ਬੋਸਟਨ ਅਮਰੀਕਾ ਵਿੱਚ ਕਿਸਾਨਾ ਅੰਦੋਲਨ ਦੇ ਸਮਰਥਨ ਵਿੱਚ ਮਹੀਨਾਵਾਰ ਰੈਲੀ 

ਅਮਰੀਕਾ , 27 ਜੁਲਾਈ ( ਏ.ਡੀ.ਪੀ. ਨਿਊਜ਼ ਏਜੰਸੀ)  ਅਮਰੀਕਾ ਦੀ ਸਟੇਟ ਮੈਸੇਚੁਸੈਟਸ ਦੇ ਸ਼ਹਿਰ ਸਮਰਵਿਲ ਦੇ ਯੂਨੀਅਨ ਸਕੂਏਅਰ (ਚੌਂਕ), ਜੋ ਕਿ ਬੋਸਟਨ ਦੇ ਨਜ਼ਦੀਕ ਹੈ, ਤੇ ਜਿੱਥੇ ਕਾਫ਼ੀ ਜ਼ਿਆਦਾ ਪੰਜਾਬੀ ਵੱਸਦੇ ਹਨ, ਵਿਖੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮਹੀਨਾਵਾਰ ਰੈਲੀ ਕੀਤੀ ਗਈ। ਜਿਸ ਵਿੱਚ ਸਟੇਟ ਨੁਮਾਇੰਦੇ ਮਾਈਕ ਕੋਨਲੀ ਤੇ ਸ਼ਹਿਰ ਦੇ ਕੌਂਸਲਰ ਵਿਲਫ਼ਰਡ ਮਬਾਹ ਨੇ ਕਿਸਾਨ ਅੰਦੋਲਨ ਵਾਰੇ ਜਾਣਿਆ ਤੇ ਰੈਲੀ ਨੂੰ ਸੰਬੋਧਿਨ ਕਰਦਿਆਂ ਆਪਣੇ ਸਮਰਥਨ ਦਾ ਭਰੋਸਾ ਦਿੱਤਾ। ਇਸਤੋਂ ਇਲਾਵਾ ਪੰਜਾਬੀ ਅਦਾਕਾਰਾ ਮੋਨਿਕਾ ਗਿੱਲ, ਉਹਨਾਂ ਦੇ ਛੋਟੇ ਭੈਣ ਸੋਨਿਕਾ ਗਿੱਲ, ਹਰਦੀਪ ਮਾਨ, ਰਾਇਨ ਕੋਸਟੇਲੋ, ਕੋਮਲ ਬਾਜਵਾ, ਸੋਮਨਾਥ ਮੁਖਰਜੀ, ਆਰਿਫ਼ ਹੁਸੈਨ ਤੇ ਗੁਰਮੇਲ ਸਿੰਘ ਹਰੀਕਾ (ਸੀਨੀਅਰ ਅਡਵਾਈਜ਼ਰ ਕਿਸਾਨ ਯੂਨੀਅਨ) ਨੇ ਵੀ ਰੈਲੀ ਨੂੰ ਸੰਬੋਧਿਨ ਕੀਤਾ।
ਇਸ ਤਰ੍ਹਾਂ ਦੇ ਕਨੂੰਨਾਂ ਤੇ ਵੱਡੀਆਂ ਕਾਰਪੋਰੇਸ਼ਨਾਂ ਦੇ ਆਉਣ ਕਰਕੇ, ਅਮਰੀਕਾ, ਮੈਕਸੀਕੋ ਤੇ ਹੋਰ ਦੇਸ਼ਾਂ ਵਿੱਚ ਛੋਟੇ ਕਿਸਾਨਾਂ ਦਾ ਵਜੂਦ ਪਹਿਲਾਂ ਹੀ ਖਤਮ ਹੋ ਚੁੱਕਾ ਹੈ, ਤੇ ਹੁਣ ਅਜਿਹੇ ਕਨੂੰਨਾਂ ਨਾਲ਼ ਭਾਰਤ ਵਿੱਚ ਛੋਟੇ ਕਿਸਾਨਾਂ ਦੀ ਹੋਂਦ ਨੂੰ ਖਤਰਾ ਹੈ। ਇੱਕ ਸਾਲ ਤੋਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਅਜੇ ਤੱਕ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਤਿੰਨ ਨਵੇਂ ਖੇਤੀ ਕਨੂੰਨ ਕਿਸਾਨਾਂ ਨਾਲ਼ ਜ਼ਿਆਦਤੀ ਹੈ ਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਵਾਪਿਸ ਲੈਣੇ ਚਾਹੀਦੇ ਹਨ। ਇਸ ਮੌਕੇ ਤੇ ਮਨੋਜ ਮਿਸ਼ਰਾ, ਪ੍ਰੀਤਪਾਲ ਸਿੰਘ, ਅਮਨਦੀਪ ਸਿੰਘ ਤੇ ਜਸਪਾਲ ਸਿੰਘ ਨੇ ਕਿਸਾਨਾਂ ਦੇ ਹੱਕ ਵਿੱਚ ਕਵਿਤਾਵਾਂ ਪੜ੍ਹ ਕੇ ਮਾਹੌਲ ਨੂੰ ਜੋਸ਼ਮਈ ਬਣਾਇਆ। ਇਹ ਰੈਲੀ ਕੋਲਿਸ਼ਨ ਫਾਰ ਡੇਮੋਕ੍ਰੈਟਿਕ ਇੰਡੀਆ, ਬੋਸਟਨ ਸਾਊਥ ਏਸ਼ੀਅਨ ਅਸੋਸੀਏਸ਼ਨ, ਨਿਸ਼ਕਾਮ ਟੀ.ਵੀ. ਤੇ ਹੋਰ ਲੋਕਲ ਜਥੇਬੰਦੀਆਂ ਦੇ ਸਹਿਯੋਗ ਨਾਲ਼ ਹਰ ਮਹੀਨੇ ਦੇ ਅਖੀਰਲੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ।

ਸਾਂਝਾ ਕਰੋ

ਪੜ੍ਹੋ