
ਤਰਨਤਾਰਨ, 9 ਮਈ – ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਦਿਨ-ਬ-ਦਿਨ ਤਣਾਅ ਵਧਦਾ ਜਾ ਰਿਹਾ ਹੈ। ਉੱਥੇ ਹੀ ਦੋਵੇਂ ਦੇਸ਼ਾਂ ਵਲੋਂ ਇੱਕ-ਦੂਜੇ ‘ਤੇ ਕਾਫੀ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਸ ਦੇ ਨਾਲ ਭਾਰਤ ਵਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪਾਕਿਸਤਾਨ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਸਰਹੱਦੀ ਪਿੰਡਾਂ ਦੇ ਲੋਕ ਕਾਫੀ ਡਰੇ ਹੋਏ ਹਨ, ਜਿਸ ਕਰਕੇ ਲੋਕ ਆਪਣੇ ਬਚਾਅ ਪਹਿਲਾਂ ਹੀ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾ ਰਹੇ ਹਨ।
ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਭਾਰਤ-ਪਾਕਿਸਤਾਨ ਦੇ ਅੰਤਰਰਾਸ਼ਟਰੀ ਸਰਹੱਦ ਤੇ ਵਸੇ ਪਿੰਡ ਗਿੱਲਪਨ ਦੇ ਲੋਕਾਂ ਨੇ ਪਿੰਡ ਛੱਡਣਾ ਸ਼ੁਰੂ ਕਰ ਦਿੱਤਾ ਹੈ। ਲੋਕ ਘਰੇਲੂ ਸਮਾਨ ਨੂੰ ਟਰੈਕਟਰ ਟਰਾਲੀਆਂ ਅਤੇ ਗੱਡੀਆਂ, ਗੱਡਿਆਂਵਿੱਚ ਲੱਦ ਕੇ ਸੁਰੱਖਿਅਤ ਆਪਣੇ ਮਾਲ ਡੰਗਰਾਂ ਸਮੇਤ ਥਾਵਾਂ ਵੱਲ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 1965-71 ਦੀ ਜੰਗ ਅਤੇ 2016 ਦੀ ਸਰਜੀਕਲ ਸਟਰਾਈਕ ਸਮੇ ਵੀ ਉਹਨਾਂ ਨੂੰ ਆਪਣਾ ਪਿੰਡ ਖਾਲੀ ਕਰਨਾ ਪਿਆ ਸੀ ਪਰੰਤੂ ਇਸ ਵਿੱਚ ਆਰਥਿਕ ਤੌਰ ਤੇ ਹੋਇਆ ਨੁਕਸਾਨ ਨਾ ਤਾਂ ਕਿਸੇ ਸਰਕਾਰ ਦੇ ਨੁਮਾਇਦੇ ਨੇ ਭਰਿਆ ਤੇ ਨਾ ਹੀ ਕਿਸੇ ਅਧਿਕਾਰੀ ਨੇ ਉਹਨਾਂ ਦੀ ਸਾਰ ਲਈ । ਇਸੇ ਕਰਕੇ ਹੁਣ ਉਹ ਜੰਗ ਦੇ ਡਰੋਂ ਆਪਣਾ ਇਲਾਕਾ ਛੱਡਣ ਲਈ ਮਜਬੂਰ ਹਨ।