
ਨਵਾਂਸ਼ਹਿਰ – ਬਹੁਜਨ ਸਮਾਜ ਪਾਰਟੀ ਵਲੋਂ ਮੰਗਲਵਾਰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਨਵਾਂਸ਼ਹਿਰ ਵਿਖੇ ਵਿਸ਼ਾਲ ਰੋਸ ਮਾਰਚ ਕਢਿਆ ਗਿਆ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਸ਼ਾਮਿਲ ਹੋਏ। ਜਿਲ੍ਹਾ ਪੱਧਰੀ ਧਰਨੇ ਦੀ ਅਗਵਾਈ ਸੂਬਾ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਡਾ ਨਛੱਤਰ ਪਾਲ ਨੇ ਕੀਤੀ ਜੋਕਿ ਖਰਾਬ ਮੌਸਮ ਵਿਚ ਅੰਬੇਡਕਰ ਚੌਂਕ ਤੋਂ ਸ਼ੁਰੂ ਹੋਕੇ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਨਾਹਰੇਬਾਜੀ ਕਰਦਾ ਹੋਇਆ ਵਿਸ਼ਾਲ ਇਕੱਠ ਦੇ ਰੂਪ ਵਿਚ ਪੁੱਜਾ। ਬਸਪਾ ਨੇ ਨੀਲੇ ਝੰਡਿਆਂ ਦੀ ਭਰਮਾਰ ਦੇ ਵਿਸ਼ਾਲ ਇਕੱਠ ਨੂੰ ਅੰਬੇਡਕਰ ਚੌਕ ਵਿਚ ਸੰਬੋਧਨ ਕਰਦਿਆਂ ਸ ਗੜ੍ਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਦਲਿਤ, ਪੱਛੜਾ ਤੇ ਘੱਟਗਿਣਤੀਆਂ ਵਿਰੋਧੀ ਹੈ। 26 ਜਨਵਰੀ ਦੇ ਕਿਸਾਨਾਂ ਦੇ ਲਾਲ ਕਿਲੇ ਦੇ ਰੋਸ ਮਾਰਚ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਸੀ ਉਹ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਇਕ ਫੋਨ ਕਾਲ ਦੀ ਦੂਰੀ ਤੇ ਹਨ ਜਦੋਂ ਕਿ 26 ਜੁਲਾਈ ਨੂੰ ਇਸ ਗੱਲ ਨੂੰ ਵੀ ਛੇ ਮਹੀਨੇ ਬੀਤ ਚੁੱਕੇ ਹਨ। ਭਾਜਪਾ ਸਰਕਾਰ ਦਾ ਵਤੀਰਾ ਕੁੰਭਰਕਣ ਤੋਂ ਵੀ ਬੁਰਾ ਹੈ ਜੋਕਿ ਛੇ ਮਹੀਨੇ ਸੌਂਦਾ ਸੀ ਤੇ ਛੇ ਮਹੀਨੇ ਜਾਗਦਾ ਸੀ। ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਨੇ ਮੌਜੂਦਾ ਸੈਸ਼ਨ ਦੌਰਾਨ ਕੰਮ ਰੋਕੂ ਮਤਾ ਲਿਆਕੇ ਪਾਰਲੀਮੈਂਟ ਦਾ ਕੰਮ ਛੇ ਦਿਨਾਂ ਤੋਂ ਰੋਕਿਆ ਹੋਇਆ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਪੰਜਾਬ ਵਿੱਚ ਸੜਕਾਂ ਤੇ ਬਸਪਾ ਨੇ ਆਪਣਾ ਚਿੰਗਾੜਦਾ ਹਾਥੀ ਉਤਾਰ ਦਿੱਤਾ ਹੈ। ਸ ਗੜ੍ਹੀ ਨੇ ਕਾਂਗਰਸ ਤੇ ਵਰਦਿਆਂ ਕਿਹਾ ਕਿ ਕਾਂਗਰਸ ਦਾ ਪੰਜਾਬ ਦੇ ਨਵ- ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਕਿ ਪਿਆਸੇ ਕਿਸਾਨ ਕਾਂਗਰਸ ਦੇ ਖੂਹ ਕੋਲ ਚਲਕੇ ਆਉਣ ਬਹੁਤ ਨਿੰਦਣਯੋਗ ਹੈ।
ਕਾਂਗਰਸ ਦਾ ਕਿਸਾਨ ਵਿਰੋਧੀ ਚੇਹਰਾ ਬੇਨਕਾਬ ਹੋ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਆਮਦ ਉਪਰ ਮੋਰਿੰਡਾ ਤੇ ਚਮਕੌਰ ਸਾਹਿਬ ਵਿਖੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਤੇ ਗੰਭੀਰ ਧਾਰਵਾਂ ਮਾਰਕੁਟਾਈ ਦੇ ਪਰਚੇ ਵਿਧਾਇਕ ਚਰਨਜੀਤ ਚੰਨੀ ਨੇ ਦਰਜ ਕਰਵਾ ਦਿੱਤੇ। ਓਹਨਾ ਕਿਹਾ ਕਿ ਮੌਜੂਦਾ ਚੱਲ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਕੰਮ ਰੋਕੂ ਮਤਾ ਲਿਆਕੇ ਦੇਸ਼ ਦਾ ਸਮੁੱਚਾ ਧਿਆਨ ਕਿਸਾਨ ਮੁਦਿਆਂ ਤੇ ਕੇਂਦਰਤ ਕਰਕੇ ਹੱਲ ਕਰਾਉਣਾ ਚਾਹੁੰਦੇ ਹਨ ਤਾਂ ਉਸ ਕੰਮ ਰੋਕੂ ਮਤੇ ਦਾ ਕਾਂਗਰਸ ਪਾਰਟੀ ਵਲੋਂ ਸਮਰਥਨ ਨਾ ਕਰਨਾ ਹੋਰ ਵੀ ਨਿੰਦਣਯੋਗ ਹੈ।