
ਨਵੀਂ ਦਿੱਲੀ, 9 ਅਪ੍ਰੈਲ – ਪੰਜਾਬ ਕਿੰਗਜ਼ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੈਚ ਵਿੱਚ ਆਈਪੀਐਲ ਦੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ। BCCI ਨੇ ਮੈਕਸਵੈੱਲ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨੇ ਵਜੋਂ ਕੱਟ ਲਿਆ ਹੈ। ਇਸ ਦੇ ਨਾਲ ਹੀ ਉਸਨੂੰ ਇੱਕ ਡੀਮੈਰਿਟ ਪੁਆਇੰਟ ਵੀ ਦਿੱਤਾ ਗਿਆ ਹੈ। ਪੰਜਾਬ ਕਿੰਗਜ਼ ਨੇ ਇਹ ਮੈਚ 18 ਦੌੜਾਂ ਨਾਲ ਜਿੱਤ ਲਿਆ। ਪ੍ਰਿਯਾਂਸ਼ ਆਰੀਆ ਨੇ 42 ਗੇਂਦਾਂ ਵਿੱਚ 103 ਦੌੜਾਂ ਦੀ ਪਾਰੀ ਖੇਡੀ, ਜਿਸ ਲਈ ਉਸਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
ਆਈਪੀਐਲ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਪੰਜਾਬ ਕਿੰਗਜ਼ ਦੇ ਆਲਰਾਉਂਡਰ ਗਲੇਨ ਮੈਕਸਵੈੱਲ ਨੂੰ ਮੰਗਲਵਾਰ ਨੂੰ ਨਿਊ ਚੰਡੀਗੜ੍ਹ ਦੇ ਨਿਊ PCA ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਆਪਣੀ ਟੀਮ ਦੇ ਮੈਚ ਦੌਰਾਨ ਆਈਪੀਐਲ ਜ਼ਾਬਤੇ ਦੀ ਉਲੰਘਣਾ ਕਰਨ ਲਈ ਉਸਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ ਤੇ ਇੱਕ ਡੀਮੈਰਿਟ ਅੰਕ ਵੀ ਪ੍ਰਾਪਤ ਕੀਤਾ ਹੈ। ਗਲੇਨ ਮੈਕਸਵੈੱਲ ਨੇ ਧਾਰਾ 2.2 (ਮੈਚ ਦੌਰਾਨ ਫਿਕਸਚਰ ਅਤੇ ਫਿਟਿੰਗ ਦੀ ਦੁਰਵਰਤੋਂ) ਦੇ ਤਹਿਤ ਲੈਵਲ 1 ਦੇ ਅਪਰਾਧ ਨੂੰ ਸਵੀਕਾਰ ਕੀਤਾ ਤੇ ਮੈਚ ਰੈਫਰੀ ਦੀ ਸਜ਼ਾ ਸਵੀਕਾਰ ਕਰ ਲਈ। ਲੈਵਲ 1 ਦੇ ਆਚਾਰ ਸੰਹਿਤਾ ਦੀ ਉਲੰਘਣਾ ਲਈ, ਮੈਚ ਰੈਫਰੀ ਦਾ ਫੈਸਲਾ ਅੰਤਿਮ ਹੈ।
ਜ਼ਿਕਰ ਕਰ ਦਈਏ ਕਿ ਗਲੇਨ ਮੈਕਸਵੈੱਲ ਦੇ ਬੱਲੇ ਨੇ ਅਜੇ ਤੱਕ ਆਈਪੀਐਲ 2025 ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ, ਉਸਨੇ 3 ਪਾਰੀਆਂ ਵਿੱਚ 31 ਦੌੜਾਂ ਬਣਾਈਆਂ ਹਨ। ਉਸਨੇ ਰਾਜਸਥਾਨ ਰਾਇਲਜ਼ ਵਿਰੁੱਧ 30 ਦੌੜਾਂ ਬਣਾਈਆਂ, ਜਦੋਂ ਕਿ ਉਹ ਗੁਜਰਾਤ ਟਾਈਟਨਜ਼ ਵਿਰੁੱਧ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇ ਗਏ ਮੈਚ ਵਿੱਚ, ਉਹ 1 ਦੌੜ ਬਣਾ ਕੇ ਆਊਟ ਹੋ ਗਿਆ। ਹਾਲਾਂਕਿ, ਉਹ ਗੇਂਦਬਾਜ਼ੀ ਵਿੱਚ ਵਧੀਆ ਯੋਗਦਾਨ ਪਾ ਰਿਹਾ ਹੈ, ਟੂਰਨਾਮੈਂਟ ਵਿੱਚ ਹੁਣ ਤੱਕ 3 ਵਿਕਟਾਂ ਲੈ ਚੁੱਕਾ ਹੈ।