ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਟਰੱਕ ਯੂਨੀਅਨ ਵੱਲੋਂ ਰਾਹਗੀਰਾਂ ਲਈ ਕੌਮੀ ਮਾਰਗ ’ਤੇ ਸਹੂਲਤਾਂ ਲਈ ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਲਗਾਇਆ ਧਰਨਾ ਅੱਜ 29ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਟਰੱਕ ਯੂਨੀਅਨ ਧਰਮਕੋਟ ਤੇ ਸ਼ਾਹਕੋਟ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਇਕੱਠ ਨੂੰ ਬੀਕੇਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਤੇ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰੋਜ਼ਾਨਾ ਵਧ ਰਹੀ ਗਿਣਤੀ ਧਰਨੇ ਨੂੰ ਜਿੱਤ ਵੱਲ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਸਾਫ ਪਸੰਦ ਲੋਕਾਂ ਵੱਲੋਂ ਦਿਤੇ ਜਾਣ ਵਾਲੇ ਸਹਿਯੋਗ ਨਾਲ ਹੀ ਸੰਘਰਸ਼ ਜੇਤੂ ਹੋ ਸਕਦਾ ਹੈ।

ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀ ਮੰਨੀਆਂ ਜਾਦੀਆਂ ਉਨ੍ਹਾਂ ਚਿਰ ਟੌਲ ਨੂੰ ਪਰਚੀਮੁਕਤ ਹੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਧਰਮਕੋਟ ਦੇ ਆਗੂ ਸਤਵੀਰ ਸਿੰਘ ਸੱਤੀ, ਸ਼ਾਹਕੋਟ ਦੇ ਆਗੂ ਬਲਵਿੰਦਰ ਸਿੰਘ ਅਤੇ ਬੀਕੇਯੂ ਉਗਰਾਹਾਂ ਦੇ ਜਸਪਾਲ ਸਿੰਘ, ਮਲਕੀਤ ਸਿੰਘ ਈਦਾ, ਮਨਜੀਤ ਸਿੰਘ ਸਾਬੀ, ਗੁਰਦੇਵ ਸਿੰਘ ਮਲਸੀਆਂ, ਗੁਰਚਰਨ ਸਿੰਘ ਅਤੇ ਜਸਵੀਰ ਸਿੰਘ ਨੇ ਵੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਤਿੰਨ ਨਵੇਂ ਕਾਨੂੰਨਾਂ ਅਤੇ ਉੱਘੀ ਲੇਖਕਾ ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਖਿਲਾਫ ਯੂਏਪੀਏ ਤਹਿਤ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਚੱਕ ਟੌਲ ਪਲਾਜ਼ਾ ’ਤੇ 1 ਜੁਲਾਈ ਨੂੰ ਪ੍ਰਦਰਸ਼ਨ ਕਰਕੇ ਕਾਨੂੰਨਾਂ ਦੀਆਂ ਕਾਪੀਆਂ ਸਾੜੇਗੀ।

ਸਾਂਝਾ ਕਰੋ