ਹਉਮੈਂ ਹਿਰਦਾ ਸਾੜ ਦਿੰਦੀ ਹੈ, ਤਹੱਮਲ ਖੁੱਡੇ ਤਾੜ ਦਿੰਦੀ ਹੈ।
ਮੋਢਿਆਂ ਉੱਤੋਂ ਥੁੱਕਾਂ ਥੁੱਕਦੀ, ਧੌਣ ਵਿਚ ਕਿੱਲਾ ਵਾੜ ਦਿੰਦੀ ਹੈ।
ਨੱਕ ਚੋਂ ਠੂਹੇਂ ਕੇਰਨ ਲਗਦੀ, ਭ੍ਰਿਸ਼ਟ ਮਲੀਨ ਹਵਾੜ੍ਹ ਦਿੰਦੀ ਹੈ।
ਬੰਦੇ ਚੋਂ ਬੰਦਾ ਕਰ ਕੇ ਮਨਫ਼ੀ, ਜੀਵਨ ਜੁਗਤ ਮੁਤਾੜ ਦਿੰਦੀ ਹੈ।
ਮਾਣ ਮਗ਼ਰੂਰੀ ਮੈਂ ਮੈਂ ਕਰਦੀ, ਬੋਲ ਬਾਣੀ ਪੱਥਰ ਪਾੜ ਦਿੰਦੀ ਹੈ।
ਦੌਲਤ ਸ਼ੁਹਰਤ ਹਰਾਮ ਕਮਾਈ, ਧੰਦੇ ਨਾਜਾਇਜ਼ ਉਜਾੜ ਦਿੰਦੀ ਹੈ।
ਬਲਾਤ ਹਿੰਸਾ ਨੂੰ ਉਕਸਾਉਂਦੀ, ਧੀ ਭੈਣ ਦੀ ਇੱਜ਼ਤ ਲਤਾੜ ਦਿੰਦੀ ਹੈ।
ਇਖ਼ਲਾਕ ਹੀਣੇ ਜੁਰਮ ਕਰਾਉਂਦੀ, ਮਾਣ ਮਰਯਾਦਾ ਝਾੜ ਦਿੰਦੀ ਹੈ।
ਅੰਨ੍ਹੀ ਘੇਸਲੀ ਗੁੰਗੀ ਬੋਲ਼ੀ, ਨੈਤਿਕ ਪ੍ਰਥਾ ਕਰ ਖਿਲਵਾੜ ਦਿੰਦੀ ਹੈ।
ਸਕਤੇ ਦੇ ਛਿੱਤਰ ਤੋਂ ਡਰਦੀ, ਮਾੜੇ ਨੂੰ ਗਿੱਦੜ-ਦਹਾੜ ਦਿੰਦੀ ਹੈ।
ਵਡੱਪਣ ਕਿਸੇ ਦੀ ਜਰ ਨਾ ਹੁੰਦੀ, ਰਕੀਬਾਂ ਦਾ ਹੱਕ ਪਛਾੜ ਦਿੰਦੀ ਹੈ।
ਕਾਤਲਾਂ ਦੇ ਹੱਕ ਵਕਾਲਤ ਕਰਦੀ, ਬੇਦੋਸੇ ਸੂਲ਼ੀ ਚਾੜ੍ਹ ਦਿੰਦੀ ਹੈ।
ਫਫੇਕੁਟਣੀ ਅਫ਼ਵਾਹਾਂ ਦੀ ਨਾਨੀ, ਰਾਈ ਦਾ ਬਣਾ ਪਹਾੜ ਦਿੰਦੀ ਹੈ।
ਅਸਮਾਨੋਂ ਤਾਰੇ ਤੋੜਨ ਲੱਗਦੀ, ਕੁੱਤੀਆਂ ਗਹੀਰੇ ਚਾੜ੍ਹ ਦਿੰਦੀ ਹੈ।
ਹਿੰਸਾ ਨਫ਼ਰਤ ਦੇ ਬੀਜ ਬੀਜਦੀ, ਵਿਹੜੇ ਨੂੰ ਕਰ ਦੁਫਾੜ ਦਿੰਦੀ ਹੈ।
ਮੌਕਾ ਪਰਸਤ ਸਮਾਂ ਤਾੜਦੀ, ਬਿਗਾਨੀ ਅੱਗ ਤੇ ਮੰਡੇ ਰਾੜ੍ਹ ਦਿੰਦੀ ਹੈ।
ਹਰਨਾਖਸ਼ ਹਰਿਆ ਹਉਮੈਂ ਹੱਥੋਂ, ਰਾਵਣ ਦੀ ਲੰਕਾ ਸਾੜ ਦਿੰਦੀ ਹੈ।
ਹੰਕਾਰਿਆ ਸੋ ਮਾਰਿਆ ਕਹਿੰਦੇ, ਤਬਾਹੀ ਦਾ ਪੰਨੂ ਜੁਗਾੜ ਦਿੰਦੀ ਹੈ।
ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ