
ਨਵੀਂ ਦਿੱਲੀ, 30 ਅਪ੍ਰੈਲ – ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਖੇਤਰ ਦੀਆਂ ਅਨੇਕਾਂ ਸ਼ਾਖ਼ਾਵਾਂ ਹਨ, ਜਿਵੇਂ ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਐਗਰੀਕਲਚਰ ਇੰਜੀਨੀਅਰਿੰਗ, ਵਾਤਾਵਰਨ ਇੰਜੀਨੀਅਰਿੰਗ, ਪਲਾਸਟਿਕ ਤਕਨਾਲੋਜੀ, ਸਿਰਾਮਿਕ ਇੰਜੀਨੀਅਰਿੰਗ, ਟੈਕਸਟਾਈਲ ਇੰਜੀਨੀਅਰਿੰਗ ਆਦਿ। ਇਨ੍ਹਾਂ ਸਾਰੀਆਂ ਸ਼ਾਖ਼ਾਵਾਂ ਵਿੱਚੋਂ ਸਿਵਲ ਇੰਜੀਨੀਅਰਿੰਗ ਅਜਿਹਾ ਕੋਰਸ ਹੈ, ਜਿਸ ਵਿਚ ਹੋਰਨਾਂ ਕੋਰਸਾਂ ਦੇ ਮੁਕਾਬਲੇ ਸਰਕਾਰੀ ਨੌਕਰੀ ਦੇ ਸਭ ਤੋਂ ਵੱਧ ਮੌਕੇ ਮੁਹੱਈਆ ਹੁੰਦੇ ਹਨ।
ਸਿਵਲ ਇੰਜੀਨੀਅਰਿੰਗ ’ਚ ਸੜਕਾਂ, ਬੰਨ੍ਹਾਂ, ਨਹਿਰਾਂ, ਪੁਲਾਂ, ਸੀਵਰੇਜ ਸਿਸਟਮ, ਪਾਈਪ ਲਾਈਨਾਂ, ਇਮਾਰਤਾਂ, ਹਵਾਈ ਅੱਡਿਆਂ, ਸੁਰੰਗਾਂ, ਪਾਣੀ ਦੀ ਸਪਲਾਈ ਆਦਿ ਦੇ ਨਿਰਮਾਣ ਤੇ ਸਾਂਭ-ਸੰਭਾਲ ਦਾ ਕੰਮ ਸ਼ਾਮਿਲ ਹੈ। ਸਿਵਲ ਇੰਜੀਨੀਅਰ ਪਾਣੀ ਮਿੱਟੀ ਹਵਾ ਵੱਲ ਕੇਂਦਰਿਤ ਹੁੰਦੇ ਹਨ। ਇਹ ਨਿਰਮਾਣ ਖੇਤਰ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਜਨਤਕ ਤੇ ਨਿੱਜੀ ਦੋਵਾਂ ਖੇਤਰਾਂ ’ਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਵਿਦੇਸ਼ਾਂ ’ਚ ਵੀ ਇਨ੍ਹਾਂ ਦੀ ਭਾਰੀ ਮੰਗ ਹੈ। ਸਿਵਲ ਇੰਜੀਨੀਅਰਿੰਗ ਦੇ ਕੋਰਸ ਦੌਰਾਨ ਵੱਖ-ਵੱਖ ਵਿਸ਼ਿਆਂ, ਜਿਵੇਂ ਕੰਸਟਰੱਕਸ਼ਨ ਮਟੀਰੀਅਲ, ਬਿਲਡਿੰਗ ਕੰਸਟਰੱਕਸ਼ਨ, ਹਾਈਵੇਅ ਇੰਜੀਨੀਅਰਿੰਗ, ਏਅਰਪੋਰਟ ਇੰਜੀਨੀਅਰਿੰਗ, ਸਰਵੇ, ਸੋਇਲ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ, ਐਸਟੀਮੇਸ਼ਨ ਐਂਡ ਕੋਸਟਿੰਗ ਤੇ ਮਟੀਰੀਅਲ ਟੈਸਟਿੰਗ ਆਦਿ ਬਾਰੇ ਪੂਰੀ ਥਿਊਰੀ ਤੇ ਪ੍ਰੈਕਟੀਕਲ ਵਿਚ ਮੁਹਾਰਤ ਹਾਸਿਲ ਕਰਵਾਈ ਜਾਂਦੀ ਹੈ। ਕੋਰਸ ਦੌਰਾਨ ਸਬੰਧਿਤ ਸਾਫਟਵੇਅਰ, ਜਿਵੇਂ ਆਟੋਕੈਡ, ਸਟੈਂਡ ਪ੍ਰੋ ਤੇ ਥ੍ਰੀ ਡੀ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਕੋਰਸ
ਦਸਵੀਂ ਤੋਂ ਬਾਅਦ ਪੋਲੀਟੈਕਨਿਕ ਕਾਲਜਾਂ ਵਿਚ ਸਿਵਲ ਇੰਜੀਨੀਅਰਿੰਗ ’ਚ ਤਿੰਨ ਸਾਲਾ ਡਿਪਲੋਮਾ ਕੋਰਸ ਵਿਚ ਦਾਖ਼ਲਾ ਮੈਰਿਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਲੇਟਰਲ ਐਂਟਰੀ ਰਾਹੀਂ ਦੋ ਸਾਲਾ ਆਈਟੀਆਈ ਤੋਂ ਬਾਅਦ ਡਿਪਲੋਮਾ ਕੋਰਸਾਂ ਵਿਚ ਅਤੇ ਤਿੰਨ ਸਾਲਾ ਡਿਪਲੋਮਾ ਤੋਂ ਬਾਅਦ ਬੀਈ/ਬੀਟੈੱਕ ਦੇ ਦੂਜੇ ਸਾਲ ’ਚ ਦਾਖ਼ਲਾ ਮਿਲ ਜਾਂਦਾ ਹੈ। 10+2 (ਨਾਨ-ਮੈਡੀਕਲ) ਤੋਂ ਬਾਅਦ ਟੈਕਨੀਕਲ ਯੂਨੀਵਰਸਿਟੀਆਂ, ਐੱਨਆਈਟੀਜ਼, ਇੰਜੀਨੀਅਰਿੰਗ ਕਾਲਜਾਂ ਦੇ ਬੀਈ/ਬੀਟੈੱਕ ਕੋਰਸ ’ਚ ਦਾਖ਼ਲਾ ਜੇਈਈ (ਮੇਨ) ਪ੍ਰਵੇਸ਼ ਪ੍ਰੀਖਿਆ ਰਾਹੀਂ ਹੁੰਦਾ ਹੈ, ਜਦੋਂਕਿ ਆਈਆਈਟੀਜ਼ ਦੇ ਬੀਈ/ਬੀਟੈੱਕ ਕੋਰਸਾਂ ’ਚ ਦਾਖ਼ਲਾ ਜੇਈਈ (ਐਡਵਾਂਸ) ਰਾਹੀਂ ਲਿਆ ਜਾ ਸਕਦਾ ਹੈ।
ਨੌਕਰੀ ਦੇ ਮੌਕੇ
ਸਿਵਲ ਇੰਜੀਨੀਅਰਾਂ ਲਈ ਸਰਕਾਰੀ ਵਿਭਾਗਾਂ, ਜਿਵੇਂ ਸਥਾਨਕ ਸਰਕਾਰਾਂ ਵਿਭਾਗ (ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ, ਨਗਰ ਸੁਧਾਰ ਟਰੱਸਟ, ਜਲ ਸਪਲਾਈ ਤੇ ਸੀਵਰੇਜ ਬੋਰਡ) ਜਲ ਸਰੋਤ ਵਿਭਾਗ/ਸਿੰਚਾਈ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ), ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ, ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ), ਪੰਜਾਬ ਮੰਡੀ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੀਐਸਪੀਸੀਐੱਲ, ਪੀਐੱਸਟੀਸੀਐੱਲ, ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼, ਭਾਰਤੀ ਰੇਲਵੇ, ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਤੇ ਪ੍ਰਾਈਵੇਟ ਵਿਭਾਗਾਂ ਵਿਚ ਬਤੌਰ ਐੱਸਡੀਓ ਤੇ ਜੂਨੀਅਰ ਇੰਜੀਨੀਅਰ ਵਜੋਂ ਨਿਯੁਕਤੀ ਕੀਤੀ ਜਾਂਦੀ ਹੈ।