ਬੁੱਧ ਬਾਣ/ਮੁੱਦਿਆਂ ਵਿਹੂਣੀ ਸਿਆਸੀ ਸਰਕਸ!/ਬੁੱਧ ਸਿੰਘ ਨੀਲੋਂ

ਇਸ ਸਮੇਂ ਪੰਜਾਬ ਵਿੱਚ ਮੁੱਦਿਆਂ ਤੋਂ ਵਿਹੂਣੀ ਸਿਆਸੀ ਸਰਕਸ ਲੋਕਾਂ ਨੂੰ ਦਿਖਾਈ ਜਾ ਰਹੀ ਹੈ। ਇਸ ਸਰਕਸ ਦਾ ਕੌਣ ਸੂਤਰਧਾਰ ਹੈ, ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਰ ਸਿਆਸੀ ਪੰਡਿਤ ਦੱਸਦੇ ਹਨ ਕਿ ਇਸ ਦੀਆਂ ਸਾਰੀਆਂ ਤੰਦਾਂ ਦਿੱਲੀ ਦਰਬਾਰ ਨਾਲ ਜੁੜਦੀਆਂ ਹਨ। ਦਿੱਲੀ ਦਾ ਦਰਬਾਰ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਤੇ ਪੰਜਾਬ ਦੇ ਲੋਕ ਸੁਖ ਸਾਂਦ ਦੀ ਜ਼ਿੰਦਗੀ ਜਿਉਣ। ਇਸ ਲਈ ਉਹ ਲਗਾਤਾਰ ਪੰਜਾਬ ਵਿੱਚ ਆਪਣੀਆਂ ਕਠਪੁਤਲੀਆਂ ਨੂੰ ਨਾਚ ਨਚਾ ਰਿਹਾ ਹੈ। ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰਨ ਲਈ ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ ਜਿਸ ਦੀ ਆਮ ਲੋਕਾਂ ਨੂੰ ਸਮਝ ਨਹੀਂ ਪੈਂਦੀ। ਭਾਜਪਾ ਸਰਕਾਰ ਪੰਜਾਬ ਦੇ ਹਰ ਮਹੀਨੇ ਟੀਕਾ ਲਾ ਕੇ ਟੋਹਦੀ ਹੈ। ਉਸ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾ ਕੇ ਰੱਖਿਆ ਹੋਇਆ ਹੈ, ਜਿੱਥੇ ਉਹ ਹਰ ਤਰ੍ਹਾਂ ਦੇ ਤਜਰਬੇ ਕਰਦੀ ਹੈ। ਸਿਆਸੀ ਵਿਸ਼ਲੇਸ਼ਣ ਕਾਰਾਂ ਨੇ ਕਦੇ ਆਖਿਆ ਸੀ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਤਾਂ ਡਾਂਗ ਦੇ ਜੋਰ ਨਾਲ ਕਾਬੂ ਕਰ ਲਿਆ ਹੈ ਤੇ ਹੁਣ ਪੰਜਾਬ ਦੀ ਵਾਰੀ ਹੈ। ਇਸ ਲਈ ਉਹ ਪੰਜਾਬ ਵਿੱਚ ਲਗਾਤਾਰ ਇਹੋ ਜਿਹੇ ਮੁੱਦਿਆਂ ਨੂੰ ਉਭਾਰ ਰਹੀ ਹੈ ਜਿਨਾਂ ਦਾ ਪੰਜਾਬ ਦੇ ਸਮਾਜਿਕ,ਰਾਜਨੀਤਿਕ, ਸੱਭਿਆਚਾਰਕ, ਧਾਰਮਿਕ, ਸਿਹਤ ਤੇ ਸਿੱਖਿਆ ਨਾਲ ਕੋਈ ਸਬੰਧ ਨਹੀਂ ਹੈ, ਜਦੋਂ ਕਿ ਪੰਜਾਬ ਦੇ ਇਹ ਬੁਨਿਆਦੀ ਮੁੱਦੇ ਹਨ ।

ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ੇ, ਰੇਤ ਮਾਫੀਆ, ਗੈਂਗਸਟਰ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਪੰਜਾਬ ਵਿੱਚ ਆਪਣੀਆਂ ਕਠਪੁਤਲੀਆਂ ਪਾਰਟੀਆਂ ਰਾਹੀਂ ਰੋਲ ਘਝੋਲੇ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਨਵਾਂ ਮੁੱਦਾ ਭਈਆਂ ਨੂੰ ਭਜਾਉਣ ਦਾ ਖੜਾ ਕਰ ਦਿੱਤਾ ਹੈ। ਪੰਜਾਬ ਵਿੱਚ ਪੰਜਾਬੀਆਂ ਨੇ ਹਰ ਤਰ੍ਹਾਂ ਦੇ ਕਿੱਤੇ ਤੋਂ ਮੁੱਖ ਮੋੜ ਲਿਆ ਹੈ, ਇਸ ਕਰਕੇ ਭਈਆਂ ਨੇ ਉਹਨਾਂ ਕਿੱਤਿਆਂ ਉੱਤੇ ਕਬਜ਼ਾ ਕਰਕੇ ਪੰਜਾਬੀਆਂ ਨੂੰ ਕੇਵਲ ਲੜਨ ਤੇ ਝਗੜਨ ਲਈ ਵਿਹਲੇ ਕਰ ਦਿੱਤਾ ਹੈ। ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਕਿੱਤਿਆਂ ਵੱਲ ਤੋਰਨ ਪਰ ਉਹ ਬੱਚਿਆਂ ਨੂੰ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿੱਚ ਘੱਲ ਰਹੇ ਹਨ, ਜਿੱਥੇ ਉਨਾਂ ਦਾ ਭਵਿੱਖ ਵੀ ਦਾਅ ਉੱਤੇ ਲੱਗਿਆ ਹੋਇਆ ਹੈ। ਕੈਨੇਡਾ ਦੇ ਨਾਲ ਭਾਰਤ ਦੇ ਸਬੰਧ ਲਗਾਤਾਰ ਵਿਗੜਨ ਕਾਰਨ ਉਹਨਾਂ ਦਾ ਭਵਿੱਖ ਖਤਰੇ ਵਿੱਚ ਆ ਗਿਆ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਮੁਫਤ ਦੀਆਂ ਸਕੀਮਾਂ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਵਿਹਲੜ ਤੇ ਨਸ਼ੇੜੀ ਬਣਾ ਦਿੱਤਾ ਹੈ।

ਇਸ ਸਮੇਂ ਪੰਜਾਬ ਵਿੱਚ ਹਰ ਤਰ੍ਹਾਂ ਦਾ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਤੇ ਪੰਜਾਬ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ ਤੇ ਆਮ ਲੋਕ ਉਹਨਾਂ ਮਾਫੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿੱਚ ਲਗਾਤਾਰ ਹੋ ਰਹੇ ਕਤਲ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਲੋਕ ਬਹੁਤ ਦੁਖੀ ਹਨ ਪਰ ਉਹਨਾਂ ਦਾ ਦੁੱਖ ਸੁਣਨ ਵਾਲਾ ਕੋਈ ਨਹੀਂ ਹੈ। ਪੰਜਾਬ ਦੀ ਆਰਥਿਕ ਰੀੜ੍ਹ ਦੀ ਹੱਡੀ ਨੂੰ ਤੋੜਨ ਲਈ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਿਆ ਹੈ। ਇਹ ਸਾਰਾ ਕੁੱਝ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਰਲ ਕੇ ਕੀਤਾ ਹੈ। ਪੰਜਾਬ ਸਰਕਾਰ ਜਿਹੜੀ ਲੋਕਾਂ ਨੂੰ ਨਵਾਂ ਬਦਲਾਅ ਲਿਆਉਣ ਦੇ ਨਾਅਰੇ ਨਾਲ ਬਣੀ ਸੀ, ਉਹ ਪੰਜਾਬ ਦੇ ਲੋਕਾਂ ਤੋਂ ਬਦਲੇ ਲੈ ਰਹੀ ਹੈ। ਪੰਜਾਬ ਦੇ ਸੈਕਟਰੀਏਟ ਵਿੱਚ ਦਿੱਲੀ ਤੋਂ ਬਿਠਾਏ ਅਰਵਿੰਦ ਕੇਜਰੀਵਾਲ ਦੇ ਨੁਮਾਇੰਦੇ ਪੰਜਾਬ ਲਈ ਨੀਤੀਆਂ ਘੜਦੇ ਹਨ। ਉਨਾਂ ਨੂੰ ਨਾ ਤਾਂ ਪੰਜਾਬ ਦੇ ਸੱਭਿਆਚਾਰ ਦਾ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਇਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਗਿਆਨ ਹੈ। ਪੰਜਾਬ ਇਸ ਸਮੇਂ ਕਰਜ਼ੇ ਦੀ ਮਾਰ ਹੇਠ ਬੁਰੀ ਤਰਾਂ ਆ ਗਿਆ ਹੈ, ਪੰਜਾਬ ਸਰਕਾਰ ਲਗਾਤਾਰ ਕਰਜ਼ਾ ਲੈ ਕੇ ਲੋਕਾਂ ਸਿਰ ਬੋਝ ਵਧਾ ਰਹੀ ਹੈ।

ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਕਦੇ ਧਾਰਮਿਕ ਮੁੱਦਾ, ਕਦੇ ਸਿਆਸੀ ਮੁੱਦਾ ਤੇ ਕਦੇ ਭਈਆਂ ਨੂੰ ਭਜਾਉਣ ਦਾ ਮੁੱਦਾ ਉਭਾਰਿਆ ਜਾਂਦਾ ਹੈ। ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ ਉਹਨਾਂ ਦਾ ਹਮਦਰਦ ਕੌਣ ਹੈ ਤੇ ਦੁਸ਼ਮਣ ਕੌਣ ਹੈ ।ਪੰਜਾਬ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋ ਗਈ ਹੈ, ਪੰਜਾਬੀ ਫਿਰ ਇੱਕ ਦੂਜੇ ਨੂੰ ਮਾਰਨ ਲਈ ਸਰਗਰਮ ਹੋ ਗਏ ਹਨ। ਇਸ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਬਲਦੀ ਦੇ ਬੂਥੇ ਵਿੱਚ ਧੱਕਣ ਲਈ ਪੱਬਾਂ ਭਾਰ ਹੋਈ ਪਈ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਚੱਲ ਰਿਹਾ ਮਹਾਂਭਾਰਤ ਲਗਾਤਾਰ ਜਾਰੀ ਹੈ। ਇਹ ਸਭ ਕੁਝ ਵੀ ਪੰਜਾਬ ਦੇ ਬੁਨਿਆਦੀ ਮਸਲਿਆਂ ਨੂੰ ਅੱਖੋਂ ਪਰੋਖੇ ਕਰਨ ਦਾ ਨਵਾਂ ਡਰਾਮਾ ਹੈ। ਇਸ ਡਰਾਮੇ ਦੇ ਕਿਰਦਾਰ ਪਹਿਲਾਂ ਤੋਂ ਹੀ ਬਣਾਈ ਕਹਾਣੀ ਨੂੰ ਉਭਾਰਦੇ ਹਨ ਤੇ ਨਵਾਂ ਬਿਰਤਾਂਤ ਸਿਰਜ ਕੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰਦੇ ਹਨ।

ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਪੰਜਾਬ ਸਰਕਾਰ ਦਾ ਪੰਜਾਬ ਦੇ ਮਸਲਿਆਂ ਵੱਲ ਕੋਈ ਧਿਆਨ ਨਹੀਂ ।ਇਸੇ ਕਰਕੇ ਪੰਜਾਬ ਦੇ ਲੋਕ ਡਰ ਦੀ ਸਥਿਤੀ ਵਿੱਚ ਜਿਉਂਦੇ ਹਨ। ਪੰਜਾਬ ਵਿੱਚ ਪਿਛਲੇ ਸਮਿਆਂ ਤੋਂ ਮੁੱਦਿਆਂ ਵਿਹੂਣੀ ਸਰਕਸ ਦਿਖਾਈ ਜਾ ਰਹੀ ਹੈ। ਇਹ ਸਰਕਸ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਆਪਣੀ ਹੋਂਦ ਨਹੀਂ ਗਵਾ ਲੈਂਦਾ। ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਦੀਆਂ ਕਹਾਣੀਆਂ ਤੋਂ ਪਰੇ ਰਹਿ ਕੇ ਪੰਜਾਬ ਦੇ ਹਿੱਤਾਂ ਲਈ ਇੱਕਜੁੱਟ ਹੋ ਕੇ ਲੜਾਈ ਲੜਨ। ਜੇਕਰ ਪੰਜਾਬ ਨੇ ਹੁਣ ਵੀ ਮੌਕਾ ਨਾ ਸੰਭਾਲਿਆ ਤਾਂ ਆਉਣ ਵਾਲੀਆਂ ਪੀੜੀਆਂ ਪੰਜਾਬੀਆਂ ਨੂੰ ਲਾਹਣਤਾਂ ਪਾਉਣਗੀਆਂ।

ਬੁੱਧ ਸਿੰਘ ਨੀਲੋਂ
9464370823

ਸਾਂਝਾ ਕਰੋ

ਪੜ੍ਹੋ

ਔਰਤ ਵਿਰੋਧੀ ਸੋਚ ਵਾਲਿਆਂ ਦਾ ਕਾਂਗਰਸ ਕਰਦੀ

ਐੱਸਏਐੱਸ ਨਗਰ (ਮੁਹਾਲੀ), 20 ਨਵੰਬਰ – ਭਾਜਪਾ ਦੀ ਕੇਂਦਰੀ ਕਮੇਟੀ...