ ’ਚ ਇਨਸਾਨੀਅਤ ਦਾ ਦੁਸ਼ਮਣ, ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਕਾਫ਼ਰ ਆਦਿਲ ਅਹਿਮਦ ਡਾਰ ਆਪਣੀ ਨੀਲੇ ਰੰਗ ਦੀ ਵੈਨ ’ਚ 200 ਕਿੱਲੋ ਵਿਸਫੋਟਕ ਸਮੱਗਰੀ ਲੱਦ ਕੇ ਕਾਫ਼ਲੇ ਦਾ ਇੰਤਜ਼ਾਰ ਕਰ ਰਿਹਾ ਹੈ।
ਕਾਫ਼ਲੇ ਦੀ ਮੰਜ਼ਿਲ ਸ੍ਰੀਨਗਰ ਸੀ ਪਰ ਉੱਥੇ ਪੁੱਜਣ ਤੋਂ 30 ਕਿੱਲੋਮੀਟਰ ਪਹਿਲਾਂ ਹੀ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਦੇ ਨਜ਼ਦੀਕ ਲੇਥਪੋਰਾ ਪਿੰਡ ਦੀ ਹਦੂਦ ’ਚ ਐੱਨਐੱਚ-44 ਉੱਤੇ ਇਸ ਦਹਿਸ਼ਤਗਰਦ ਨੇ ਕਾਫ਼ਲੇ ਅੰਦਰ ਪੰਜ ਨੰਬਰ ’ਤੇ ਚੱਲ ਰਹੀ ਬੱਸ ਨਾਲ ਆਪਣੀ ਵੈਨ ਦੀ ਟੱਕਰ ਕਰਵਾ ਦਿੱਤੀ ਜਿਸ ਕਾਰਨ ਉਕਤ ਬੱਸ ਦੇ ਵੀ ਪਰਖੱਚੇ ਉੱਡ ਗਏ। ਬਿਰਧ ਪਿਤਾ ਅੱਜ ਵੀ ਕੁਲਵਿੰਦਰ ਦੇ ਫ਼ੌਜੀ ਕੋਟ ਨੂੰ ਪਹਿਨਣ ਤੋਂ ਬਾਅਦ ਤੇ ਉਸ ਦੇ ਬੁਲਟ ਮੋਟਰਸਾਈਕਲ ਨੂੰ ਵੇਖ ਆਪਣੇ ਪੁੱਤਰ ਨੂੰ ਆਪਣੇ ਆਸ-ਪਾਸ ਮਹਿਸੂਸ ਕਰਦੇ ਹਨ। ਓਧਰ ਪਿੰਡ ਲੋਦੀਪੁਰ ਦੀ ਜੰਮਪਲ ਉਹ ਭੈਣ ਜਿਸ ਨੇ ਕੁਲਵਿੰਦਰ ਦੀ ਜੀਵਨ ਸਾਥਣ ਬਣਨ ਦੀਆਂ ਸੱਧਰਾਂ ਦੇ ਖਿੜੇ ਫੁੱਲਾਂ ਦੀ ਮਹਿਕ ਅਜੇ ਵੰਡਣੀ ਸ਼ੁਰੂ ਵੀ ਨਹੀਂ ਸੀ ਕੀਤੀ, ਅਧੂਰੀਆਂ ਆਸਾਂ ਦੇ ਪੁੰਗਰਦੇ ਖ਼ਾਬ-ਖ਼ਿਆਲ ਸੁੱਕੇ ਕੱਖਾਂ ਦੀ ਆਹੂਤੀ ਬਣ ਕੇ ਕੁਲਵਿੰਦਰ ਦੀ ਚਿਖ਼ਾ ’ਚ ਸੜ ਕੇ ਸੁਆਹ ਹੋ ਗਏ। ਉਹ ਸ਼ਹੀਦ ਦੀ ਮੰਗੇਤਰ ਦਾ ਰੁਤਬਾ ਦਿਲ ’ਚ ਸੰਜੋਈ ਕੁਲਵਿੰਦਰ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਜਿਉਣ ਨੂੰ ਤਿਆਰ ਸੀ ਪਰ ਬਾਪੂ ਦਰਸ਼ਨ ਸਿੰਘ ਨੇ ਸਮਝਾਇਆ ਕਿ ਸਾਡੇ ਬੁਢਾਪੇ ਦਾ ਬੋਝ ਤੂੰ ਆਪਣੇ ’ਤੇ ਨਾ ਲੱਦ। ਤੈਨੂੰ ਪਰਮਾਤਮਾ ਦੀ ਰਜ਼ਾ ਮੁਤਾਬਕ ਧੁਰੋਂ ਬੱਝੇ ਸੰਜੋਗਾਂ ਅਨੁਸਾਰ ਆਪਣੇ ਜੀਵਨ ਦੀ ਨਿਵੇਕਲੀ ਸ਼ੁਰੂਆਤ ਕਰਨੀ ਪਵੇਗੀ।