![](https://ajdapunjab.com/wp-content/uploads/2025/02/36-2.jpg)
ਗੀਤ-ਸੰਗੀਤ ਸਾਡੀ ਰੂਹ ਦੀ ਖੁਰਾਕ ਹੈ। ਸੰਗੀਤ ਸਾਡੇ ਸਮਾਜਿਕ ਵਰਤਾਰੇ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਮਾਨਸਿਕ ਥਕਾਵਟ ਨੂੰ ਦੂਰ ਕਰਦਾ ਹੈ। ਢੋਲ ਦਾ ਡਗਾ, ਵਾਇਲਨ ਦੀਆਂ ਤਰੰਗਾਂ, ਗਿਟਾਰ ਦੀਆਂ ਧੁਨਾਂ ਅਤੇ ਬਹੁਤ ਸਾਰੇ ਸੰਗੀਤਕ ਯੰਤਰ ਮਨੁੱਖ ਨੂੰ ਆਪ-ਮੁਹਾਰੇ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਰੂਹਾਨੀਅਤ ਦੇ ਆਨੰਦ ਲਈ ਹੀ ਮਨੁੱਖ ਨੇ ਰੇਡੀਓ, ਟੈਲੀਵਿਜ਼ਨ, ਕੰਪਿਊਟਰ ਤੇ ਮੋਬਾਈਲ ਵਰਗੇ ਯੰਤਰ ਈਜਾਦ ਕੀਤੇ ਹਨ।
ਚੁੰਬਕੀ ਤਰੰਗਾਂ ਨਾਲ ਕੰਮ ਕਰਨ ਵਾਲਾ ਸੰਚਾਰ ਦਾ ਸਾਧਨ ਰੇਡੀਓ ਮਨੁੱਖ ਦਾ ਸਭ ਤੋਂ ਪੁਰਾਣਾ ਸਾਥੀ ਹੈ ਜਿਸ ਨੂੰ ਆਧੁਨਿਕਤਾ ਦੇ ਦੌਰ ਵਿਚ ਵੀ ਭੁਲਾਇਆ ਨਹੀਂ ਜਾ ਸਕਦਾ। ਰੇਡੀਓ ਦੀ ਖੋਜ ਦੀ ਲੰਬੀ ਕਹਾਣੀ ਹੈ। ਇਸ ਨੂੰ ਇਟਲੀ ਦੇ ਪ੍ਰਸਿੱਧ ਵਿਗਿਆਨੀ ਗੁਗਲੇਲਮੋ ਮਾਰਕੋਨੀ ਨੇ ਦਸੰਬਰ 1895 ਵਿਚ ਖੋਜਿਆ ਸੀ ਜਿਸ ਬਦੌਲਤ ਉਨ੍ਹਾਂ ਨੂੰ 1909 ਵਿਚ ਨੋਬਲ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਸੀ।
ਮਾਰਕੋਨੀ ਨੇ 1897 ਵਿਚ ਆਪਣੀ ਸਿਗਨਲ ਕੰਪਨੀ ਵਾਇਰਲੈਸ ਟੈਲੀਗ੍ਰਾਫ ਸ਼ੁਰੂ ਕੀਤੀ ਸੀ ਤੇ ਪਹਿਲੀ ਵਾਰ 12 ਮੀਲ ਤੱਕ ਰੇਡੀਓ ਸੰਦੇਸ਼ ਭੇਜਣ ਵਿਚ ਸਫਲਤਾ ਪ੍ਰਾਪਤ ਕੀਤੀ ਸੀ। ਸੰਨ 1899 ’ਚ ਇੰਗਲਿਸ਼ ਚੈਨਲ ਦੇ ਪਾਰ 31 ਮੀਲ ਤੱਕ ਉਹ ਆਪਣਾ ਰੇਡੀਓ ਸੰਦੇਸ਼ ਭੇਜਣ ਵਿਚ ਕਾਮਯਾਬ ਹੋਏ, ਇਸੇ ਤਰ੍ਹਾਂ 1901 ’ਚ ਮਾਰਕੋਨੀ ਪਹਿਲੀ ਵਾਰ (ਐੱਸ) ਅੱਖਰ ਨੂੰ ਸੈਂਸਰ ਕੋਡ ਦੁਆਰਾ ਐਟਲਾਂਟਿਕ ਸਾਗਰ ਦੇ ਆਰ-ਪਾਰ ਭੇਜਣ ਵਿਚ ਸਫਲ ਹੋਏ। ਇੰਗਲੈਂਡ ਵਿਚ ਪਹਿਲੀ ਵਾਰ ਮਾਰਕੋਨੀ ਦੇ ਬਣਾਏ ਯੰਤਰਾਂ ਨਾਲ ਹੀ 14 ਫਰਵਰੀ, 1922 ਨੂੰ ਰੇਡੀਓ ਪ੍ਰਸਾਰਨ ਸੇਵਾ ਆਰੰਭ ਕੀਤੀ ਗਈ ਸੀ। ਸੰਨ 1930 ’ਚ ਮਾਰਕੋਨੀ ਨੂੰ ‘ਰੋਇਲ ਅਕੈਡਮੀ ਆਫ ਇਟਲੀ’ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਉਹ 20 ਜੁਲਾਈ 1937 ਨੂੰ ਦਿਲ ਦਾ ਦੌਰਾ ਪੈਣ ਕਾਰਨ ਪਰਲੋਕ ਸਿਧਾਰ ਗਿਆ ਸੀ। ਮਾਰਕੋਨੀ ਦੀ ਮੌਤ ਕਾਰਨ ਸ਼ਰਧਾਂਜਲੀ ਵਜੋਂ ਅਮਰੀਕਾ, ਇੰਗਲੈਂਡ ਤੇ ਇਟਲੀ ਨੇ ਆਪਣੇ ਰੇਡੀਓ ਸਟੇਸ਼ਨ ਕੁਝ ਮਿੰਟਾਂ ਲਈ ਬੰਦ ਕਰ ਦਿੱਤੇ ਸਨ। ਭਾਰਤ ਵਿਚ ਰੇਡੀਓ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅੱਠ ਅਗਸਤ 1921 ਨੂੰ ਸੰਗੀਤ ਦੇ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਜੋ ਰੇਡੀਓ ਦੇ ਸਫ਼ਰ ਦੀ ਮੁੰਬਈ ਤੋਂ ਪੂਨੇ ਤੱਕ ਦੀ ਯਾਤਰਾ ਸੀ।
ਇਸ ਤੋਂ ਬਾਅਦ ਸ਼ੌਕੀਆ ਰੇਡੀਓ ਕਲੱਬਾਂ ਦਾ ਦੌਰ ਸ਼ੁਰੂ ਹੋਇਆ। ਤੇਰਾਂ ਨਵੰਬਰ 1923 ਨੂੰ ਰੇਡੀਓ ਕਲੱਬ ਬੰਗਾਲ, 8 ਜੂਨ 1923 ਨੂੰ ਮੁੰਬਈ ਪ੍ਰਾਈਵੇਟ ਸਰਵਿਸ ਕਲੱਬ ਅਤੇ 31 ਜੁਲਾਈ 1924 ਨੂੰ ਮਦਰਾਸ ਪ੍ਰੈਜ਼ੀਡੈਂਸੀ ਰੇਡੀਓ ਕਲੱਬ ਹੋਂਦ ਵਿਚ ਆਏ। ਤੇਈ ਜੁਲਾਈ 1927 ਨੂੰ ਇੰਡੀਅਨ ਬ੍ਰਾਡਕਾਸਟਿੰਗ ਕੰਪਨੀ (ਆਈਬੀਸੀ) ਦਾ ਨਿੱਜੀ ਪ੍ਰਸਾਰਨ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਮੁੰਬਈ ਦੇ ਵਾਇਸਰਾਏ ਲਾਰਡ ਇਰਵਿਨ ਨੇ ਕੀਤਾ ਸੀ। ਇਹ ਮੀਡੀਅਮ-ਵੇਵ ਟਰਾਂਸਮੀਟਰ ਡੇਢ ਕਿੱਲੋਵਾਟ ਦਾ ਸੀ ਜੋ 48 ਕਿੱਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੰਦਾ ਸੀ।
ਇਹੋ ਜਿਹੇ ਹੀ ਛੋਟੇ ਸਟੇਸ਼ਨ ਕੇਂਦਰ ਰਾਂਚੀ, ਰੰਗੂਨ ਵਿਚ ਵੀ ਸਥਾਪਤ ਕੀਤੇ ਗਏ। ਇਸੇ ਤਰ੍ਹਾਂ ਹੀ 1930 ਵਿਚ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਸਰਵਿਸ ਸ਼ੁਰੂ ਕੀਤੀ ਗਈ। ਸੰਨ 1935 ਵਿਚ ਮਾਰਕੋਨੀ ਦੀ ਕੰਪਨੀ ਦੀ ਮਦਦ ਨਾਲ 250 ਕਿੱਲੋਵਾਟ ਦਾ ਟਰਾਂਸਮੀਟਰ ਪਿਸ਼ਾਵਰ ਵਿਚ ਲਗਾਇਆ ਗਿਆ ਜਿਸ ਵਿਚ 14 ਪਿੰਡਾਂ ਨੂੰ ਗ੍ਰਾਮੀਣ ਪ੍ਰਸਾਰਨ ਲਈ ਚੁਣਿਆ ਗਿਆ। ਇਹ ਪ੍ਰਸਾਰਨ ਰੋਜ਼ ਸ਼ਾਮ ਨੂੰ ਇਕ ਘੰਟਾ ਕੀਤਾ ਜਾਂਦਾ ਸੀ। ਇਸ ਤਰਜ਼ ’ਤੇ ਹੀ ਮੈਸੂਰ ਵਿਚ 250 ਕਿੱਲੋਵਾਟ ਦਾ ਕੇਂਦਰ ਸਥਾਪਤ ਕੀਤਾ ਗਿਆ ਜਿਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ ਗਿਆ। ਅੱਠ ਜੂਨ 1936 ਨੂੰ ਇਸ ਕੇਂਦਰ ਨੂੰ ਹੀ ਇੰਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਸਰਵਿਸ ਦਾ ਨਾਂ ਦਿੱਤਾ ਗਿਆ। ਸੰਨ 1941 ਵਿਚ ਪਹਿਲੀ ਵਾਰ ਸੂਚਨਾ ਪ੍ਰਸਾਰਨ ਵਿਭਾਗ ਬਣਾਇਆ ਗਿਆ।
ਸੰਨ 1947 ਤੱਕ ਭਾਰਤ ਵਿਚ ਕੇਵਲ 9 ਰੇਡੀਓ ਸਟੇਸ਼ਨ ਚੱਲ ਰਹੇ ਸਨ ਜਿਨ੍ਹਾਂ ਵਿਚ ਢਾਕਾ, ਲਾਹੌਰ ਅਤੇ ਪਿਸ਼ਾਵਰ ਵੀ ਸ਼ਾਮਲ ਸਨ। ਅੱਜ ਰੇਡੀਓ ਭਾਰਤ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ ਜਿੱਥੇ 23 ਤੋਂ ਵੱਧ ਭਾਸ਼ਾਵਾਂ ਅਤੇ 150 ਬੋਲੀਆਂ ਵਿਚ ਰੇਡੀਓ ਪ੍ਰਸਾਰਨ ਹੁੰਦਾ ਹੈ। ਅੱਜ ਬਹੁਤ ਸਾਰੇ ਰੇਡੀਓ ਸਟੇਸ਼ਨ ਡਿਜੀਟਲ ਬ੍ਰਾਡਕਾਸਟਿੰਗ ਪ੍ਰਣਾਲੀ ਦੁਆਰਾ ਚਲਾਏ ਜਾਂਦੇ ਹਨ ਜਿਸ ਵਿਚ ਰੇਡੀਓ ਆਨ ਡਿਮਾਂਡ ਅਤੇ ਨਿਊਜ਼ ਇਨ ਫੋਨ ਵਿਵਸਥਾ ਦੁਆਰਾ ਲੋਕਾਂ ਦੀ ਪਸੰਦ ਦਾ ਵਿਕਲਪ ਦਿੱਤਾ ਜਾਂਦਾ ਹੈ। ਸਾਡੇ ਦੇਸ਼ ਵਿਚ ਰੇਡੀਓ ਦਾ ਪਹਿਲਾ ਬੁਲੇਟਿਨ 19 ਜਨਵਰੀ 1936 ਨੂੰ ਮੁੰਬਈ ਤੋਂ ਪ੍ਰਸਾਰਿਤ ਕੀਤਾ ਗਿਆ ਸੀ।