ਕਿਰਤੀ ਕਿਸਾਨ ਯੂਨੀਅਨ ਵੱਲੋਂ ਝੋਨੇ ਦੀ ਬਿਜਾਈ ਅਤੇ ਹੋਰ ਭੱਖਦੀਆਂ ਮੰਗਾਂ ਲਈ ਡੀਸੀ ਦਫ਼ਤਰ ਤੱਕ ਰੋਸ ਮਾਰਚ

ਸੰਗਰੂਰ, 9 ਅਪ੍ਰੈਲ – ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਜ਼ਿਲੇ ਦੇ ਕਿਸਾਨ ਆਗੂਆਂ ਦੀ ਇਕੱਤਰਤਾ ਸਥਾਨਕ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਹੋਈ ਜਿੱਥੇ ਕਿਸਾਨਾਂ ਦੇ ਭੱਖਦੇ ਮੁੱਦੇ ਜਿਵੇਂ ਕਿ ਝੋਨੇ ਦੀ ਬਿਜਾਈ, ਕਣਕ ਦੀ ਖਰੀਦ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਕਤੀ, ਲਗਾਤਾਰ ਧਰਤੀ ਹੇਠਲਾ ਡੂੰਘਾ ਜਾ ਰਿਹਾ ਪਾਣੀ ਆਦ ਮੰਗਾਂ ਤੇ ਚਰਚਾ ਕਰਦਿਆਂ ਉਸ ਤੋਂ ਬਾਅਦ ਇਹਨਾਂ ਮੰਗਾਂ ਸਬੰਧੀ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਪਰ ਮੰਡੀਆਂ ਵਿੱਚ ਅਜੇ ਤੱਕ ਖਰੀਦ ਦੇ ਕੋਈ ਪੁਖਤਾ ਪ੍ਰਬੰਧ ਨਜ਼ਰ ਨਹੀਂ ਆ ਰਹੇ।

ਕਿਸਾਨਾਂ ਨੂੰ ਖਦਸਾ ਹੈ ਕਿ ਝੋਨੇ ਦੇ ਸੀਜਨ ਵਾਂਗ ਉਹਨਾਂ ਨੂੰ ਮੰਡੀਆਂ ਵਿੱਚ ਨਾ ਰੁਲਣਾ ਪਵੇ, ਇਸੇ ਤਰ੍ਹਾਂ ਝੋਨੇ ਦੀ ਬਿਜਾਈ ਸਬੰਧੀ ਵੀ ਕਿਸਾਨਾਂ ਵਿੱਚ ਵੱਡਾ ਭੰਬਲਭੂਸਾ ਪਾਇਆ ਜਾ ਰਿਹਾ ਹੈ। ਕਿਉਂਕਿ ਪਿਛਲੀ ਵਾਰ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਝੋਨੇ ਦੀ ਪੀਆਰ 126 ਕਿਸਮ ਬੀਜਣ ਤੱਦ ਕਿਸਾਨਾਂ ਨੇ ਵੱਡੀ ਪੱਧਰ ਤੇ ਇਸ ਕਿਸਮ ਦੀ ਬਿਜਾਈ ਕੀਤੀ ਸੀ, ਪਰ ਮੰਡੀਆਂ ਵਿੱਚ ਕਿਸਾਨਾਂ ਨੂੰ 15-15 ਦਿਨ ਖੱਜਲ ਖੁਆਰ ਹੋਣਾ ਪਿਆ ਤੇ ਪ੍ਰਤੀ ਕੁਇੰਟਲ ਪੰਜ ਤੋਂ ਲੈ ਕੇ 15 ਕਿਲੋ ਕਾਟ ਦੇ ਕੇ ਘਾਟੇ ਨਾਲ ਫਸਲ ਵੇਚਣੀ ਪਈ। ਉਸ ਤੋਂ ਡਰ ਕੇ ਕਿਸਾਨ 126 ਝੋਨਾ ਬੀਜਣ ਤੋਂ ਪਿੱਛੇ ਹਟ ਰਹੇ ਹਨ, ਪਰ ਜਿਸ ਫਸਲ ਨੂੰ ਸੈੱਲਰ ਮਾਲਕ ਖੁਸ਼ ਹੋ ਕੇ ਚੱਕਦੇ ਹਨ ਪੂਸ਼ਾ 44 ਉਸ ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ ਜਿਸ ਦੇ ਬੀਜ ਪਹਿਲਾਂ ਹੀ ਕਿਸਾਨ ਪ੍ਰਾਈਵੇਟ ਡੀਲਰਾਂ ਕੋਲੋਂ ਮਹਿੰਗੇ ਮੁੱਲ ਖਰੀਦ ਚੁੱਕੇ ਹਨ।

ਇਸ ਕਰਕੇ ਸਰਕਾਰ ਇਹ ਭੰਬਲਭੂਸਾ ਦੂਰ ਕਰੇ। ਬਾਸਮਤੀ, ਮੱਕੀ, ਮੂੰਗੀ ਤੇ ਐਮਐਸਪੀ ਦਾ ਐਲਾਨ ਕਰਕੇ ਖਰੀਦ ਦੀ ਗਾਰੰਟੀ ਕਰੇ ਅਤੇ ਝੋਨੇ ਦੀ ਕਿਹੜੀ ਫਸਲ ਸਰਕਾਰ ਆਪਦੀ ਗਰੰਟੀ ਤੇ ਖਰੀਦੇਗੀ ਉਸ ਦੀ ਬਿਜਾਈ ਆਪਣੀ ਜਿੰਮੇਵਾਰੀ ਤੇ ਕਰਵਾਵੇ ਅਤੇ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਤੁਹਾਡੀ ਫਸਲ ਤੇ ਕਾਟ ਨਹੀਂ ਲੱਗੇਗੀ। ਇਸ ਤੋਂ ਬਿਨਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਚਿੰਤਾ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਅਤੇ ਬਦਲਵੀਆਂ ਫਸਲਾਂ ਦੇ ਰੇਟ ਤੈਅ ਕਰਕੇ ਸਰਕਾਰ ਖਰੀਦਣ ਦੀ ਗਰੰਟੀ ਕਰੇ। ਫਿਰ ਹੀ ਕਿਸਾਨ ਕਣਕ ਝੋਨੇ ਤੋਂ ਪਿੱਛੇ ਆ ਸਕਦੇ ਹਨ ਪਰ ਸਰਕਾਰ ਲਗਾਤਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ।

ਇਸ ਵਾਰ ਦੇ ਬਜਟ ਵਿੱਚ ਪਿਛਲੇ ਬਜਟ ਤੋਂ ਘੱਟ ਫੰਡ ਰੱਖਣਾ ਸਰਕਾਰ ਦੀ ਗੰਭੀਰਤਾ ਨੂੰ ਸਿੱਧ ਕਰਦਾ ਹੈ। ਮੰਗ ਪੱਤਰ ਵਿੱਚ ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਜੋ ਲਗਾਤਾਰ ਪੰਜਾਬ ਵਿੱਚ ਮੱਝਾ ਦੀ ਗਿਣਤੀ ਘੱਟ ਰਹੀ ਹੈ ਪਰ ਆਬਾਦੀ ਵਧਣ ਦੇ ਨਾਲ ਦੁੱਧ ਦੀ ਖਪਤ ਵੱਧ ਰਹੀ ਹੈ। ਪਰ ਫਿਰ ਵੀ ਕਿਸੇ ਪਾਸਿਓਂ ਦੁੱਧ ਦੀ ਕਮੀ ਮਹਿਸੂਸ ਨਹੀਂ ਹੋ ਰਹੀ ਇਸਦਾ ਕਾਰਨ ਬਾਜ਼ਾਰ ਵਿੱਚ ਧੜੱਲੇ ਨਾਲ ਵਿਕ ਰਿਹਾ ਨਕਲੀ ਦੁੱਧ ਹੈ। ਇਸ ਤੇ ਲਗਾਮ ਕਸਣ ਲਈ ਸਰਕਾਰ ਬਲਾਕ ਪੱਧਰ ਤੇ ਦੁੱਧ ਚੈਕਿੰਗ ਲੈਬਾਂ ਬਣਾਵੇ ਜਿੱਥੋਂ ਖਪਤਕਾਰ ਕੱਟ ਕੀਮਤ ਤੇ ਦੁੱਧ ਤੇ ਹੋਰ ਉਤਪਾਦਾਂ ਨੂੰ ਚੈੱਕ ਕਰਵਾ ਸਕਣ, ਇਸੇ ਤਰ੍ਹਾਂ ਆਗੂਆਂ ਨੇ ਪੰਜਾਬ ਦੇ ਵਪਾਰ ਵਿੱਚ ਵਾਧਾ ਕਰਨ ਲਈ ਹੁਸੈਨੀਵਾਲਾ ਅਤੇ ਵਾਹਗਾ ਬਾਰਡਰਾਂ ਰਸਤੇ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਵੀ ਮੰਗ ਕੀਤੀ,ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਕਰਨ ਬਾਰੇ ਸਰਕਾਰ ਦੀ ਵੱਟੀ ਹੋਈ ਚੁੱਪ ਤੇ ਸਵਾਲ ਚੁੱਕਦਿਆਂ ਇਹਨਾਂ ਕਰਜ਼ਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ। ਇਕੱਤਰਤਾ ਵਿੱਚ ਚਰਚਾ ਕਰਨ ਤੋਂ ਬਾਅਦ ਕਿਸਾਨ ਕਾਫਲੇ ਦੇ ਰੂਪ ਵਿੱਚ ਗਦਰ ਭਵਨ ਤੋਂ ਡੀਸੀ ਦਫਤਰ ਤੱਕ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਡਿਊਟੀ ਮੈਜਿਸਟਰੇਟ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ।

ਸਾਂਝਾ ਕਰੋ

ਪੜ੍ਹੋ