ਭਾਜਪਾ 28 ਸਾਲ ਬਾਅਦ ਲੁਧਿਆਣਾ ਵਿੱਚ ਉਤਾਰੇਗੀ ਆਪਣਾ ਉਮੀਦਵਾਰ

ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵਰਕਰਾਂ ਦੀ ਲੰਮੀ ਉਡੀਕ ਮਗਰੋਂ 28 ਸਾਲ ਬਾਅਦ ਭਾਜਪਾ ਮੁੜ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰੇਗੀ ਅਤੇ ਕਮਲ ਦੇ ਫੁੱਲ ’ਤੇ ਚੋਣ ਲੜੇਗੀ। ਇਸ ਲਈ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਭਾਜਪਾ ਵੱਲੋਂ ਕੱਲ੍ਹ ਚੋਣਾਂ ਇੱਕਲਿਆਂ ਲੜਨ ਦੇ ਫੈਸਲੇ ਮਗਰੋਂ ਭਾਜਪਾ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

1996 ਵਿੱਚ ਭਾਜਪਾ ਨੇ ਆਖਰੀ ਵਾਰ ਆਪਣੇ ਚੋਣ ਨਿਸ਼ਾਨ ’ਤੇ ਲੋਕ ਸਭਾ ਹਲਕਾ ਲੁਧਿਆਣਾ ਦੀ ਸੀਟ ’ਤੇ ਚੋਣ ਲੜੀ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਿਚਾਲੇ ਗੱਠਜੋੜ ਹੋ ਗਿਆ ਅਤੇ ਲੁਧਿਆਣਾ ਦੀ ਸੀਟ ਅਕਾਲੀ ਦਲ ਕੋਲ ਚੱਲੀ ਗਈ ਸੀ। ਜ਼ਿਕਰਯੋਗ ਹੈ ਕਿ ਲੁਧਿਆਣਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿੱਚ 6 ਵਿਧਾਨ ਸਭਾ ਹਲਕੇ ਸ਼ਹਿਰੀ ਹਨ ਤੇ ਬਾਕੀ ਅੱਧੇ ਸ਼ਹਿਰੀ ਤੇ ਪੇਂਡੂ ਹਨ। 1996 ਵਿੱਚ ਇਸ ਸੀਟ ’ਤੇ ਆਖਰੀ ਵਾਰ ਭਾਜਪਾ ਦੇ ਸਤਪਾਲ ਗੋਸਾਈਂ ਨੇ ਚੋਣ ਲੜੀ ਸੀ। ਉਸ ਵੇਲੇ ਭਾਜਪਾ ਲਗਪਗ 85 ਹਜ਼ਾਰ ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੀ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਗਿਆ ਅਤੇ 1998 ਵਿੱਚ ਗੱਠਜੋੜ ਦੇ ਉਮੀਦਵਾਰ ਅਮਰੀਕ ਸਿੰਘ ਆਲੀਵਾਲ ਚੋਣ ਜਿੱਤੇ। 2004 ਵਿੱਚ ਮੁੜ ਗੱਠਜੋੜ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਚੋਣ ਜਿੱਤੇ। ਦੋਵੇਂ ਵਾਰ ਇੱਥੋਂ ਚੋਣ ਅਕਾਲੀ ਦਲ ਨੇ ਆਪਣੇ ਚੋਣ ਨਿਸ਼ਾਨ ਤੱਕੜੀ ’ਤੇ ਲੜੀ ਸੀ। ਉਸ ਤੋਂ ਬਾਅਦ ਹੁਣ ਤੱਕ ਇਕ ਵਾਰ ਵੀ ਅਕਾਲੀ ਦਲ ਨੇ ਚੋਣ ਨਹੀਂ ਜਿੱਤੀ।

ਇਸ ਵਾਰ ਭਾਜਪਾ ਦੇ ਇਕੱਲੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਲੁਧਿਆਣਾ ਤੋਂ ਚੋਣ ਲੜਨ ਲਈ ਭਾਜਪਾ ਦੇ ਕਾਫ਼ੀ ਆਗੂ ਕਤਾਰ ਵਿੱਚ ਹਨ। ਮੌਜੂਦਾ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਚੋਣ ਲੜਨ ਲਈ ਮੂਹਰਲੀਆਂ ਸਫ਼ਾਂ ਵਿੱਚ ਹਨ। ਜੇਕਰ ਭਾਜਪਾ ਉਨ੍ਹਾਂ ਨੂੰ ਲੁਧਿਆਣਾ ਦੀ ਥਾਂ ਕਿਸੇ ਹੋਰ ਹਲਕੇ ਤੋਂ ਚੋਣ ਲੜਵਾਉਂਦੀ ਹੈ ਤਾਂ ਹਿੰਦੂ ਚਿਹਰਾ ਪ੍ਰਵੀਨ ਬਾਂਸਲ, ਜੀਵਨ ਗੁਪਤਾ ਤੇ ਪਰਮਿੰਦਰ ਸਿੰਘ ਬਰਾੜ ਟਿਕਟ ਲਈ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਹਨ। ਇਸ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ 6 ਸ਼ਹਿਰੀ ਹਲਕਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਉਮੀਵਾਰਾਂ ਨਾਲ ਮਿਲ ਕੇ ਕਮਲ ਦੇ ਫੁੱਲ ’ਤੇ ਲੜੀਆਂ ਸਨ। ਜ਼ਿਆਦਾਤਰ ਹਲਕਿਆਂ ਵਿੱਚ ਭਾਜਪਾ ਵੋਟਾਂ ਦੀ ਗਿਣਤੀ ’ਚ ਅਕਾਲੀ ਦਲ ਤੋਂ ਅੱਗੇ ਸੀ। ਭਾਜਪਾ ਦੇ ਇਕੱਲੇ ਚੋਣ ਲੜਨ ਦੇ ਫੈਸਲੇ ਮਗਰੋਂ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਹੈ। ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਦੱਤ ਸ਼ਰਮਾ ਤੇ ਵਕੀਲ ਹਰਸ਼ ਸ਼ਰਮਾ ਨੇ ਦੱਸਿਆ ਕਿ ਭਾਜਪਾ ਦੇ ਵਰਕਰਾ ਪੱਬਾਂ ਭਾਰ ਹਨ। 1996 ਤੋਂ ਬਾਅਦ ਭਾਜਪਾ ਨੇ ਆਪਣੇ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜੀ ਸੀ। ਇਸ ਵਾਰ ਭਾਜਪਾ ਕਮਲ ਦੇ ਫੁੱਲ ’ਤੇ ਹੀ ਚੋਣ ਲੜੇਗੀ ਤੇ ਭਾਜਪਾ ਦੇ ਵਰਕਰਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ’ਤੇ ਭਾਜਪਾ ਜਿੱਤ ਹਾਸਲ ਕਰੇਗੀ।

ਸਾਂਝਾ ਕਰੋ