ਹਰਿਆਣਾ, 26 ਅਕਤੂਬਰ – ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਬਾਰੇ ਇੱਕ ਮੈਸਿਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਹੁਣ ਇਸ ਮਾਮਲੇ ‘ਤੇ ਕੈਬਨਿਟ ਮੰਤਰੀ ਅਨਿਲ ਵਿਜ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ। ਅੰਬਾਲਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਨਿਲ ਵਿੱਜ ਨੇ ਇਸ ਮੈਸਿਜ ਦਾ ਖੰਡਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਹਰਿਆਣਾ ਦੇ ਟਰਾਂਸਪੋਰਟ ਅਤੇ ਊਰਜਾ ਮੰਤਰੀ ਅਨਿਲ ਵਿੱਜ ਨੇ ਸੋਸ਼ਲ ਮੀਡੀਆ ਸੰਦੇਸ਼ ਦਾ ਖੰਡਨ ਕਰਦੇ ਹੋਏ ਕਿਹਾ ਕਿ ਕੁਝ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਜੇਕਰ ਕੋਈ ਬੱਸ ‘ਚ ਖੜ੍ਹੇ ਹੋ ਕੇ ਸਫ਼ਰ ਕਰੇਗਾ ਤਾਂ ਉਸ ਨੂੰ ਟਿਕਟ ਨਹੀਂ ਲੈਣੀ ਪਵੇਗੀ। ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਅਨਿਲ ਵਿੱਜ ਨੂੰ ਇਸ ਵਾਰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ ਅਤੇ ਮੰਤਰਾਲੇ ਦਾ ਅਹੁਦਾ ਸੰਭਾਲਦੇ ਹੀ ਉਹ ਹਰਕਤ ਵਿੱਚ ਨਜ਼ਰ ਆਏ। ਅਜੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਰੋਡਵੇਜ਼ ਦੀ ਬੱਸ ਵਿੱਚ ਸਫਰ ਕਰਕੇ ਅੰਬਾਲਾ ਤੋਂ ਕਰਨਾਲ ਤੱਕ ਬੱਸ ਸਟੈਂਡ ਦਾ ਨਿਰੀਖਣ ਕੀਤਾ ਸੀ ਅਤੇ ਇੱਕ ਅਧਿਕਾਰੀ ਨੂੰ ਮੁਅੱਤਲ ਵੀ ਕੀਤਾ ਸੀ। ਵਿਜ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ।
ਦਿੱਲੀ ’ਚ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ’ਤੇ ਲੱਗੇ ਦੋਸ਼ਾਂ ਤੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਗਲਤੀ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੀ ਹੈ। ਪੰਜਾਬ ’ਚੋਂ ਧੂੰਆਂ ਆ ਰਿਹਾ ਹੈ ਅਤੇ ਇਸ ਨਾਲ ਪ੍ਰਦੂਸ਼ਣ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਬਿਆਨ ਝੂਠਾ ਸਾਬਤ ਹੋਇਆ ਹੈ। ਵਿਜ ਨੇ ਕਿਹਾ ਕਿ ਹੁਣ ਜੋ ਹੁੱਡਾ ਸਾਹਿਬ ਚਾਹੁੰਦੇ ਸਨ, ਉਹ ਨਹੀਂ ਹੋਇਆ। ਪੰਜਾਬੀ ਦੀ ਇੱਕ ਕਹਾਵਤ ਹੈ, “ਨਹਾਤੀ ਧੋਤੀ ਰਹੀ ਗਈ, ਮੂੰਹ ’ਤੇ ਮੱਖੀ ਬਹਿ ਗਈ।” ਉਨ੍ਹਾਂ ਦੀ ਸਰਕਾਰ ਨਹੀਂ ਬਣੀ। ਇਸ ਕਰਕੇ ਉਹ ਬਹੁਤ ਨਿਰਾਸ਼ ਹਨ। ਹੁੱਡਾ ’ਤੇ ਵਿਅੰਗ ਕਰਦਿਆਂ ਵਿਜ ਨੇ ਕਿਹਾ ਕਿ ਹੁੱਡਾ ਸਾਹਿਬ ਨੇ ਪਹਿਲਾਂ ਹੀ ਅਧਿਕਾਰੀਆਂ ਦੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਬਤੌਰ ਮੁੱਖ ਮੰਤਰੀ ਵੀ ਉਨ੍ਹਾਂ ਨੂੰ ਆਦੇਸ਼ ਦੇਣ ਲੱਗੇ ਸਨ, ਪਰ ਉਨ੍ਹਾਂ ਨੂੰ ਅਜੇ ਵੀ ਜਨਤਾ ਦੀ ਨਬਜ਼ ਨਹੀਂ ਪਤਾ।