ਸਮਾਰਟਫੋਨ, ਲੈਪਟਾਪ ਅਤੇ ਅਜੋਕੇ ਸਮੇਂ ਦੇ ਹੋਰ ਤਕਨੀਕੀ ਸਾਧਨ ਜਿਵੇਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਇੰਟਰਨੈੱਟ ਨੇ ਜਿੱਥੇ ਸਾਨੂੰ ਅਨੇਕ ਫ਼ਾਇਦੇ ਪਹੁੰਚਾਏ ਹਨ, ਉੱਥੇ ਹੀ ਇਸ ਨੇ ਸਾਡੇ ਲਈ ਕਈ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ। ‘ਡਿਜੀਟਲ ਕ੍ਰਾਂਤੀ’ ਨੇ ਜਿੱਥੇ ਇਕ ਪਾਸੇ ਦੁਨੀਆ ਦੇ ਵੱਖ–ਵੱਖ ਹਿੱਸਿਆਂ ’ਚ ਰਹਿ ਰਹੇ ਲੋਕਾਂ ਵਿਚਲੀ ਦੂਰੀ ਨੂੰ ਘੱਟ ਕੀਤਾ ਹੈ, ਉੱਥੇ ਹੀ ਇਸ ਨੇ ਲੋਕਾਂ ਦੇ ਅਸਲ ਸਮਾਜਿਕ ਰਿਸ਼ਤਿਆਂ ਵਿਚਲੇ ਪਾੜੇ ਨੂੰ ਵਧਾਇਆ ਵੀ ਹੈ। ਇਸ ਤੋਂ ਇਲਾਵਾ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਨਾਂਹ-ਪੱਖੀ ਪ੍ਰਭਾਵ ਵੀ ਪੈ ਰਹੇ ਹਨ। ਦਰਅਸਲ, ਬੱਚਿਆ ’ਚ ਮੋਬਾਈਲ ਵਰਤਣ ਦੀ ਆਦਤ ਮਾਪਿਆਂ ਵੱਲੋਂ ਹੀ ਪਾਈ ਜਾਂਦੀ ਹੈ।
ਡੇਢ-ਦੋ ਸਾਲ ਦੇ ਬੱਚਿਆਂ ਨੂੰ ਦੁੱਧ ਪਿਲਾਉਣ ਜਾਂ ਕੁਝ ਖੁਆਉਣ ਲਈ ਮਾਪੇ ਉਨ੍ਹਾਂ ਦੇ ਹੱਥ ਵਿਚ ਮੋਬਾਈਲ ਫੜਾ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੀ ਮੋਬਾਈਲ ਵਿਚ ਰੁੱਝੇ ਰਹਿਣ ਦੀ ਆਦਤ ਹੌਲੀ–ਹੌਲੀ ਪੱਕ ਜਾਂਦੀ ਹੈ। ਜੇ ਉਨ੍ਹਾਂ ਕੋਲੋਂ ਮੋਬਾਈਲ ਖੋਹ ਲਿਆ ਜਾਵੇ ਤਾਂ ਉਹ ਚੀਕਣ ਜਾਂ ਇਵੇਂ ਰੋਣ ਲੱਗਦੇ ਹਨ ਜਿਵੇਂ ਉਨ੍ਹਾਂ ਨੂੰ ਕਿਸੇ ਨੇ ਕੁੱਟਿਆ ਹੋਵੇ। ਕੋਵਿਡ ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ਸਮੇਂ ਬੱਚਿਆਂ ਦੀਆਂ ਕਲਾਸਾਂ ਆਨਲਾਈਨ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਉਸ ਤੋਂ ਬਾਅਦ ਆਨਲਾਈਨ ਕਲਾਸਾਂ ਦਾ ਕੰਮ ਭਾਵੇਂ ਬੰਦ ਹੋ ਗਿਆ ਸੀ ਪਰ ਬੱਚਿਆਂ ਦੀ ਮੋਬਾਈਲ ਦੀ ਆਦਤ ਨਹੀਂ ਛੁੱਟੀ ਸੀ। ਬੱਚਿਆਂ ਨੂੰ ਇੰਟਰਨੈੱਟ ਦੀ ਲਤ ਲੱਗਣ ਦੇ ਹੋਰ ਵੀ ਕਈ ਕਾਰਨ ਹਨ। ਆਨਲਾਈਨ ਗੇਮਾਂ ਬੱਚਿਆਂ ਕੋਲ ਸਮਾਂ ਬਤੀਤ ਕਰਨ ਦਾ ਇਕ ਸੌਖਾ ਤਰੀਕਾ ਹੈ। ਉਹ ਰਵਾਇਤੀ ਖੇਡਾਂ ਨੂੰ ਛੱਡ ਕੇ ਇੰਟਰਨੈੱਟ ਦੀਆਂ ਗੇਮਾਂ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਵਿਚ ਵੀ ਕੋਈ ਦੋ ਰਾਇ ਨਹੀਂ ਕਿ ਇੰਟਰਨੈੱਟ ਅਜੋਕੇ ਬੱਚਿਆਂ ਦੀ ਪੜ੍ਹਾਈ ਅਤੇ ਗਿਆਨ ਪ੍ਰਾਪਤੀ ਲਈ ਇਕ ਲਾਹੇਵੰਦ ਸਾਧਨ ਹੈ ਅਤੇ ਉਨ੍ਹਾਂ ਨੂੰ ਇਸ ਦੀ ਵਰਤੋਂ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ। ਇੰਟਰਨੈੱਟ ਮਨੋਰੰਜਨ ਦਾ ਵੀ ਇਕ ਅਹਿਮ ਮਾਧਿਅਮ ਹੈ।
ਇਸ ਲਈ ਬੱਚੇ ਸਹਿਜੇ ਹੀ ਇਸ ਨਾਲ ਜੁੜ ਜਾਂਦੇ ਹਨ। ਸੋਸ਼ਲ ਮੀਡੀਆ ਉੱਤੇ ਤਾਜ਼ੀਆਂ ਖ਼ਬਰਾਂ ਹਰ ਵੇਲੇ ਉਪਲਬਧ ਰਹਿੰਦੀਆਂ ਹਨ ਜਿਸ ਕਰਕੇ ਹਰ ਕੋਈ ਇਸ ਨਾਲ ਜੁੜੇ ਰਹਿਣਾ ਪਸੰਦ ਕਰਦਾ ਹੈ। ਇਸ ਸਭ ਦੇ ਬਾਵਜੂਦ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਵਰਤੋਂ ਬੱਚਿਆਂ ਲਈ ਸੀਮਤ ਕਰਨੀ ਜ਼ਰੂਰੀ ਹੈ। ਅਜਿਹੇ ਵਿਚ ਮਾਪਿਆਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਭਰੋਸੇ ’ਚ ਲੈਣ ਅਤੇ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਕੰਮ ਵਿਚ ਸਹਿਯੋਗ ਦੇਣ। ਇਹ ਹਕੀਕਤ ਹੈ ਕਿ ਅਜੋਕੇ ਸਮੇਂ ਕੰਪਿਊਟਰ ਤੇ ਇੰਟਰਨੈੱਟ ਦੀ ਵਰਤੋਂ ਬੱਚਿਆਂ ਲਈ ਜ਼ਰੂਰੀ ਹੈ ਪਰ ਇਹ ਸਾਰਾ ਕੁਝ ਮਾਪਿਆਂ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ।