ਲੁਧਿਆਣਾ ਦੇ ਡੀਸੀ ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ, 21 ਮਈ – ਲੁਧਿਆਣਾ ਡਿਪਟੀ ਕਮਿਸ਼ਨਰ ਦਫਤਰ ਨੂੰ ਆਰਡੀਐਕਸ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਹੜਕੰਪ ਮਚ ਗਿਆ। ਪੁਲਿਸ ਦੇ ਬੰਬ ਨਿਰੋਧਕ ਦਸਤੇ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਸਵੇਰੇ ਈਮੇਲ ਉਤੇ ਧਮਕੀ ਮਿਲੀ ਸੀ। ਮਿੰਨੀ ਸਕੱਤਰੇਤ ਵਿੱਚ ਦਹਿਸ਼ਤ ਫੈਲ ਗਈ ਜਦ ਪੁਲਿਸ ਅਤੇ ਬੰਬ ਸੁਕਾਇਡ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਵੱਖ-ਵੱਖ ਬਰਾਂਚਾਂ ਦੀ ਜਾਂਚ ਕੀਤੀ ਗਈ ਜਿਸ ਸਬੰਧੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇੱਕ ਈਮੇਲ ਮਿਲੀ ਜਿਸ ਉਤੇ ਲੁਧਿਆਣਾ ਮਿਨੀ ਸਕੱਤਰੇਤ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਕਮਿਸ਼ਨਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਪੂਰੇ ਮਿਨੀ ਸਕੱਤਰੇਤ ਕੰਪਲੈਕਸ ਦੀ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮਿਨੀ ਸਕੱਤਰੇਤ ਨੂੰ ਖਾਲੀ ਨਹੀਂ ਕਰਵਾਇਆ ਗਿਆ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਡਰ ਦਾ ਮਾਹੌਲ ਨਾ ਫੈਲੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਅਲਰਟ ਮੋਡ ‘ਤੇ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਸ ਆਈਪੀ ਐਡਰੈੱਸ ਤੋਂ ਈਮੇਲ ਭੇਜੀ ਸੀ।

ਇਸ ਵੇਲੇ ਬੰਬ ਨਿਰੋਧਕ ਦਸਤਾ ਅਤੇ ਕੁੱਤਿਆਂ ਦੇ ਦਸਤੇ ਦੀਆਂ ਟੀਮਾਂ ਡੀਸੀ ਦਫ਼ਤਰ ਦੀ ਜਾਂਚ ਕਰ ਰਹੀਆਂ ਹਨ, ਹੁਣ ਤੱਕ ਟੀਮਾਂ ਨੂੰ ਦਫ਼ਤਰ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਸ ਮਾਮਲੇ ਵਿੱਚ ਕਿਹਾ ਕਿ ਸਿਰਫ਼ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਹੀ ਦੱਸ ਸਕਦੇ ਹਨ ਕਿ ਇਹ ਧਮਕੀ ਅਸਲੀ ਹੈ ਜਾਂ ਨਕਲੀ। ਪੁਲਿਸ ਪ੍ਰਸ਼ਾਸਨ ਸੁਰੱਖਿਆ ਸਬੰਧੀ ਜੋ ਵੀ ਨਿਰਦੇਸ਼ ਦੇਵੇਗਾ, ਕਰਮਚਾਰੀ ਅਤੇ ਅਧਿਕਾਰੀ ਉਨ੍ਹਾਂ ਦੀ ਪਾਲਣਾ ਕਰਨਗੇ। ਡੀਸੀ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ਾਸਨ ਇਹ ਵੀ ਯਕੀਨੀ ਬਣਾਉਣ ਲਈ ਸੁਚੇਤ ਹੈ ਕਿ ਕੋਈ ਘਬਰਾਹਟ ਨਾ ਪੈਦਾ ਹੋਵੇ। ਪੁਲਿਸ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਰਫ਼ ਡੀਸੀ ਦਫ਼ਤਰ ਨੂੰ ਉਡਾਉਣ ਦੀ ਧਮਕੀ ਹੈ।

ਸਾਂਝਾ ਕਰੋ

ਪੜ੍ਹੋ