ਨਿੱਕਾ ਬਾਲ ਲੱਭੇ ਮਾਂ ਨੂੰ ਤੇ ਸੱਤਰਾਂ ਤੋਂ ਮਗਰੋਂ ਨੀਂਦ ਨੂੰ ਬੁਢਾਪਾ ਤਰਸੇ
ਹਾਰ ਸਿੰਗਾਰ ਨਾ ਮਨ ਭਾਵੇਂ ਪ੍ਰਦੇਸੀ ਮਾਹੀ ਨੂੰ ਮੁਟਿਆਰ ਤਰਸੇ
ਜਦ ਚੜਦੀ ਜਵਾਨੀ ਮੁੱਛ ਫੁੱਟਦੀ ਕਿੱਥੇ ਸੋਚੇ ਨਫੇ ਨੁਕਸਾਨ ਨੂੰ
ਚੁਗਲਖੋਰਾਂ ਦੇ ਗੱਲ ਨਾ ਪਚੇ ਮੂੰਹ ਨਾ ਲਾਵੇ ਕੋਈ ਬੇਈਮਾਨ ਨੂੰ
ਲੂੰ ਹੁੰਦੀ ਮਾੜੀ ਸੋਹਲ ਸਰੀਰ ਨੂੰ ਤੇ ਪਾਲਾ ਮਾੜਾ ਅਮਲੀ ਦੇ ਹੱਡਾਂ ਨੂੰ
ਵੇਹਲੜਾ ਦਾ ਕੰਮ ਹੁੰਦਾ ਕੱਢਣੇ ਨੁਕਸ ਰਹਿਣ ਫੋਲਦੇ ਜੋ ਸੁੰਨੀਆਂ ਖੱਡਾਂ ਨੂੰ
ਗਿੱਲੇ ਪੱਠੇ ਮਾੜੇ ਸੱਜਰ ਲਵੇਰੇ ਨੂੰ ਤੇ ਡਾਂਗ ਵੱਜੀ ਮਾੜੀ ਕੱਟੇ ਵੱਛੇ ਨੂੰ
ਦੁੱਧ ਚੋਦਿਆਂ ਵਿਚਾਲਿਓ ਲੱਤ ਚੱਕੇ ਤੇ ਆਦਤ ਹੈ ਮਾੜੀ ਚੱਬਦੀ ਜੋ ਰੱਸੇ ਨੂੰ
ਉਸ ਵਾੜ ਦਾ ਕੀ ਫਾਇਦਾ ਫਸਲ ਦੀ ਕਰਦੀ ਨਾ ਰਾਖੀ ਜੋ
ਮਾੜਾ ਪੱਲੇ ਬੰਨੀਏ ਨਾ ਰੱਖੀਏ ਸੰਭਾਲ ਸਿਆਣਿਆਂ ਦੀ ਗੱਲ ਆਖੀ ਜੋ
ਸਹਿਰ ਵਿੱਚ ਗੁਆਂਢ ਵੀ ਪਰਾਇਆ ਪਿੰਡ ਵਿੱਚ ਸਾਂਝ ਤੀਜੇ ਬੰਨੇ ਦੀ
ਬੋਲਿਆ ਦੇ ਤਾਂਈ ਸਾਰੇ ਜੱਗ ਚੁੱਪ ਧਾਰੀ ਪੀੜ ਵਿਰਲਾ ਹੀ ਕੋਈ ਸਮਝਦਾ ਅੰਨੇ ਦੀ
ਬਹੁਤੇ ਚਤਰ ਚਲਾਕ ਸਿਰੇ ਦੇ ਜੋ ਠੱਗ ਗੰਜਿਆਂ ਨੂੰ ਵੇਚ ਜਾਂਦੇ ਕੰਘੀਆਂ
ਕਿੱਥੇ ਮੁੜਦੇ ਨੇ ਬੋਲ ਉਹੋ ਗੱਲਾਂ ਕੌੜੀਆ ਜੋ ਸੀਨਾ ਛੱਲੀ ਕਰ ਲੰਘੀਆਂ
ਬੰਦਾ ਹੋਵੇ ਬੇਸਮਝ ਗੁੱਝੀ ਮਾਰਦੀ ਰ਼ਮਜ ਅੱਖੀਆ ਸੁਆਲ ਪਾਉਦੀਆਂ
ਛੜਿਆ ਦੇ ਤਾਈ ਨਿੱਤ ਮੇਲਾ ਪਿੱਛੋਂ ਭਾਂਵੇ ਬਿੱਲੀਆ ਨੇ ਵੈਣ ਪਾਉਂਦੀਆਂ
ਮੱਛੀਆਂ ਨੂੰ ਕੌਣ ਤੈਰਨਾ ਸਿਖਾਵੇ ਸਿਕਾਰ ਕਰਨਾ ਸਿਖਾਵੇ ਕੌਣ ਸੇਰਾਂ ਨੂੰ
ਮੰਜ਼ਿਲਾਂ ਦੇ ਆਸਕ ਕਿੱਥੇ ਕੰਡਿਆਂ ਤੋਂ ਡਰਦੇ ਤੋੜ ਲੈਂਦੇ ਟੀਸੀ ਵਾਲੇ ਬੇਰਾਂ ਨੂੰ
ਘੁਣ ਤੇ ਸਿਉਂਕ ਸੰਧੂਆਂ ਲੱਕੜ ਨੂੰ ਖਾਣ ਜੰਗਾਲ ਖਾਂਦੀ ਲੋਹੇ ਨੂੰ
ਮਹਿਬੂਬ ਦਾ ਵਿਯੋਗ ਆਸਕ ਨੂੰ ਖਾਂਦਾ ਜਿਵੇਂ ਅੱਗ ਗਿੱਲੇ ਗੋਹੇ ਨੂੰ
ਬਲਤੇਜ ਸੰਧੂ ਬੁਰਜ ਲੱਧਾ ਬਠਿੰਡਾ
9465818158