ਉੱਤਰ ਪ੍ਰਦੇਸ਼/ 11 ਜੁਲਾਈ (ਏ.ਡੀ.ਪੀ)
ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਈ ਤੇਜ਼ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ ਅਤੇ 23 ਲੋਕਾਂ ਦੀ ਝੁਲਸਣ ਦੀ ਖਬਰ ਹੈ। ਪ੍ਰਯਾਗਰਾਜ ਦੇ ਕੋਰਾਂਵ ਖੇਤਰ ‘ਚ 3, ਬਾਰਾ ‘ਚ 3 ਤੇ ਕਰਛਨਾ ‘ਚ 1 ਵਿਅਕਤੀ ਦੀ ਮੌਤ ਹੋ ਗਈ ਹੈ। ਸੋਰਾਂਵ ਤਹਿਸੀਲ ‘ਚ 6 ਲੋਕਾਂ ਦੀ ਮੌਤ ਹੋ ਗਈ। ਏਡੀਐੱਮ (ਵਿੱਤ ਤੇ ਮਾਲੀਆ) ਐੱਮਪੀ ਸਿੰਘ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦਾ ਵੇਰਵਾ ਤੇ ਨੁਕਸਾਨ ਦੀ ਰਿਪੋਰਟ ਸ਼ਾਸਨ ਨੂੰ ਭੇਜ ਦਿੱਤੀ ਗਈ ਹੈ। ਮਿ੍ਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਛੇ ਮੱਝਾਂ ਤੇ ਪੰਜ ਬੱਕਰੇ, ਬੱਕਰੀਆਂ ਦੀ ਮੌਤ ਵੀ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਹੈ। ਕੌਸ਼ਾਂਬੀ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਇਲ ਤਹਿਸੀਲ ਖੇਤਰ ‘ਚ ਦੋ ਲੋਕਾਂ ਨੇ ਜਾਨ ਗੁਆਈ ਜਦਕਿ ਇਕ ਮੌਤ ਮੰਝਨਪੁਰ ਤਹਿਸੀਲ ਖੇਤਰ ‘ਚ ਹੋਈ। ਪ੍ਰਤਾਪਗੜ੍ਹ ‘ਚ ਬਿਜਲੀ ਡਿੱਗਣ ਨਾਲ ਲਾਲਗੰਜ ਤਹਿਸੀਲ ਖੇਤਰ ‘ਚ ਝੋਨਾ ਲਾ ਰਹੇ ਨੌਜਵਾਨ ਦੀ ਜਾਨ ਚਲੀ ਗਈ। ਇੱਥੇ ਪੰਜ ਹੋਰ ਝੁਲਸ ਗਏ। ਉੱਧਰ, ਕਾਨਪੁਰ ਤੇ ਆਸਪਾਸ ਦੇ ਜ਼ਿਲਿ੍ਹਆਂ ‘ਚ ਐਤਵਾਰ ਨੂੰ ਬਾਰਿਸ਼ ਦੌਰਾਨ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਤੇ 14 ਝੁਲਸ ਗਏ। ਉੱਥੇ, ਪੰਜ ਡੰਗਰ ਵੀ ਮਰ ਗਏ। ਬਿਜਲੀ ਡਿੱਗਣ ਨਾਲ ਫ਼ਤੇਹਪੁਰ ‘ਚ ਤਿੰਨ ਔਰਤਾਂ ਸਮੇਤ ਪੰਜ, ਕਾਨਪੁਰ ਦੇਹਾਤ ‘ਚ ਤਿੰਨ ਨੌਜਵਾਨਾਂ, ਹਮੀਰਪੁਰ ‘ਚ ਇਕ ਬਜ਼ੁਰਗ ਕਿਸਾਨ, ਉੱਨਾਵ ‘ਚ ਚਚੇਰੇ ਭੈਣ ਭਰਾ, ਬਾਂਦਾ ‘ਚ ਇਕ ਮੁਟਿਆਰ ਦੀ ਮੌਤ ਹੋ ਗਈ। ਫਰੂਖ਼ਾਬਾਦ ‘ਚ ਬਿਜਲੀ ਡਿੱਗਣ ਨਾਲ ਨੌਂ ਤੇ ਫ਼ਤੇਹਪੁਰ ‘ਚ ਪੰਜ ਪਿੰਡ ਦੇ ਲੋਕ ਝੁਲਸ ਗਏ। ਉਰਈ ਦੇ ਮਹੇਬਾ ‘ਚ ਤਿੰਨ ਮੱਝਾਂ ਤੇ ਚਿਤਰਕੂਟ ‘ਚ ਦੋ ਮੱਝਾਂ ਦੀ ਮੌਤ ਹੋ ਗਈ। ਉੱਥੇ ਜਾਲੌਨ ‘ਚ ਇਕ ਘਰ ‘ਤੇ ਬਿਜਲੀ ਡਿੱਗਣ ਨਾਲ ਛੱਤ ਨੁਕਸਾਨੀ ਗਈ, ਕਈ ਪਿੰਡਾਂ ‘ਚ ਬਿਜਲਈ ਯੰਤਰ ਸੜ ਗਏ।