
ਚੰਡੀਗੜ੍ਹ, 9 ਅਪ੍ਰੈਲ – ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਭੱਜ ਦੌੜ ਕਰ ਰਹੇ ਹਨ। ਟਰੰਪ ਦੇ ਟੈਕਸਾਂ ਕਾਰਨ ਆਈਫੋਨ ਅਤੇ ਹੋਰ ਬੁਨਿਆਦੀ ਚੀਜ਼ਾਂ ਜਿਵੇਂ ਕਿ ਟਾਇਲਟ ਪੇਪਰ ਆਦਿ ਦੀਆਂ ਕੀਮਤਾਂ ਵਧ ਜਾਣਗੀਆਂ। ਇਸ ਕਾਰਨ ਐਪਲ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਟੈਕਸਾਂ ਨਾਲ ਆਈਫੋਨ 50 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਐਪਲ ਆਪਣੇ ਆਈਫੋਨਾਂ ਦੇ ਉਤਪਾਦਨ ਨੂੰ ਅਮਰੀਕਾ ਵਿਚ ਲੈ ਜਾਂਦਾ ਹੈ ਤਾਂ ਆਈਫੋਨ ਦੀ ਕੀਮਤ $2,000 ਤੋਂ ਵੀ ਵੱਧ ਹੋ ਸਕਦੀ ਹੈ। ਕਿਆਸ ਹਨ ਕਿ ਐਪਲ 9 ਅਪਰੈਲ ਨੂੰ ਨਵੇਂ ਟੈਕਸਾਂ ਦੇ ਅਮਲ ਵਿਚ ਆਉਣ ਕਰਕੇ ਫੋਨ ਸਟਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਈਆਂ ਦਾ ਮੰਨਣਾ ਹੈ ਕੰਪਨੀ ਵੱਲੋਂ ਆਈਫੋਨ 17 ਦੇ ਆਉਣ ਤੱਕ ਕੀਮਤਾਂ ਦੇ ਵਾਧੇ ਵਿਚ ਦੇਰੀ ਕੀਤੀ ਜਾ ਸਕਦੀ ਹੈ।
ਉਤਪਾਦਨ ਨੂੰ ਦੂਜੇ ਦੇਸ਼ਾਂ ਵਿਚ ਲੈ ਜਾਣ ਨਾਲ ਜਾਂ ਛੋਟ ਪ੍ਰਾਪਤ ਕਰਨ ਨਾਲ ਕੰਪਨੀ ਨੂੰ ਮਦਦ ਤਾਂ ਮਿਲ ਸਕਦੀ ਹੈ ਪਰ ਅਜੇ ਵੀ ਬੇਯਕੀਨੀ ਦਾ ਮਾਹੌਲ ਹੈ। ਐਪਲ ਆਪਣੇ ਜ਼ਿਆਦਾਤਰ ਫੋਨਾਂ ਦਾ ਉਤਪਾਦਨ ਚੀਨ ਤੋਂ ਕਰਦਾ ਹੈ ਇਸ ਲਈ ਉਸ ਨੂੰ ਜਵਾਬੀ ਟੈਕਸਾਂ ਦੀ ਵੱਡੀ ਮਾਰ ਸਹਿਣੀ ਪੈ ਸਕਦੀ ਹੈ। ਜੇਪੀ ਮੋਰਗਨ ਚੇਜ਼ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ ਲਾਗਤਾਂ ਦੀ ਪੂਰਤੀ ਲਈ ਐਪਲ ਨੂੰ ਦੁਨੀਆ ਭਰ ਵਿਚ ਕੀਮਤਾਂ ਵਿਚ 6% ਵਾਧਾ ਕਰਨਾ ਪੈ ਸਕਦਾ ਹੈ। ਹੋਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਐਪਲ ਕੀਮਤਾਂ ਨਹੀਂ ਵਧਾਉਂਦਾ ਹੈ ਤਾਂ ਉਹ ਆਪਣੀ ਕਮਾਈ ਦਾ 15% ਤੱਕ ਗੁਆ ਸਕਦਾ ਹੈ। ਭਾਵੇਂ ਐਪਲ ਨੇ ਆਪਣੇ ਕੁਝ ਉਤਪਾਦਨਾਂ ਨੂੰ ਦੂਜੇ ਦੇਸ਼ਾਂ ਵਿਚ ਤਬਦੀਲ ਕਰ ਦਿੱਤਾ ਹੈ, ਪਰ ਇਨ੍ਹਾਂ ਥਾਵਾਂ ’ਤੇ ਅਜੇ ਵੀ ਟੈਕਸ ਲੱਗ ਸਕਦੇ ਹਨ, ਜੋ ਐਪਲ ਦੇ ਵਿਕਲਪਾਂ ਨੂੰ ਸੀਮਤ ਕਰਦੇ ਹਨ। ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਨਤੀਜੇ ਵਜੋਂ ਐਪਲ ਅਮਰੀਕਾ ਵਿਚ ਆਈਫੋਨਾਂ ਦੀਆਂ ਕੀਮਤਾਂ ਵਿਚ 17 ਤੋਂ 18 ਫੀਸਦ ਤੱਕ ਵਧਾ ਸਕਦਾ ਹੈ।