ਅਖਿਲੇਸ਼ ਵੱਲੋਂ ਕਨੌਜ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ’ਚ ਕਨੌਜ ਲੋਕ ਸਭਾ ਹਲਕੇ ਤੋਂ ਜਦਕਿ ਨੈਸ਼ਨਲ ਕਾਨਫਰੰਸ ਆਗੂ ਉਮੀਦਵਾਰ ਆਗਾ ਸਈਦ ਰੁਹੁੱਲਾ ਮੇਹਦੀ ਨੇ ਜੰਮੂ-ਕਸ਼ਮੀਰ ’ਚ ਸ੍ਰੀਨਗਰ ਲੋਕ ਸਭਾ ਸੀਟ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਕਨੌਜ ਤੇ ਸ੍ਰੀਨਗਰ ’ਚ ਵੋਟਾਂ ਚੋਣ ਅਮਲ ਦੇ ਚੌਥੇ ਪੜਾਅ ਦੌਰਾਨ ਅਗਲੇ ਮਹੀਨੇ 13 ਮਈ ਨੂੰ ਪੈਣੀਆਂ ਹਨ। ਕਨੌਜ ’ਚ ਅਖਿਲੇਸ਼ ਯਾਦਵ ਨੇ ਰਾਮ ਗੋਪਾਲ ਯਾਦਵ ਸਣੇ ਹੋਰਨਾਂ ਪਾਰਟੀ ਨੇਤਾਵਾਂ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਸੀਟ ਤੋਂ ਸਪਾ ਨੇ ਪਹਿਲਾਂ ਮੈਨਪੁਰੀ ਤੋਂ ਸਾਬਕਾ ਸੰਸਦ ਮੈਂਬਰ ਤੇਜ ਪ੍ਰਤਾਪ ਨੂੰ ਉਮੀਦਵਾਰ ਬਣਾਇਆ ਸੀ। ਨਾਮਜ਼ਦਗੀ ਭਰਨ ਮਗਰੋਂ ਅਖਿਲੇਸ਼ ਨੇ ਗੱਲਬਾਤ ਕਰਦਿਆਂ ਸ਼ਹਿਰ ਵਿੱਚ ਵਿਕਾਸ ਕਾਰਜ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਅਤੇ ਲੋਕਾਂ ਨੂੰ ਭਾਜਪਾ ਨੂੰ ‘ਕਲੀਨ ਬੋਲਡ’ ਕਰਨ ਦੀ ਅਪੀਲ ਕੀਤੀ। ਕੁਝ ਭਾਜਪਾ ਨੇਤਾਵਾਂ ਵੱਲੋਂ ਇਨ੍ਹਾਂ ਚੋਣਾਂ ਨੂੰ ਭਾਰਤ-ਪਾਕਿਸਤਾਨ ਵਿਚਾਲੇ ਚੋਣਾਂ ਕਹਿਣ ਸਬੰਧੀ ਟਿੱਪਣੀਆਂ ਦੇ ਜਵਾਬ ’ਚ ਅਖਿਲੇਸ਼ ਨੇ ਲੋਕਾਂ ਨੂੰ ‘‘ਭਾਜਪਾ ਨੂੰ ਕਲੀਨ ਬੋਲਡ (ਭਾਜਪਾ ਦਾ ਸਫ਼ਾਇਆ) ਕਰਨ’’ ਦੀ ਅਪੀਲ ਕੀਤੀ ਅਤੇ ਆਖਿਆ, ‘‘ਉਹ ਨਾ ਤਾਂ ਕੋਈ ਗੇਂਦ ਸੁੱਟ ਸਕਣਗੇ ਅਤੇ ਨਾ ਹੀ ਬੱਲੇ (ਬੈਟ) ਦੀ ਵਰਤੋਂ ਸਕਣਗੇ। ਅਸੀਂ ਸਾਰੀਆਂ ਛੇ ਗੇਂਦਾਂ ’ਤੇ ਛੱਕੇ ਮਾਰਾਂਗੇ।

ਦੂਜੇ ਪਾਸੇ ਸ੍ਰੀਨਗਰ ਲੋਕ ਸੀਟ ਤੋਂ ਨੈਸ਼ਨਲ ਕਾਨਫਰੰਸ ਆਗੂ ਉਮੀਦਵਾਰ ਆਗਾ ਸਈਦ ਰੁਹੁੱਲਾ ਮੇਹਦੀ ਨੇ ਸ੍ਰੀਨਗਰ ਦੇ ਡੀਸੀ ਤੇ ਹਲਕੇ ਦੇ ਰਿਟਰਨਿੰਗ ਅਫਸਰ ਬਿਲਾਲ ਮੁਹੀ-ਉਦ-ਦੀਨ ਭੱਟ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ। ਇਸ ਮੌਕੇ ਨੈਸ਼ਨਲ ਕਾਨਫਰੰਸ ਪ੍ਰਧਾਨ ਫਾਰੂਕ ਅਬਦੁੱਲਾ, ਉਪ ਪ੍ਰਧਾਨ ਉਮਰ ਅਬਦੁੱਲਾ ਅਤੇ ਜੰਮੂ-ਕਸ਼ਮੀਰ ਕਾਂਗਰਸ ਪ੍ਰਧਾਨ ਵਿਕਾਰ ਰਸੂਲ ਵਾਨੀ ਵੀ ਉਨ੍ਹਾਂ ਦੇ ਨਾਲ ਹਨ। ਪ੍ਰਭਾਵਸ਼ਾਲੀ ਸ਼ੀਆ ਨੇਤਾ ਮੇਹਦੀ ਨੇ ਕਿਹਾ, ‘‘ਜਿੱਤ ਦੀ ਉਮੀਦ ਤੁਹਾਡੇ ਸਾਹਮਣੇ ਹੈ। ਪਰ ਜਿੱਤ ਜਾਂ ਹਾਰ ਤੋਂ ਵੱਧ ਅਹਿਮ ਇਹ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਉਸ (ਜਿੱਤ) ਵੱਲ ਲਈ ਕਿਵੇਂ ਜੁਟਾਇਆ ਜਾਵੇ, ਜਿਹੜੀਆਂ ਭਾਵਨਾਵਾਂ ਉਹ ਪਿਛਲੇ ਚਾਰ ਸਾਲਾਂ ਤੋਂ ਜ਼ਾਹਿਰ ਨਹੀਂ ਕਰ ਸਕੇ ਹਨ ਅਤੇ ਉਨ੍ਹਾਂ ਨੂੰ ਪ੍ਰਗਟਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਫਾਰੂਕ ਅਬਦੁੱਲਾ ਨੇ ਕਿਹਾ ਕਿ ਪਾਰਟੀ ਨੂੰ ਉਮੀਦ ਹੈ ਕਿ ਸ੍ਰੀਨਗਰ ਸੀਟ ਤੋਂ ਮੇਹਦੀ ਜਿੱਤ ਹਾਸਲ ਕਰਨਗੇ। ਇਸ ਸੀਟ ਤੋਂ 19 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ ਹਨ।

ਇਸੇ ਦੌਰਾਨ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਮੁੰਬਈ ਤੋਂ 447 ਉਮੀਦਵਾਰਾਂ, ਝਾਰਖ਼ੰਡ ’ਚ ਕਾਂਗਰਸ ਦੇ ਸੁਖਦੇਵ ਭਗਤ ਨੇ ਲੋਹਾਰਡਾਗਾ ਤੇ ਤੋਲੰਗਾਨਾ ਵਿੱਚ ਭਾਜਪਾ ਦੇ ਬੰਦੀ ਸੰਜੇ ਕੁਮਾਰ ਤੇ ਅਰਵਿੰਦ ਧਰਮਾਪੁਰੀ ਨੇ ਨਾਮਜ਼ਦਗੀ ਕਾਗਜ਼ ਭਰੇ। ਵਾਈਐੱਸਆਰਸੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਅੱਜ ਪੁਲੀਵੇਂਦੁਲਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਭਰੀ ਹੈ। ਇੱਕ ਪ੍ਰੈੱਸ ਬਿਆਨ ’ਚ ਕਿਹਾ ਗਿਆ, ‘‘ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਅੱਜ ਪੁਲੀਵੇਂਦੁਲਾ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਪੁਲੀਵੇਂਦੁਲਾ ਦੇ ਰਿਟਰਨਿੰਗ ਅਧਿਕਾਰੀ ਕੋਲ ਦਾਖਲ ਕਰਵਾਏ।’’ ਸੂਬੇ ਵਿੱਚ ਅਸੈਂਬਲੀ ਚੋਣਾਂ ਤੇ ਲੋਕ ਸਭਾ ਚੋਣਾਂ ਲਈ ਵੋਟਾਂ ਇੱਕੋ ਦਿਨ 13 ਮਈ ਨੂੰ ਪੈਣਗੀਆਂ।

ਸਾਂਝਾ ਕਰੋ