ਦੇਸ਼ ਵਿਚਲੇ ਜੈ ਚੰਦ/ਸੰਦੀਪ ਕੁਮਾਰ

ਭਾਰਤ ਦਾ ਇਤਿਹਾਸ ਮਹਾਨ ਯੋਧਿਆਂ ਅਤੇ ਗੱਦਾਰਾਂ ਦੋਵਾਂ ਨਾਲ ਭਰਿਆ ਪਿਆ ਹੈ। ਇਨ੍ਹਾਂ ਵਿਚੋਂ ਇੱਕ ਨਾਂ ਜੋ ਹਰ ਯੁਗ ਵਿੱਚ ਗੱਦਾਰੀ ਦੀ ਮਿਸਾਲ ਵਜੋਂ ਦਿੱਤਾ ਜਾਂਦਾ ਹੈ, ਉਹ ਹੈ – ਜੈਚੰਦ। ਰਾਜਾ ਜੈਚੰਦ ਕਨੌਜ ਦਾ ਰਾਜਾ ਸੀ ਜਿਸਨੇ ਆਪਣੇ ਨਿੱਜੀ ਵੈਰ ਦੀ ਲੜਾਈ ‘ਚ ਮੁਹੰਮਦ ਗੌਰੀ ਨੂੰ ਭਾਰਤ ਬੁਲਾ ਕੇ ਗੱਦਾਰੀ ਕੀਤੀ। ਜੈਚੰਦ ਨੇ ਮੁਹੰਮਦ ਗੌਰੀ ਨੂੰ ਭਾਰਤ ਦੀ ਭੂਗੋਲਿਕ, ਰਾਜਨੀਤਿਕ ਅਤੇ ਸੈਨਾ ਸੰਬੰਧੀ ਜਾਣਕਾਰੀ ਦਿੱਤੀ ਜਿਸ ਕਰਕੇ 1192 ਦੀ ਤੈਰਾਈਨ ਦੀ ਲੜਾਈ ਵਿਚ ਪ੍ਰਿਥਵੀਰਾਜ ਚੌਹਾਨ ਦੀ ਹਾਰ ਹੋਈ ਅਤੇ ਭਾਰਤ ਤੇ ਵਿਦੇਸ਼ੀ ਹਮਲਾਵਰਾਂ ਦਾ ਰਾਜ ਸ਼ੁਰੂ ਹੋ ਗਿਆ। ਇਹ ਗੱਦਾਰੀ ਸਿਰਫ ਇੱਕ ਰਾਜੇ ਦੀ ਨਹੀਂ ਸੀ, ਇਹ ਇੱਕ ਅਜਿਹਾ ਭਿਆਨਕ ਸਬਕ ਸੀ ਜੋ ਅੱਜ ਤੱਕ ਭਾਰਤੀ ਮਨੁੱਖ ਦੀ ਯਾਦਦਾਸ਼ਤ ‘ਚ ਜਿੰਦਾ ਹੈ। ਅੱਜ ਵੀ “ਜੈਚੰਦ” ਸ਼ਬਦ ਕਿਸੇ ਗੱਦਾਰ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਜੈਚੰਦ ਸਿਰਫ ਇਤਿਹਾਸ ਦੀ ਕਿਤਾਬਾਂ ਤੱਕ ਸੀਮਤ ਨਹੀਂ ਰਿਹਾ। ਅੱਜ ਦੇ ਭਾਰਤ ਵਿਚ ਵੀ ਅਜਿਹੇ ਕਈ ਜੈਚੰਦ ਵੱਖ-ਵੱਖ ਰੂਪਾਂ ਵਿੱਚ ਮੌਜੂਦ ਹਨ – ਕਦੇ ਰਾਜਨੀਤਿਕ ਨੇਤਾਵਾਂ ਦੇ ਰੂਪ ਵਿੱਚ, ਕਦੇ ਪੱਤਰਕਾਰਾਂ, ਕਦੇ ਸੋਸ਼ਲ ਮੀਡੀਆ ਐਕਟਵਿਸਟਾਂ, ਕਦੇ ਮਸ਼ਹੂਰ ਸਖਸ਼ੀਅਤ ਦੇ ਰੂਪ ‘ਚ ਅਤੇ ਕਦੇ ਆਮ ਨਾਗਰਿਕਾਂ ਦੇ ਰੂਪ ਵਿੱਚ। ਇਹ ਸਾਰੇ ਲੋਕ ਦੇਸ਼ ਦੇ ਅੰਦਰ ਰਹਿੰਦੇ ਹੋਏ ਵੀ ਵਿਦੇਸ਼ੀ ਸਾਜਿਸ਼ਾਂ, ਆਤੰਕਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਸਿੱਧਾ ਜਾਂ ਅਣਸਿੱਧਾ ਸਮਰਥਨ ਦਿੰਦੇ ਹਨ।

22 ਅਪ੍ਰੈਲ ਨੂੰ ਪਹਿਲਗਾਮ, ਕਸ਼ਮੀਰ ਵਿਖੇ ਇਕ ਅਜਿਹੀ ਹੀ ਦਰਦਨਾਕ ਘਟਨਾ ਵਾਪਰੀ ਜਿਥੇ ਪਾਕਿਸਤਾਨੀ ਆਤੰਕਵਾਦੀਆਂ ਨੇ 28 ਸੈਲਾਨੀਆਂ ( ਬਹੁਤਾਤ ਹਿੰਦੂ ) ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਇਹ ਸਿਰਫ ਇਕ ਨਸਲੀ ਹਿੰਸਾ ਨਹੀਂ ਸੀ, ਇਹ ਇੱਕ ਵਿਚਾਰਧਾਰਾ ਦੀ ਹਿੰਸਾ ਸੀ। ਜਿਹੜਾ ਵੀ ਸੈਲਾਨੀ ਮੁਸਲਿਮ ਨਹੀਂ ਸੀ, ਜਾਂ ਕਲਮਾ ਨਾ ਪੜ੍ਹ ਸਕਿਆ, ਜਾਂ ਆਪਣੀ ਪਛਾਣ ਸਿੱਧ ਨਾ ਕਰ ਸਕਿਆ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਕਿਸੇ ਇੱਕ ਧਰਮ ਜਾਂ ਭਾਸ਼ਾ ਦੇ ਲੋਕਾਂ ਵਿਰੁੱਧ ਸਿੱਧਾ ਹਮਲਾ ਸੀ। ਇਨ੍ਹਾਂ 28 ਵਿੱਚੋਂ ਇੱਕ ਕਸ਼ਮੀਰੀ ਨੌਜਵਾਨ ਜੋ ਬਕਰਵਾਲ ਗੁਜਰ ਬਿਰਾਦਰੀ ਨਾਲ ਸੰਬੰਧਿਤ ਸੀ, ਵੀ ਇਨ੍ਹਾਂ ਹਮਲਾਵਰਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਇਥੇ ਖਾਸ ਤੌਰ ਤੇ ਦੱਸਣ ਯੋਗ ਹੈ ਕਿ ਕਸ਼ਮੀਰ ਘਾਟੀ ‘ਚ ਰਹਿਣ ਵਾਲੇ ਬਕਰਵਾਲ ਗੁਜਰ ਬਿਰਾਦਰੀ ਦੇਸ਼ ਦੇ ਅਜਾਦੀ ਤੋਂ ਲੈ ਕੇ ਭਾਰਤ ਦੇਸ਼ ਅਤੇ ਭਾਰਤੀ ਫੌਜ ਪ੍ਰਤੀ ਵਫਾਦਾਰ ਰਹੀ ਹੈ। ਸ਼ਾਇਦ ਇਸੇ ਗੱਲ ਦਾ ਖਾਮਿਆਜਾ ਉਸ ਨੌਜਵਾਨ ਨੂੰ ਭੁਗਤਣਾ ਪਿਆ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਸੰਭਾਵਨਾ ਇਹ ਸੀ ਕਿ ਪੂਰਾ ਦੇਸ਼ ਇਸ ਘਟਨਾ ਉੱਤੇ ਇਕਸਾਰ ਹੋ ਕੇ ਆਵਾਜ਼ ਉਠਾਊ, ਪਰ ਇਸ ਦੇ ਉਲਟ ਕਈ ਜੈਚੰਦ ਆਪਣੀ ਹਾਜਰੀ ਦੇ ਗਵਾਹੀ ਦੇਸ਼ ਦੇ ਵਿਰੋਧ ਵਿੱਚ ਦੇਣ ਲੱਗ ਪਏ। ਇਹ ਰਾਜਨੀਤਿਕ ਹਸਤੀਆਂ, ਪੱਤਰਕਾਰ, ਯੂਟੀਊਬਰ, ਮਸ਼ਹੂਰ ਸਖਸ਼ੀਅਤ ਅਤੇ ਸੋਸ਼ਲ ਮੀਡੀਆ ਦੇ ਐਕਟਵਿਸਟ, ਗੁਆਂਢੀ ਮੁਲਕ ਦੇ ਹੱਕ ਵਿੱਚ ਗੱਲਾਂ ਕਰਨ ਲੱਗ ਪਏ। ਉਨ੍ਹਾਂ ਦੀਆਂ ਵੀਡੀਓਜ਼ ਅਤੇ ਕਲਿੱਪਾਂ ਗੁਆਂਢੀ ਮੁਲਕ ਦੇ ਰਾਸ਼ਟਰੀ ਟੀਵੀ ਚੈਨਲਾਂ ਉੱਤੇ ਚਲ ਰਹੀਆਂ ਹਨ, ਜਿਸ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਭਾਰਤ ਦੇ ਲੋਕ ਆਪਣੇ ਹੀ ਦੇਸ਼ ਵਿਰੁੱਧ ਹਨ। ਇਹਨਾਂ ਗੱਦਾਰਾਂ ਦੀਆਂ ਗੱਲਾਂ ਨਾ ਸਿਰਫ਼ ਦੇਸ਼ ਦੀ ਸ਼ਾਖ ਨੂੰ ਠੇਸ ਪਹੁੰਚਾ ਰਹੀਆਂ ਹਨ, ਸਗੋਂ ਭਾਰਤੀ ਸੈਨਾ ਦਾ ਮਨੋਬਲ ਵੀ ਥੱਲੇ ਲੈ ਕੇ ਆ ਰਹੀਆਂ ਹਨ। ਇਸ ਤਰ੍ਹਾਂ ਦੇ ਜੈ ਚੰਦ ਵਰਗੇ ਕਿਰਦਾਰ ਪੁਲਵਾਮਾ ਐਟਕ ਵਿੱਚ ਗੁਆਂਢੀ ਮੁਲਕ ਦੀ ਸ਼ਮੂਲੀਅਤ ਤੋਂ ਸਾਫ ਤੌਰ ਤੇ ਮੁਨਕਰ ਸਨ ਅਤੇ ਭਾਰਤ ਸਰਕਾਰ ਵੱਲੋਂ ਬਦਲੇ ਵਿੱਚ ਪਲਟਵਾਰ ਕਰਦੇ ਹੋਏ ਸਰਜੀਕਲ ਸਟ੍ਰਾਈਕ ਕਰਨ ਤੋਂ ਬਾਅਦ, ਜੈ ਚੰਦ ਵਰਗੇ ਕਿਰਦਾਰ ਭਾਰਤ ਸਰਕਾਰ ਤੋਂ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਫਿਰਦੇ ਸਨ, ਜਦਕਿ ਗੁਆਂਢੀ ਮੁਲਕ ਦੇ ਰਾਸ਼ਟਰੀ ਟੀ.ਵੀ ਚੈਨਲਾਂ ‘ਤੇ ਸ਼ਰੇਆਮ ਉਥੋਂ ਦੇ ਮੰਤਰੀ ਦੇ ਬਿਆਨ ਅਨੁਸਾਰ ਉਹਨਾਂ ਵੱਲੋਂ ਕੀਤੇ ਪੁਲਵਾਮਾ ਅਟੈਕ ਦਾ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਪਰ ਦੇਸ਼ ਵਿਚਲੇ ਜੈ ਚੰਦਾਂ ਦਾ ਇਸ ਤਰ੍ਹਾਂ ਦਾ ਵਿਰੋਧ ਅਭਾਸ ਸੰਸਾਰ ਭਰ ਵਿੱਚ ਦੇਸ਼ ਦੀ ਸ਼ਰਮਿੰਦਗੀ ਦਾ ਕਾਰਨ ਬਣਦੇ ਹਨ।

ਜੈਚੰਦ ਦੇ ਕਿਰਦਾਰ ਲਈ ਰਾਜਨੀਤਿਕ ਸਖਸ਼ੀਅਤ,ਮਸ਼ਹੂਰ ਸਖਸ਼ੀਅਤ, ਪੱਤਰਕਾਰ,ਸੋਸ਼ਲ ਮੀਡੀਆ ਐਕਟੀਵੀਸਟ ਜਾਂ ਯੂਟਿਊਬਰ ਹੋਣਾ ਜਰੂਰੀ ਨਹੀਂ ਹੈ। ਆਮ ਨਾਗਰਿਕ ਵੀ ਅਜਿਹੀ ਭੂਮਿਕਾ ਨਿਭਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੇ ਨਫਰਤ ਭਰੇ, ਭੜਕਾਊ ਜਾਂ ਅਣਜਾਣ ਤਰੀਕੇ ਨਾਲ ਵਿਦੇਸ਼ੀ ਸਾਜਿਸ਼ਾਂ ਦੇ ਹਮਦਰਦ ਬਣੇ ਲੋਕ ਵੀ ਦੇਸ਼ ਅੰਦਰਲੇ ਜੈਚੰਦ ਹੀ ਹਨ। ਪੰਜਾਬ ਵਿਚ ਵੀ ਅਜਿਹੀ ਮਾਨਸਿਕਤਾ ਦੇ ਲੋੜਵੰਦ ਨੌਜਵਾਨ, ਸੱਭਿਆਚਾਰਕ ਖੁਮਾਰ ਅਤੇ ਵੱਖਵਾਦੀ ਸੋਚ ਨਾਲ ਪ੍ਰਭਾਵਿਤ ਹੋ ਕੇ ਭਾਰਤ ਵਿਰੋਧੀ ਸੋਚ ਦਾ ਮੁਜਾਹਰਾ ਕਰ ਰਹੇ ਹਨ। ਇੱਕ ਹੋਰ ਤਾਜ਼ਾ ਉਦਾਹਰਣ ਗੁਆਂਢੀ ਮੁਲਕ ਦੇ ਇੱਕ ਅਦਾਕਾਰ ਦੀ ਹੈ ਜੋ ਕਿ ਮਸ਼ਹੂਰ ਪੰਜਾਬੀ ਫਿਲਮ “ਚੱਲ ਮੇਰਾ ਪੁੱਤ ” ਵਿੱਚ ਚੌਧਰੀ ਨਾਮਕ ਕਿਰਦਾਰ ਨਿਭਾਉਣ ਵਾਲੇ ਸ਼ਖਸ ਵੱਲੋਂ ਆਪਣੇ ਦੇਸ਼ ਦੇ ਰਾਸ਼ਟਰੀ ਟੀ.ਵੀ ਚੈਨਲ ‘ਤੇ ਸਪਸ਼ਟ ਤੌਰ ਤੇ ਭਾਰਤ ਵਾਸੀਆਂ ਨੂੰ ਖੁੱਲ੍ਹੀ ਧਮਕੀ ਦਿੱਤੀ ਕਿ ਜੇ ਸਾਡੇ ਮੁਲਕ ਦੇ ਅੰਦਰ ਕਿਸੇ ਪ੍ਰਕਾਰ ਦੀ ਘਟਨਾ ਵਾਪਰੀ ਤਾਂ ਭਾਰਤ ਵਾਸੀਆਂ ਨੂੰ ਨਿਸਤੋ ਨਾਬੂਤ ਕਰ ਦਿੱਤਾ ਜਾਵੇਗਾ। ਇਹ ਧਮਕੀ ਸਿੱਧਾ ਤੌਰ ਤੇ ਭਾਰਤ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਸੀ। ਪਰ ਅਫ਼ਸੋਸ – ਸਾਡੇ ਦੇਸ਼ ਦੇ ਅੰਦਰ ਬੈਠੇ ਜੈਚੰਦ ਇਹਨਾਂ ਗੱਲਾਂ ਨੂੰ ਅਣਸੁਣੀ ਕਰਕੇ ਵੀ ਗੁਆਂਢੀ ਮੁਲਕ ਦੇ ਹੱਕ ਵਿੱਚ ਬੋਲਦੇ ਨਜ਼ਰ ਆ ਰਹੇ ਹਨ।

ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਦ ਰਾਜਨੀਤਿਕ ਧਿਰਾਂ ਵਿਚਲੇ ਵਿਰੋਧੀਆਂ ਦੀ ਕੋਈ ਲੋਜਿਕਲ ਗੱਲ ਨਹੀਂ ਬਣਦੀ ਤਾਂ ਉਹ ਦੇਸ਼ ਦੇ ਹੱਕ ਵਿੱਚ ਪਹਿਰਾ ਦੇਣ ਵਾਲੀ ਸੋਚ ਨੂੰ ਹੀ ਟਾਰਗਟ ਕਰ ਦਿੰਦੇ ਹਨ। ਸੰਸਦ ਵਿਚ ਹੋਵੇ ਜਾਂ ਮੀਡੀਆ ਦੀ ਡਿਬੇਟ, ਸੋਸ਼ਲ ਮੀਡੀਆ ਹੋਵੇ ਜਾਂ ਜਥੇਬੰਦੀਆਂ – ਜੈਚੰਦ ਵੱਖ-ਵੱਖ ਲਿਬਾਸਾਂ ‘ਚ ਸਾਨੂੰ ਦੇਖਣ ਨੂੰ ਮਿਲ ਜਾਂਦੇ ਹਨ। ਅੱਜ ਦੇ ਸਮੇਂ ਦੇ ਰਾਜਨੀਤੀ ਵਿੱਚ ਵਿਰੋਧੀ ਧਿਰ ਦਾ ਮਤਲਬ ਸਿਰਫ ਵਿਰੋਧ-ਵਿਰੋਧ-ਵਿਰੋਧ-ਵਿਰੋਧ ਹੀ ਰਹਿ ਗਿਆ ਹੈ, ਜੋ ਕਿ ਇੱਕ ਨਕਰਾਤਮਕ ਸੋਚ ਦਾ ਮੁਜਾਹਰਾ ਹੈ। ਅਜਿਹੀ ਜੈਚੰਦ ਸੋਚ ਵਾਲੇ ਕਿਰਦਾਰ ਦੇਸ਼ ਵਿੱਚ 26/11 ਵਰਗੀ ਅਤੇ ਸੰਸਦ ਭਵਨ ‘ਤੇ ਅਟੈਕ ਕਰਨ ਵਰਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਦੇ ਹੱਕ ਵਿੱਚ ਅੱਧੀ ਰਾਤ ਨੂੰ ਦੇਸ਼ ਦੀ ਸਰਵ-ਉੱਚ ਅਦਾਲਤ ਨੂੰ ਖੁਲਵਾ ਲੈਂਦੇ ਹਨ, ਜੋ ਦੇਸ਼ ਦੀ ਸ਼ਵੀ ਨੂੰ ਦਾਗਦਾਰ ਕਰਨ ਵਾਲੀ ਗੱਲ ਸੀ। ਇਹਨਾਂ ਸਾਰੀਆਂ ਘਟਨਾਵਾਂ ਨੂੰ ਦੇਖਦਿਆਂ ਇਹ ਸਪਸ਼ਟ ਹੈ ਕਿ ਅੱਜ ਦੇਸ਼ ਨੂੰ ਬਾਹਰੀ ਹਮਲਾਵਰਾਂ ਨਾਲੋਂ ਵੱਧ ਖਤਰਾ ਅੰਦਰਲੇ ਜੈਚੰਦਾਂ ਤੋਂ ਹੈ। ਕਿਉਂਕਿ ਬਾਹਰਲੇ ਦੁਸ਼ਮਣ ਨੂੰ ਤਾਂ ਹਥਿਆਰਾਂ ਨਾਲ ਜਵਾਬ ਦਿੱਤਾ ਜਾ ਸਕਦਾ ਹੈ, ਪਰ ਅੰਦਰਲੇ ਵਿਰੋਧੀਆਂ ਨੂੰ ਸਮਝਣਾ, ਪਹਿਚਾਣਣਾ ਅਤੇ ਉਨ੍ਹਾਂ ਤੋਂ ਨਜਿੱਠਣਾ ਇੱਕ ਵੱਡੀ ਚੁਣੌਤੀ ਹੈ।

ਸਾਂਝਾ ਕਰੋ

ਪੜ੍ਹੋ

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ...