ਬਾਨੂ ਮੁਸ਼ਤਾਕ ਨੇ ਜਿੱਤਿਆ ਕੌਮਾਂਤਰੀ ਬੁੱਕਰ ਪੁਰਸਕਾਰ

ਬੰਗਲੂਰੂ, 21 ਮਈ – ਲੇਖਕਾ, ਵਕੀਲ ਤੇ ਸਮਾਜਿਕ ਕਾਰਕੁਨ ਬਾਨੂ ਮੁਸ਼ਤਾਕ ਨੂੰ ਉਨ੍ਹਾਂ ਦੇ ਕੰਨੜ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਲਈ ਵੱਕਾਰੀ ਇੰਟਰਨੈਸ਼ਨਲ ਬੁੱਕਰ ਪੁਰਸਕਾਰ 2025 ਨਾਲ ਨਿਵਾਜਿਆ ਗਿਆ ਹੈ। ‘ਹਾਰਟ ਲੈਂਪ’ ਇਹ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਕੰਨੜ ਕਿਤਾਬ ਬਣ ਗਈ ਹੈ। ਜਿਸ ਨਾਲ ਭਾਰਤੀ ਸਾਹਿਤ ਨੂੰ ਇਕ ਹੋਰ ਇਤਿਹਾਸਕ ਮਾਣ ਮਿਲਿਆ ਹੈ। ਇਥੇ ਟੇਟ ਮਾਡਰਨ ਵਿਚ ਕਰਵਾਏ ਸ਼ਾਨਦਾਰ ਸਮਾਗਮ ਦੌਰਾਨ ਬਾਨੂ ਮੁਸ਼ਤਾਕ ਨੂੰ ਉਨ੍ਹਾਂ ਦੀ ਅਨੁਵਾਦਕ ਦੀਪਾ ਭਾਸਤੀ ਨਾਲ ਇਹ ਸਨਮਾਨ ਦਿੱਤਾ ਗਿਆ। ਦੀਪਾ ਨੇ ਇਸ ਸੰਗ੍ਰਹਿ ਦਾ ਅਨੁਵਾਦ ਕੰਨੜ ਤੋਂ ਅੰਗਰੇਜ਼ੀ ਵਿਚ ਕੀਤਾ ਹੈ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮੱਈਆ ਨੇ ਬਾਨੂ ਮੁਸ਼ਤਾਕ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

‘ਹਾਰਟ ਲੈਂਪ’ ਵਿਚ 12 ਕਹਾਣੀਆਂ ਦਾ ਸੰੰਗ੍ਰਹਿ ਹੈ, ਜੋ ਦੱਖਣੀ ਭਾਰਤ ਦੇ ਪਿਤਰਸੱਤਾਵਾਦੀ ਸਮਾਜ ਵਿਚ ਰਹਿਣ ਵਾਲੀਆਂ ਸਧਾਰਨ ਮਹਿਲਾਵਾਂ ਦੇ ਸੰਘਰਸ਼, ਸਹਿਣਸ਼ਕਤੀ, ਵਿਦਰੋਹ ਤੇ ਭੈਣ ਭਰਾਵਾਂ ਦੀਆਂ ਕਹਾਣੀਆਂ ਬਿਆਨ ਕਰਦਾ ਹੈ। ਤਿੰਨ ਦਹਾਕਿਆਂ (1990-2023) ਵਿਚ ਲਿਖੀਆਂ ਗਈਆਂ ਇਨ੍ਹਾਂ ਕਹਾਣੀਆਂ ਨੂੰ ਦੀਪਾ ਭਾਸਤੀ ਨੇ ਖ਼ੁਦ ਚੁਣਿਆ ਤੇ ਅਨੁਵਾਦ ਵਿਚ ਖੇਤਰੀ ਭਾਸ਼ਾਵਾਂ ਦੀ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਿਆ। ਸੰਵਾਦਾਂ ਵਿਚ ਢੁਕਵੇਂ ਉਰਦੂ ਤੇ ਅਰਬੀ ਸ਼ਬਦਾਂ ਨੂੰ ਮੂਲ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਬਾਨੂ ਮੁਸ਼ਤਾਕ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ ਕਿਹਾ, ‘‘ਇਹ ਪੁਰਸਕਾਰ ਵੰਨ ਸੁਵੰਨਤਾ ਦੀ ਜਿੱਤ ਹੈ। ਹਰੇਕ ਕਹਾਣੀ ਅਹਿਮ ਹੈ ਤੇ ਸਾਹਿਤ ਸਾਨੂੰ ਇਕ ਦੂਜੇ ਦੇ ਜੀਵਨ ਵਿਚ ਉਤਰਨ ਦਾ ਮੌਕਾ ਦਿੰਦਾ ਹੈ।’’ ਦੀਪਾ ਭਾਸਤੀ ਨੇ ਇਸ ਨੂੰ ਆਪਣੀ ‘ਸੁੰਦਰ ਭਾਸ਼ਾ’ ਲਈ ਜਿੱਤ ਦੱਸਿਆ।

ਸਾਂਝਾ ਕਰੋ

ਪੜ੍ਹੋ