ਦੇਸ਼ ਦੀ ਸੱਭ ਤੋਂ ਅਮੀਰ ਮਹਿਲਾ ਸਵਿੱਤਰੀ ਜਿੰਦਲ ਨੇ ਛੱਡੀ ਕਾਂਗਰਸ

ਹਰਿਆਣਾ ਦੀ ਸਾਬਕਾ ਮੰਤਰੀ ਅਤੇ ਭਾਰਤ ਦੀ ਸੱਭ ਤੋਂ ਅਮੀਰ ਮਹਿਲਾ ਸਵਿੱਤਰੀ ਜਿੰਦਲ ਨੇ ਕਾਂਗਰਸ ਛੱਡ ਦਿਤੀ ਹੈ। ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਅਤੇ ਉਦਯੋਗਪਤੀ ਨਵੀਨ ਜਿੰਦਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਸਵਿੱਤਰੀ (84) ਨੇ ਬੁੱਧਵਾਰ ਦੇਰ ਰਾਤ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਾਂਗਰਸ ਛੱਡਣ ਦੇ ਅਪਣੇ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ, “ਮੈਂ ਇਕ ਵਿਧਾਇਕ ਵਜੋਂ 10 ਸਾਲਾਂ ਤਕ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਕ ਮੰਤਰੀ ਵਜੋਂ ਹਰਿਆਣਾ ਰਾਜ ਦੀ ਨਿਰਸਵਾਰਥ ਸੇਵਾ ਕੀਤੀ ਹੈ।  ਹਿਸਾਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦੀ ਸਲਾਹ ‘ਤੇ ਮੈਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ।”

ਪ੍ਰਸਿੱਧ ਉਦਯੋਗਪਤੀ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਓਪੀ ਜਿੰਦਲ ਦੇ ਪੁੱਤਰ ਨਵੀਨ ਨੂੰ ਭਾਜਪਾ ਨੇ ਕੁਰੂਕਸ਼ੇਤਰ ਤੋਂ ਆਗਾਮੀ ਲੋਕ ਸਭਾ ਚੋਣਾਂ ਲਈ ਮੈਦਾਨ ‘ਚ ਉਤਾਰਿਆ ਹੈ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਮੁਤਾਬਕ ਜਿੰਦਲ ਗਰੁੱਪ ਦੀ ਚੇਅਰਮੈਨ ਸਵਿੱਤਰੀ ਜਿੰਦਲ ਦੀ ਕੁੱਲ ਜਾਇਦਾਦ 25 ਅਰਬ ਡਾਲਰ ਤਕ ਪਹੁੰਚ ਗਈ ਹੈ। ਪਿਛਲੇ 2 ਸਾਲਾਂ ‘ਚ ਉਨ੍ਹਾਂ ਦੀ ਜਾਇਦਾਦ ‘ਚ ਭਾਰੀ ਵਾਧਾ ਹੋਇਆ ਹੈ। ਸਵਿੱਤਰੀ ਜਿੰਦਲ 2020 ਵਿਚ ਫੋਰਬਸ ਦੀ ਸੂਚੀ ਵਿਚ 349 ਵੇਂ ਸਥਾਨ ‘ਤੇ ਸੀ। ਇਸ ਤੋਂ ਬਾਅਦ ਉਹ 2021 ‘ਚ 234ਵੇਂ ਅਤੇ 2022 ‘ਚ 91ਵੇਂ ਨੰਬਰ ‘ਤੇ ਪਹੁੰਚ ਗਏ।

ਸਾਂਝਾ ਕਰੋ