ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਪਿੰਡਾਂ/ਸ਼ਹਿਰਾਂ ਵਿੱਚ ਭਾਜਪਾ ਦੇ ਲੋਕ ਸਭਾ ਦੇ ਉਮੀਦਵਾਰਾਂ ਅਤੇ ਹੋਰ ਆਗੂਆਂ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਜਾਵੇਗਾ। ਉਮੀਦਵਾਰਾਂ ਵੱਲੋਂ ਕਿਸਾਨੀ ਮਸਲਿਆਂ ’ਤੇ ਸਿੱਧੇ ਸਵਾਲ-ਜਵਾਬ ਕੀਤੇ ਜਾਣਗੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਯੂਨੀਅਨ ਨੇ ਸੰਯੁਕਤ ਕਿਸਾਨ ਮੋਰਚੇ ਦੇ 14 ਮਾਰਚ ਨੂੰ ਦਿੱਲੀ ਦੀ ਮਹਾਂਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਪੂਰੇ ਦੇਸ਼ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ, ਜਿਸ ’ਤੇ ਭਾਕਿਯੂ (ਏਕਤਾ ਉਗਰਾਹਾਂ) ਪੂਰੀ ਤਨਦੇਹੀ ਨਾਲ ਅਮਲ ਕਰੇਗੀ। ਕਿਸਾਨ ਆਗੂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਲੱਗੇ ਮੋਰਚੇ ਦੀ ਸਮਾਪਤੀ ਸਮੇਂ ਕੇਂਦਰ ਨੇ ਕਾਲੇ ਕਾਨੂੰਨ ਰੱਦ ਕਰਨ ਦੇ ਨਾਲ ਇਹ ਮੰਨਿਆ ਸੀ ਕਿ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਇਆ ਜਾਵੇਗਾ, ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਇਨ੍ਹਾਂ ਮੰਗਾਂ ’ਤੇ ਹਾਲੇ ਤੱਕ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ/ਮਸਲਿਆਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਅੰਦੋਲਨ ਕਰਦੀਆਂ ਹਨ ਤਾਂ ਉਸ ਨੂੰ ਜਬਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਸੋਚ-ਸਮਝ ਕੇ ਹੀ ਪਿੰਡਾਂ ਵਿੱਚ ਕਦਮ ਰੱਖਣ ਕਿਉਂਕਿ ਜਥੇਬੰਦੀ ਸ਼ਾਂਤੀਪੂਰਵਕ ਤਰੀਕੇ ਨਾਲ ਭਾਜਪਾ ਆਗੂਆਂ ਦੇ ਡਟਵਾਂ ਵਿਰੋਧ ਕਰੇਗੀ। ਇਸ ਮੌਕੇ ਇੰਦਰਜੀਤ ਸਿੰਘ ਝੱਬਰ,ਭੋਲਾ ਸਿੰਘ ਮਾਖਾ ਚਹਿਲਾਂ, ਜਸਦੇਵ ਸਿੰਘ ਰੱਲਾ, ਗੁਰਪ੍ਰੀਤ ਸਿੰਘ ਅਲੀਸ਼ੇਰ, ਰਣਜੀਤ ਸਿੰਘ ਅਤਲਾ, ਮਿੱਠੂ ਸਿੰਘ ਅਲੀਸ਼ੇਰ ਨੇ ਵੀ ਸੰਬੋਧਨ ਕੀਤਾ।

ਸਾਂਝਾ ਕਰੋ