ਲਾਹੌਰ, 16 ਨਵੰਬਰ – ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਮਾਗਮ ਵਿੱਚ ਜਾ ਰਹੇ ਪਾਕਿਸਤਾਨੀ ਹਿੰਦੂ ਸ਼ਰਧਾਲੂ ਦੀ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਿੰਧ ਸੂਬੇ ਦੇ ਲੜਕਾਨਾ ਸ਼ਹਿਰ ਦਾ ਵਸਨੀਕ ਰਾਜੇਸ਼ ਕੁਮਾਰ ਆਪਣੇ ਦੋਸਤ ਅਤੇ ਜੀਜੇ ਨਾਲ ਕਾਰ ’ਤੇ ਲਾਹੌਰ ਤੋਂ ਨਨਕਾਣਾ ਸਾਹਿਬ ਜਾ ਰਿਹਾ ਸੀ। ਲਾਹੌਰ ਤੋਂ ਕਰੀਬ 60 ਕਿਲੋਮੀਟਰ ਦੂਰ ਮਾਨਾਂਵਾਲਾ-ਨਨਕਾਣਾ ਸਾਹਿਬ ਰੋਡ ’ਤੇ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲੀਸ ਨੇ ਕਿਹਾ, ‘ਬੰਦੂਕਧਾਰੀਆਂ ਨੇ ਤਿੰਨਾਂ ਤੋਂ 4,50,000 ਪਾਕਿਸਤਾਨੀ ਰੁਪਏ ਅਤੇ ਡਰਾਈਵਰ ਤੋਂ 10,000 ਰੁਪਏ ਖੋਹ ਲਏ। ਰਾਜੇਸ਼ ਵੱਲੋਂ ਵਿਰੋਧ ਕਰਨ ’ਤੇ ਲੁਟੇਰੇ ਰਾਜੇਸ਼ ’ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ।’ ਇਸ ਤੋਂ ਬਾਅਦ ਰਾਜੇਸ਼ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਕੁਮਾਰ ਦੇ ਜੀਜੇ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।