ਪਟਿਆਲਾ, 27 ਜਨਵਰੀ – ਪਟਿਆਲਾ ਦੇ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਸ ਹਰ ਤਰ੍ਹਾਂ ਦੇ ਗ਼ੈਰ-ਸਮਾਜੀ ਅਨਸਰ ਨਾਲ ਨਜਿੱਠਣ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਦੇਸ਼ ਤੇ ਸਮਾਜ ਵਿਰੋਧੀ ਤੱਤਾਂ ਨਾਲ ਕਰੜੇ ਹੱਥੀਂ ਸਿੱਝਿਆ ਜਾਵੇਗਾ। ਉਹਨਾ ਸ਼ਨੀਵਾਰ ਐੱਸ ਐੱਸ ਪੀ ਪਟਿਆਲਾ ਡਾ. ਨਾਨਕ ਸਿੰਘ ਨਾਲ ਪੋਲੋ ਗਰਾਊਂਡ, ਜਿੱਥੇ ਕਿ ਗਣਤੰਤਰ ਦਿਵਸ ਦਾ ਸਮਾਗਮ ਹੋਣਾ ਹੈ, ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਸਿੱਧੂ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪੁਲਸ ਕਿਸੇ ਅਜਿਹੇ ਵਿਅਕਤੀ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ, ਜੋ ਕਿ ਵਿਦੇਸ਼ਾਂ ਵਿੱਚ ਬੈਠ ਕੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੋਵੇ।
ਪੰਜਾਬ ਪੁਲਸ ਵੱਲੋਂ ਗਣਤੰਤਰ ਦਿਵਸ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਪਟਿਆਲਾ ਵਿਖੇ ਹੋਣ ਵਾਲੇ ਸਮਾਗਮ ਦੇ ਸੰਬੰਧ ਵਿੱਚ ਗੁਰਪਤਵੰਤ ਸਿੰਘ ਪਨੂੰ ਵੱਲੋਂ ਦਿੱਤੀ ਧਮਕੀ ਬਾਰੇ ਪੁੱਛੇ ਜਾਣ ਉਤੇ ਸਿੱਧੂ ਨੇ ਕਿਹਾ ਕਿ ਭਗੌੜੇ ਪਨੰੂ ਨੂੰ ਪੰਜਾਬ ਪੁਲਸ ਬਹੁਤ ਜਲਦ ਹੀ ਪੁਲਸ ਦੇ ਕੈਂਟਰ ਵਿੱਚ ਬਿਠਾ ਕੇ ਪਟਿਆਲਾ ਜੇਲ੍ਹ ਵਿੱਚ ਭੇਜੇਗੀ।ਉਹ ਵਿਦੇਸ਼ੀ ਧਰਤੀ ’ਤੇ ਬੈਠ ਕੇ ਗਿੱਦੜ ਭਬਕੀਆਂ ਦਿੰਦਾ ਹੈ, ਜਿਸ ਦਾ ਮਕਸਦ ਸਿਰਫ਼ ਤੇ ਸਿਰਫ਼ ਦਹਿਸ਼ਤ ਫੈਲਾਉਣਾ ਹੈ। ਉਹਨਾ ਸਪੱਸ਼ਟ ਕੀਤਾ ਕਿ ਪੰਜਾਬ ਪੁਲਸ ਅਜਿਹੇ ਗ਼ੈਰ-ਸਮਾਜੀ ਅਨਸਰਾਂ ਦੀਆਂ ਫੋਕੀਆਂ ਫੜਾਂ ਤੇ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ। ਪਨੰੂ ਦੇ ਇਹ ਢਕਵੰਜ ਸਿਰਫ ਵਿਦੇਸ਼ਾਂ ਵਿਚ ਬੈਠ ਕੇ ਪੈਸੇ ਇਕੱਠੇ ਕਰਨ ਲਈ ਹੀ ਹਨ।ਉਹ ਸਮਾਜਿਕ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰੰਤੂ ਉਸ ਨੂੰ ਅਹਿਸਾਸ ਨਹੀਂ ਕਿ ਪਟਿਆਲਾ ਸ਼ਹਿਰ ਦੇ ਲੋਕ ਕਾਲੀ ਮਾਤਾ ਮੰਦਰ ਵੀ ਜਾਂਦੇ ਹਨ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵੀ ਜਾਂਦੇ ਹਨ, ਇਸ ਲਈ ਇਥੋਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਪਨੂੰ ਖੁਦ ਵੀ ਪੂਰਨ ਸਿੱਖ ਨਜ਼ਰ ਨਹੀਂ ਆਉਦਾ, ਇਸ ਲਈ ਨੌਜਵਾਨ ਉਸ ਦੇ ਝਾਂਸੇ ਵਿੱਚ ਨਾ ਆਉਣ।