ਕਾਰਨੀ ਦੀ ਕਰਾਮਾਤ

ਲਿਬਰਲ ਪਾਰਟੀ ਦੇ ਨਵੇਂ ਆਗੂ ਮਾਰਕ ਕਾਰਨੀ ਨੇ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਜ਼ਬਰਦਸਤ ਜਿੱਤ ਦਰਜ ਕਰ ਕੇ ਦੇਸ਼ ਹੀ ਨਹੀਂ ਸਗੋਂ ਕੌਮਾਂਤਰੀ ਪਿੜ ਵਿੱਚ ਵੀ ਜ਼ੋਰਦਾਰ ਦਸਤਕ ਦਿੱਤੀ ਹੈ। ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਹਨ ਜੋ ਬਹੁਮਤ ਦੇ ਅੰਕੜੇ (172) ਤੋਂ ਚਾਰ ਸੀਟਾਂ ਹੀ ਘੱਟ ਹਨ। ਪਿਛਲੀ ਵਾਰ ਦੀਆਂ ਇਸ ਦੀਆਂ ਸੀਟਾਂ ਨਾਲੋਂ ਤਿੰਨ ਵੱਧ ਹਨ। 343 ਮੈਂਬਰੀ ਹਾਊਸ ਆਫ ਕਾਮਨਜ਼ ਵਿੱਚ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਹਾਸਲ ਹੋਈਆਂ ਹਨ; ਇਸ ਦੇ ਆਗੂ ਪੋਲੀਵਰ ਪੀਅਰੇ ਆਪਣੀ ਸੀਟ ਹਾਰ ਗਏ ਹਨ। ਬਲਾਕ ਕਿਊਬੈੱਕ ਨੇ 23 ਅਤੇ ਐੱਨਡੀਪੀ ਨੇ 7 ਸੀਟਾਂ ਹਾਸਲ ਕੀਤੀਆਂ ਹਨ। ਇਕ ਸੀਟ ਉੱਤੇ ਗਰੀਨ ਪਾਰਟੀ ਦੀ ਜਿੱਤ ਹੋਈ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਤਾਂ ਉਦੋਂ ਹਰ ਕੋਈ ਕਿਆਸ ਲਾ ਰਿਹਾ ਸੀ ਕਿ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਕਿੰਨੀ ਕੁ ਦੁਰਗਤ ਹੋ ਸਕਦੀ ਹੈ ਪਰ ਟਰੂਡੋ ਦੀ ਥਾਂ ਪਾਰਟੀ ਅਤੇ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਮਾਰਕ ਕਾਰਨੀ ਨੇ ਅਜਿਹਾ ਕ੍ਰਿਸ਼ਮਾ ਕਰ ਦਿਖਾਇਆ ਜਿਸ ਦੀ ਬਹੁਤੇ ਲੋਕਾਂ ਨੇ ਆਸ ਨਹੀਂ ਕੀਤੀ ਸੀ। ਕੈਨੇਡਾ ਦੀਆਂ ਚੋਣਾਂ ਵਿੱਚ ਦੋ ਪ੍ਰਮੁੱਖ ਮੁੱਦੇ ਸਨ- ਟਰੰਪ ਅਤੇ ਅਰਥਚਾਰਾ। ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾਉਣ ਦੀਆਂ ਰੀਝਾਂ ਪਾਲ਼ੀਆਂ ਜਾ ਰਹੀਆਂ ਸਨ ਅਤੇ ਫਿਰ ਕੈਨੇਡਾ ’ਤੇ ਕਰੀਬ 60 ਅਰਬ ਕੈਨੇਡੀਅਨ ਡਾਲਰ ਦੇ ਟੈਰਿਫ ਲਗਾ ਦਿੱਤੇ ਸਨ ਜਿਸ ਕਰ ਕੇ ਕੈਨੇਡਾ ਦੇ ਲੋਕਾਂ ਵਿੱਚ ਟਰੰਪ ਪ੍ਰਤੀ ਤਿੱਖਾ ਰੋਹ ਪੈਦਾ ਹੋ ਗਿਆ ਸੀ।

ਜਨਵਰੀ ਮਹੀਨੇ ਲਿਬਰਲ ਪਾਰਟੀ ਦੀ ਲੋਕਪ੍ਰਿਅਤਾ 20 ਫ਼ੀਸਦੀ ਤੱਕ ਡਿੱਗ ਪਈ ਸੀ ਅਤੇ ਹੁਣ ਚੋਣਾਂ ਵਿੱਚ ਇਸ ਨੇ 43.5 ਫ਼ੀਸਦੀ ਵੋਟਾਂ ਹਾਸਿਲ ਕੀਤੀਆਂ ਹਨ। ਟਰੂਡੋ ਦੀ ਥਾਂ ਕਾਰਨੀ ਵੱਲੋਂ ਵਾਗਡੋਰ ਸੰਭਾਲਣ ਤੋਂ ਕੁਝ ਹਫ਼ਤਿਆਂ ਵਿੱਚ ਹੀ ਇਹ ਕ੍ਰਿਸ਼ਮਾ ਕਰ ਕੇ ਦਿਖਾ ਦਿੱਤਾ ਹੈ। ਕੈਨੇਡਾ ਦਾ ਅਰਥਚਾਰਾ ਦਿੱਕਤਾਂ ਵਿੱਚ ਘਿਰਿਆ ਹੋਇਆ ਹੈ। ਮਾਰਕ ਕਾਰਨੀ ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਹਨ ਜਿਸ ਕਰ ਕੇ ਲੋਕਾਂ ਨੂੰ ਉਮੀਦ ਹੈ ਕਿ ਉਹ ਦੇਸ਼ ਦੇ ਅਰਥਚਾਰੇ ਨੂੰ ਸੰਕਟ ’ਚੋਂ ਕੱਢਣ ਲਈ ਸਭ ਤੋਂ ਢੁੱਕਵੀਂ ਚੋਣ ਹਨ। ਇਸ ਸਾਲ ਜੀ7 ਦੀ ਪ੍ਰਧਾਨਗੀ ਕੈਨੇਡਾ ਕੋਲ ਆ ਰਹੀ ਹੈ ਅਤੇ ਅਗਲੇ ਮਹੀਨੇ ਅਲਬਰਟਾ ਵਿੱਚ ਹੋਣ ਵਾਲੇ ਸਿਖ਼ਰ ਸੰਮੇਲਨ ਵਿੱਚ ਉਹ ਟਰੰਪ ਨੂੰ ਮਿਲ ਸਕਦੇ ਹਨ। ਟਰੂਡੋ ਸਰਕਾਰ ਵੇਲੇ ਭਾਰਤ ਨਾਲ ਵੀ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਆ ਗਿਆ ਸੀ ਅਤੇ ਕਾਰਨੀ ਕੋਲ ਦੁਵੱਲੇ ਸਬੰਧਾਂ ਨੂੰ ਮੁੜ ਲੀਹ ’ਤੇ ਲਿਆਉਣ ਦਾ ਮੌਕਾ ਹੋਵੇਗਾ। ਉਨ੍ਹਾਂ ਚੋਣਾਂ ਵਿੱਚ ਮਜ਼ਬੂਤ ਕੈਨੇਡਾ ਤੇ ਆਜ਼ਾਦ ਕੈਨੇਡਾ ਦੇ ਨਾਅਰੇ ’ਤੇ ਜ਼ੋਰ ਦਿੱਤਾ ਸੀ ਜੋ ਉਨ੍ਹਾਂ ਦੇ ਘਰੋਗੀ ਸਥਿਰਤਾ ਅਤੇ ਕੌਮਾਂਤਰੀ ਸਬੰਧਾਂ ਦੀ ਬਹਾਲੀ ਦੀ ਖਾਹਿਸ਼ ਨੂੰ ਦਰਸਾਉਂਦਾ ਹੈ।

ਸਾਂਝਾ ਕਰੋ

ਪੜ੍ਹੋ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ/ਡਾ. ਨਿਵੇਦਿਤਾ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ...