ਕਵਿਤਾ /ਦਲ ਬਦਲੂ/ ਚਰਨਜੀਤ ਸਿੰਘ ਪੰਨੂ

ਟਪੂਸੀਆਂ ਮਾਰਦੇ ਕੰਧਾਂ ਬਨੇਰੇ ਟੱਪਦੇ
ਟਾਹਣੀ ਟਾਹਣੀ ਦੇ ਫੁਲ ਸੁੰਘਦੇ,
ਲਾਹ ਲੈਂਦੇ ਸਿਰ ਤੋਂ ਲੋਈ
ਸ਼ਰਮ ਹਯਾ ਨਾ ਉਨ੍ਹਾਂ ਕੋਈ!
ਜ਼ਮੀਰ ਵਿਕਾਊ ਤਖ਼ਤੀ ਲਟਕਾਉਂਦੇ
ਗਲੀ ਗਲੀ ਵਿਚ ਹੋਕਾ ਲਾਉਂਦੇ
ਆਪਣੇ ਮੱਥੇ ਕਾਲਖ ਥੱਪਦੇ
ਕੀਮਤ ਬੋਲੀ ਖੁੱਲ੍ਹੀ ਰੱਖਦੇ
ਇਹ ਬੇਜ਼ਮੀਰੇ ਦਲ ਬਦਲੂ।
ਕੁੱਲੇਵਾਦੀ, ਮੋਮਨਵਾਦੀ, ਗਾਂਧੀਵਾਦੀ
ਬਹੁ-ਨੁੱਕਰੀ ਬਹੁ-ਰੰਗੀ ਟੋਪੀਆਂ,
ਕਾਲੇ ਕੱਛੇ, ਖ਼ਾਕੀ, ਕਾਲੀ ਨਿੱਕਰਾਂ,
ਚਿੱਟੇ, ਨੀਲੇ, ਪੀਲੇ, ਬਦਰੰਗੀ,
ਬਦਲ ਲੈਂਦੇ ਨਿੱਤ ਨਵੇਂ ਲਿਬਾਸ
ਛਲੇਡੇ ਵਾਂਗ ਮੌਕੇ ਅਨੁਸਾਰ।
ਦਲ ਬਦਲੂ ਇਹ ਦਲ ਬਦਲੂ।
ਮਨ ਵਿਚ ਧਾਰ ਕੇ ਭੇਖੀ ਮਣਸ਼ਾ
ਸਮਾਜ ਸੇਵਾ ਦੀ ਸਿੱਕ ਬਹਾਨੇ
ਦੀਨ-ਅਮਾਨ ਨੂੰ ਸੰਨ੍ਹਾਂ ਲਾਉਂਦੇ
ਆਪਣੀ ਔਕਾਤ ਦਾ ਮੁੱਲ ਪਾਉਂਦੇ
ਧਰਮਾਂ ਨੂੰ ਉਹ ਲੜਨਾ ਡਾਹੁੰਦੇ।
ਸਮਾਜ ਦੇ ਵਸਾਹ-ਘਾਤੀ ਕੀੜੇ,
ਮੱਤਦਾਤਾਵਾਂ ਦੇ ਟਰੱਸਟ ਲੁਟੇਰੇ,
ਪਿੱਠ ਵਿਚ ਛੁਰਾ ਖੁਭਾਉਂਦੇ,
ਦਲ ਬਦਲੂ ਇਹ ਦਲ ਬਦਲੂ।
ਮੌਕਾਪ੍ਰਸਤ ਇਖ਼ਲਾਕ ਤੋਂ ਹੀਣੇ,
ਆਚਰਨ ਅਚਾਰ ਜ਼ਮੀਰ ਵਿਕਾਊ,
ਝੂਠੀਆਂ ਕਸਮਾਂ ਨੀਚ ਇਰਾਦੇ
                                                  ਕੱਚੀਆਂ ਸੌਹਾਂ ਦਗ਼ੇਬਾਜ਼ ਵਾਅਦੇ,
ਚਾਪਲੂਸ ਬਦਨੀਤੇ ਮੀਆਂ-ਮਿੱਠੂ,
ਥੈਲੀਆਂ ਵੇਖ ਕੇ ਝਪਟਣ ਝਟਪਟ,
ਦੋਹੀਂ ਹੱਥੀਂ ਰੱਖਦੇ ਲੱਡੂ
ਤਜੌਰੀਆਂ ਭਰਦੇ ਸੁਆਰਥੀ ਲੇਂਝ।
ਕਾਂਵਾਂ ਗਿਰਝਾਂ ਵਾਂਗਰ,
ਬੁਰਕੀ ਕੁਰਸੀ ਤੇ ਅੱਖ ਰੱਖਣ,
ਵੰਡਦੇ ਰਿਆਉੜੀਆਂ ਆਪਣਿਆਂ ਨੂੰ
ਅੰਨ੍ਹਿਆਂ ਵਾਂਗਰ ਪਗਲਿਆਂ ਵਾਂਗਰ,
ਦਲ ਬਦਲੂ ਇਹ ਦਲ ਬਦਲੂ।
ਧੋਬੀ ਦੇ  ਕੁੱਤੇ, ਘਰ ਦੇ ਨਾ ਘਾਟ ਦੇ,
ਵਿਗਾੜਨ ਤਾਣਾ-ਬਾਣਾ ਸੰਤੁਲਨ,
ਸਿਹਤਮੰਦ ਵਿਕਸਿਤ ਸਮਾਜ ਦਾ,
ਛਲ਼ੀਏ ਦਿਲ ਦੇ ਖੋਟੇ ਸ਼ੁੱਭਚਿੰਤਕ,
ਲੋਭ ਲਾਲਚ ਦੇ ਜਟਿਲ ਸੌਦਾਗਰ,
ਦੋਗਲੇ ਚੌਗਲੇ ਮਾਣਸ ਖਾਣੇ
ਟੋਲਦੇ ਰਹਿੰਦੇ ਨਵਾਂ ਮੁਰਦਾਰ
ਸਮਾਜ ਨੂੰ ਵੱਡੀ ਵੰਗਾਰ,
ਦਲ ਬਦਲੂ ਇਹ ਦਲ ਬਦਲੂ।
ਹੋ ਗਈ ਚੁਸਤ ਚੁਕੰਨੀ ਹੁਣ  ਜਨਤਾ
ਫੋਲਣ ਲੱਗੇ ਵਹੀ ਖਾਤਾ ਇਨ੍ਹਾਂ ਦਾ,
ਕੰਨੀਂ ਕਤਰਾਉਣ ਲੱਗੇ ਵੋਟਰ,
ਇਨ੍ਹਾਂ ਅਕ੍ਰਿਤਘਣਾਂ ਦੇ ਪਰਛਾਵੇਂ ਤੋਂ।
ਕੇਵਿਡ ਦੇ ਮਰੀਜ਼ਾਂ ਵਾਂਗਰ
ਦੂਰੋਂ ਕਰਦੇ ਸਲਾਮ
ਰੱਖਦੇ ਇਨ੍ਹਾਂ ਨੂੰ ਛੇ ਫੁੱਟ ਦੂਰ।
ਖ਼ਬਰਦਾਰ ਮੇਰੇ ਵੋਟਰ ਯਾਰ!
ਛਾਂਟ ਦੇਹ ਇਹ ਰੱਦੀ ਕਿਰਦਾਰ।
ਦੋ ਤਿੰਨ ਬੇੜੀਆਂ ਵਿਚ ਪੈਰ ਰੱਖਣ ਵਾਲੇ,
ਆਪ ਡੁੱਬਣਾ ਉਨ੍ਹਾਂ ਦਾ ਨਿਸ਼ਚਿਤ ਹੈ ਤੇ
ਨਿਸਚੈ ਡੋਬਣਗੇ ਬੇੜੀ ਦਾ ਸਾਰਾ ਪੂਰ,
ਦਲ ਬਦਲੂ ਇਹ ਦਲ ਬਦਲੂ। ”’
*******************************
(ਚਰਨਜੀਤ ਸਿੰਘ ਪੰਨੂ)

ਸਾਂਝਾ ਕਰੋ

ਪੜ੍ਹੋ

ਚੰਡੀਗੜ੍ਹ ਵਿੱਚ ਬਾਜ਼ਾਰ ਸ਼ਾਮ 7 ਵਜੇ ਤੋਂ

ਚੰਡੀਗੜ੍ਹ, 9 ਮਈ – ਪਾਕਿਸਤਾਨ ਦੇ ਹਮਲੇ ਤੋਂ ਬਾਅਦ ਚੰਡੀਗੜ੍ਹ...