ਭਾਰਤ ਪਾਕਿਸਤਾਨ ਬਾਰਡਰ ‘ਤੇ ਮੁੜ ਸ਼ੁਰੂ ਹੋਈ ਰਿਟਰੀਟ ਸੈਰੇਮਨੀ

ਫ਼ਿਰੋਜ਼ਪੁਰ, 21 ਮਈ – ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਗੁਆਂਢੀ ਮੁਲਕ ‘ਤੇ ਕਈ ਪਬੰਦੀਆਂ ਲਗਾਈਆਂ ਗਈਆਂ ਸਨ, ਜਿਸ ਤਹਿਤ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ‘ਚ ਵੀ ਕਈ ਬਦਲਾਅ ਕੀਤੇ ਸਨ ਪਰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਪਾਕਿਸਤਾਨ ਸਰਹੱਦਾਂ ‘ਤੇ ਰਿਟਰੀਟ ਸੈਰੇਮਨੀ ਬੰਦ ਹੋ ਗਈ ਸੀ। ਹੁਣ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੇ ਚੱਲਦੇ ਭਾਰਤ ਦੇ ਅਟਾਰੀ ਅਤੇ ਹੁਸੈਨੀਵਾਲਾ ਬਾਰਡਰ ‘ਤੇ ਮੁੜ ਤੋਂ ਰਿਟਰੀਟ ਸੈਰੇਮਨੀ ਸ਼ੁਰੂ ਹੋ ਗਈ ਹੈ। ਰਿਟਰੀਟ ਸੈਰੇਮਨੀ ਦੇ ਚੱਲਦੇ ਦੋਵਾਂ ਦੇਸ਼ਾਂ ਦੇ ਵੱਲੋਂ ਤਿਰੰਗਾ ਉਤਾਰਨ ਦੀ ਰਸਮ ਕੀਤੀ ਗਈ। ਜਿਸ ਦੇ ਚੱਲਦੇ ਦਰਸ਼ਕਾਂ ਦੀ ਭਾਰੀ ਭੀੜ ਅਟਾਰੀ ਬਾਰਡਰ ‘ਤੇ ਦੇਖਣ ਨੂੰ ਮਿਲੀ, ਉਥੇ ਹੀ ਹੁਸੈਨੀਵਾਲਾ ਬਾਰਡਰ ਨੂੰ ਵੀ ਅੱਜ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਕੁਝ ਹਦਾਇਤਾਂ ਨਾਲ ਰਿਟਰੀਟ ਸੈਰੇਮਨੀ ਮੁੜ ਸ਼ੁਰੂ

ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਅਟਾਰੀ ਵਾਹਗਾ ਸਰਹੱਦ ‘ਤੇ ਜ਼ੀਰੋ ਲਾਈਨ ‘ਤੇ ਗੇਟ ਬੰਦ ਕਰ ਦਿੱਤਾ ਗਿਆ ਸੀ ਅਤੇ ਬੀਐਸਐਫ ਦੇ ਜਵਾਨ ਪਾਕਿਸਤਾਨ ਨਾਲ ਹੱਥ ਵੀ ਨਹੀਂ ਮਿਲਾ ਰਹੇ ਸਨ। ਇਸ ਵਿਚਾਲੇ ਰਿਟਰੀਟ ਸੈਰੇਮਨੀ ਜ਼ਰੂਰ ਸ਼ੁਰੂ ਹੋ ਗਈ ਹੈ ਪਰ ਪਹਿਲਾਂ ਵਾਂਗ ਅਟਾਰੀ ਵਾਹਗਾ ਸਰਹੱਦ ‘ਤੇ ਭਾਰਤ ਅਤੇ ਪਾਕਿਸਤਾਨ ਦੇ ਗੇਟ ਬੰਦ ਰਹੇ ਅਤੇ ਭਾਰਤ ਅਤੇ ਪਾਕਿਸਤਾਨ ਦੇ ਫੌਜੀਆਂ ਵਿਚਕਾਰ ਕੋਈ ਦੋਸਤਾਨਾ ਹੱਥ ਨਹੀਂ ਮਿਲਾਇਆ ਗਿਆ।

ਅਟਾਰੀ-ਵਾਹਗਾ ਸਰਹੱਦ ‘ਤੇ ਹੋਈ ਰਿਟਰੀਟ ਸੈਰੇਮਨੀ

ਅੰਮ੍ਰਿਤਸਰ ਅਟਾਰੀ ਬਾਰਡਰ ‘ਤੇ ਪਹੁੰਚੇ ਬੀਐਸਐਫ ਕਮਾਂਡੈਂਟ ਪ੍ਰਦੀਪ ਕੁਮਾਰ ਨੇ ਕਿਹਾ ਕਿ ਰਿਟਰੀਟ ਸੈਰੇਮਨੀ ਸ਼ੁਰੂ ਹੋ ਗਈ ਹੈ। ਜਿੱਥੇ ਭਾਰਤ ਅਤੇ ਵਿਦੇਸ਼ਾਂ ਤੋਂ ਲੋਕ ਦੇਖਣ ਲਈ ਆਏ ਹਨ ਅਤੇ ਉਨ੍ਹਾਂ ਨੇ ਸਾਡੇ ਸੈਨਿਕਾਂ ਦਾ ਮਨੋਬਲ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਉਮੀਦ ਹੈ ਕਿ ਵੱਧ ਤੋਂ ਵੱਧ ਲੋਕ ਰਿਟਰੀਟ ਸੈਰੇਮਨੀ ਦੇਖਣ ਆਉਣਗੇ ਅਤੇ ਸਾਡੇ ਦੇਸ਼ ਦੇ ਸੈਨਿਕਾਂ ਦਾ ਮਨੋਬਲ ਵਧਾਉਣਗੇ।

ਸਾਂਝਾ ਕਰੋ

ਪੜ੍ਹੋ