![](https://ajdapunjab.com/wp-content/uploads/2025/02/37-2.jpg)
ਪਟਿਆਲਾ, 13 ਫਰਵਰੀ – ਪਾਵਰਕਾਮ ਅਪ੍ਰੈਂਟਸਸ਼ਿਪ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੇ ਆਪਣੀਆਂ ਮੰਗਾਂ ਵੀਰਵਾਰ ਨੂੰ ਮੁੜ ਇੱਥੇ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਜ਼ੋਰਦਾਰ ਮੁਜ਼ਾਹਰਾ ਕਰਦਿਆਂ ਫ਼ੁਹਾਰਾ ਚੌਕ ’ਤੇ ਧਰਨਾ ਦੇ ਕੇ ਮਾਲ ਰੋਡ ਜਾਮ ਕਰ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਗਾਤਾਰ 53 ਦਿਨ ਧਰਨਾ ਮਾਰਿਆ ਸੀ ਅਤੇ ਪਾਵਰਕੌਮ ਨੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਅੰਦੋਲਨ ਖ਼ਤਮ ਕਰਵਾ ਦਿੱਤਾ ਸੀ।
ਮੁਜ਼ਾਹਰਾਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਧਰਨਾ ਇਸ ਆਧਾਰ ’ਤੇ ਚੁੱਕਿਆ ਸੀ ਕਿਉਂਕਿ ਬਿਜਲੀ ਮੰਤਰੀ ਵੱਲੋਂ ਉਨ੍ਹਾਂ ਨੂੰ 5500 ਪੋਸਟਾਂ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਸਿਰਫ਼ 2500 ਪੋਸਟਾਂ ਹੀ ਕੱਢੀਆਂ ਗਈਆਂ ਹਨ। ਇਸ ਮਗਰੋਂ ਪਾਵਰਕਾਮ ਦੇ ਅਧਿਕਾਰੀਆਂ ਨੇ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਬਿਜਲੀ ਸਕੱਤਰ ਅਯੋਏ ਸਿੰਘ ਨਾਲ ਉਨ੍ਹਾਂ ਦੀ ਮੀਟਿੰਗ ਮੁਕੱਰਰ ਕਰਵਾਈ ਹੈ, ਜਿਸ ਤੋਂ ਬਾਅਦ ਅੱਜ ਦਾ ਧਰਨਾ ਸਮਾਪਤ ਕਰ ਦਿੱਤਾ ਗਿਆ।ਇਸ ਤੋਂ ਪਹਿਲਾਂ ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ, ਉਪ ਪ੍ਰਧਾਨ ਮਦਨ ਕੰਬੋਜ ਅਤੇ ਮੁੱਖ ਤਰਜਮਾਨ ਤੇ ਕੈਸ਼ੀਅਰ ਮਨਪ੍ਰੀਤ ਸਿੰਘ ਅਤੇ ਸਤਪਾਲ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।