
ਫਤਹਿਗੜ੍ਹ ਸਾਹਿਬ, 9 ਅਪ੍ਰੈਲ – ਸਾਬਕਾ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਚੀਮਾ ਦੀ ਮੌਤ ਉੱਤੇ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ. ਚੀਮਾ ਦੀ ਮੌਤ ਕਾਰਨ ਉਹਨਾਂ ਦੇ ਪਰਿਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਨੂੰ ਵੀ ਬਹੁਤ ਘਾਟਾ ਪਿਆ ਹੈ।
ਉਹਨਾਂ ਦੱਸਿਆ ਕਿ ਸਵ. ਸ. ਰਣਧੀਰ ਸਿੰਘ ਚੀਮਾ ਨੂੰ ਅੱਜ ਵੀ ਫ਼ਤਿਹਗੜ੍ਹ ਸਾਹਿਬ ਇਲਾਕੇ ਦੇ ਲੋਕ ਸੜਕਾਂ ਵਾਲਾ ਮੰਤਰੀ ਕਹਿ ਕੇ ਯਾਦ ਕਰਦੇ ਹਨ। ਬੀਬੀ ਸਰਹਿੰਦ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਚੀਮਾ ਪਰਿਵਾਰ ਨਾਲ ਉਹਨਾਂ ਦੇ ਪਰਿਵਾਰ ਦੇ ਬਹੁਤ ਪੁਰਾਣੇ ਸਬੰਧ ਸਨ, ਉਹ ਜਾਣਦੇ ਹਨ ਕਿ ਸ. ਚੀਮਾ ਜਦੋਂ ਤੱਕ ਸਿਹਤਯਾਬ ਰਹੇ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰੇਕ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਸਨ ਤੇ ਉਹਨਾਂ ਦੀ ਮਦਦ ਕਰਦੇ ਸਨ।