ਨਵੀਂ ਦਿੱਲੀ, 27 ਜਨਵਰੀ – ਕਾਂਗਰਸ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਕੌਮੀ ਵੋਟਰ ਦਿਵਸ ’ਤੇ ‘ਖ਼ੁਦ ਹੀ ਆਪਣੇ-ਆਪ ਨੂੰ ਦਿੱਤੀ ਵਧਾਈ’ ਇਸ ਸੱਚ ਨੂੰ ਛੁਪਾ ਨਹੀਂ ਸਕਦੀ ਕਿ ਦੇਸ਼ ਦਾ ਚੋਣਾਂ ਕਰਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਜਿਵੇਂ ਕੰਮ ਕਰ ਰਿਹਾ ਹੈ, ਇਹ ਨਾ ਸਿਰਫ਼ ਸੰਵਿਧਾਨ ਦਾ ‘ਮਜ਼ਾਕ’ ਬਣਾ ਰਿਹਾ ਹੈ, ਸਗੋਂ ਇਹ ਵੋਟਰਾਂ ਦਾ ਅਪਮਾਨ ਵੀ ਕਰ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਣੇ ਵੱਖ-ਵੱਖ ਕਾਂਗਰਸੀ ਆਗੂਆਂ ਨੇ ਸਨਿੱਚਰਵਾਰ ਕੌਮੀ ਵੋਟਰ ਦਿਵਸ ਮੌਕੇ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ਉਤੇ ਜਾਰੀ ਵੱਖ-ਵੱਖ ਪੋਸਟਾਂ ਵਿੱਚ ਦੋਸ਼ ਲਗਾਇਆ ਕਿ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਵੱਲੋਂ ਚੋਣ ਕਮਿਸ਼ਨ ਦੀ ਪੇਸ਼ੇਵਰਾਨਾ ਪਹੁੰਚ ਅਤੇ ਆਜ਼ਾਦੀ ਨਾਲ ‘ਬਹੁਤ ਸਮਝੌਤਾ’ ਕੀਤਾ ਗਿਆ ਹੈ।
ਖੜਗੇ ਨੇ ਕਿਹਾਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ, ਤਾਂ ਪਿਛਲੇ ਦਸ ਸਾਲਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀ ਸੰਸਥਾਗਤ ਅਖੰਡਤਾ ਨੂੰ ਲਗਾਤਾਰ ਲੱਗਾ ਖੋਰਾ ਗੰਭੀਰ ਕੌਮੀ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾਸਾਡੇ ਲਈ ਇਹ ਯਾਦ ਰੱਖਣਾ ਸਿੱਖਿਆਦਾਇਕ ਹੈ ਕਿ ਆਰ ਐੱਸ ਐੱਸ ਦੇ ਹਫਤਾਵਾਰੀ ਪਰਚੇ ‘ਆਰਗੇਨਾਈਜ਼ਰ’ ਨੇ 7 ਜਨਵਰੀ 1952 ਨੂੰ ਪਹਿਲੀਆਂ ਆਮ ਚੋਣਾਂ ਦੇ ਦੌਰਾਨ ਕੀ ਲਿਖਿਆ ਸੀ।