
ਨਵੀਂ ਦਿੱਲੀ, 9 ਮਈ – ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ਨਾਲ ਉਨ੍ਹਾਂ ਦਾ ‘ਬੁਨਿਆਦੀ ਤੌਰ ’ਤੇ ਕੋਈ ਲੈਣਾ ਦੇਣਾ ਨਹੀਂ ਹੈ।’ ਉਂਝ ਉਨ੍ਹਾਂ ਕਿਹਾ ਕਿ ਅਮਰੀਕਾ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਵਿਚਲੀ ਕਸ਼ੀਦਗੀ ਘਟਾਉਣ ਦੀ ਅਪੀਲ ਕਰਦਾ ਹੈ ਤੇ ਕੂਟਨੀਤਕ ਚੈਨਲਾਂ ਜ਼ਰੀਏ ਕੋਸ਼ਿਸ਼ਾਂ ਕਰਦਾ ਰਹੇਗਾ। ਵੈਂਸ ਨੇ ਫੌਕਸ ਨਿਊਜ਼ ਨੂੰ ਇਕ ਇੰਟਰਵਿਊ ਵਿਚ ਕਿਹਾ, ‘‘ਅਸੀਂ ਦੋਵਾਂ ਮੁਲਕਾਂ ਨੂੰ ਤਣਾਅ ਘਟਾਉਣ ਲਈ ਹੱਲਾਸ਼ੇਰੀ ਦੇ ਸਕਦੇ ਹਾਂ, ਪਰ ਅਸੀਂ ਜੰਗ ਦੇ ਵਿਚਕਾਰ ਨਹੀਂ ਫਸਣ ਜਾ ਰਹੇ ਕਿਉਂਕਿ ਮੂਲ ਰੂਪ ਵਿੱਚ ਸਾਡਾ ਕੋਈ ਕੰਮ ਨਹੀਂ ਹੈ ਅਤੇ ਇਸ ਨੂੰ ਕੰਟਰੋਲ ਕਰਨ ਦੀ ਅਮਰੀਕਾ ਦੀ ਯੋਗਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਤੁਸੀਂ ਜਾਣਦੇ ਹੋ, ਅਮਰੀਕਾ ਭਾਰਤੀਆਂ ਨੂੰ ਆਪਣੇ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦਾ। ਅਸੀਂ ਪਾਕਿਸਤਾਨੀਆਂ ਨੂੰ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦੇ। ਅਤੇ ਇਸ ਲਈ, ਅਸੀਂ ਕੂਟਨੀਤਕ ਚੈਨਲਾਂ ਰਾਹੀਂ ਇਸ ਚੀਜ਼ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ। ਵੈਂਸ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਇੱਕ ਵਿਸ਼ਾਲ ਖੇਤਰੀ ਜੰਗ…ਰੱਬ ਨਾ ਕਰੇ, ਇੱਕ ਪ੍ਰਮਾਣੂ ਟਕਰਾਅ ਵਿੱਚ ਨਾ ਬਦਲੇ। ਫਿਲਹਾਲ, ਸਾਨੂੰ ਨਹੀਂ ਲੱਗਦਾ ਕਿ ਅਜਿਹਾ ਹੋਣ ਵਾਲਾ ਹੈ।’’ ਵੈਂਸ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਪਾਕਿਸਤਾਨ ਨੇ ਵੀਰਵਾਰ ਰਾਤੀਂ ਜੰਮੂ, ਪਠਾਨਕੋਟ ਅਤੇ ਕਈ ਹੋਰ ਸ਼ਹਿਰਾਂ ਵਿੱਚ ਫੌਜੀ ਟਿਕਾਣਿਆਂ ’ਤੇ ਹਮਲਿਆਂ ਦੀ ਅਸਫਲ ਕੋਸ਼ਿਸ਼ ਕੀਤੀ ਹੈ।