
ਨਵੀਂ ਦਿੱਲੀ, 21 ਮਈ – ‘ਅਪ੍ਰੇਸ਼ਨ ਸਿੰਧੂਰ’ ’ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਅਜਲਾਸ ਸੱਦਣ ਦੀ ਮੰਗ ਦਰਮਿਆਨ ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਮੰਗਲਵਾਰ ਕਿਹਾ ਕਿ ਭਾਰਤੀਆਂ ਨੂੰ ਹਨੇਰੇ ਵਿੱਚ ਰੱਖ ਕੇ ਵਿਦੇਸ਼ੀ ਸਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਅਪ੍ਰਵਾਨਯੋਗ ਹੈ। ਉਨ੍ਹਾ ਇਹ ਵੀ ਕਿਹਾ ਕਿ ਸਰਕਾਰ ਦਾ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮੈਂਬਰਾਂ ਤੇ ਹੋਰ ਅਹਿਮ ਦੇਸ਼ਾਂ ਵਿੱਚ ਸਰਬ-ਪਾਰਟੀ ਵਫਦ ਘੱਲਣੇ ਦਿਖਾਵਾ ਹੀ ਜਾਪਦਾ ਹੈ। ਉਨ੍ਹਾ ਕਿਹਾ ਕਿ ਇਸ ਮਾਮਲੇ ਵਿੱਚ ਸਿਆਸੀ ਪਾਰਟੀਆਂ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ ਅਤੇ ਵਫਦਾਂ ਨੂੰ ਹੋਰਨਾਂ ਦੇਸ਼ਾਂ ਵਿੱਚ ਕੀ ਸਮਝਾਉਣ ਲਈ ਘੱਲਿਆ ਜਾ ਰਿਹਾ ਹੈ, ਇਹ ਵੀ ਅਸਪੱਸ਼ਟ ਹੈ।
ਇਹ ਅਪ੍ਰਵਾਨਯੋਗ ਹੈ ਕਿ ਵਿਦੇਸ਼ੀ ਸਰਕਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਜਦਕਿ ਭਾਰਤ ਦੀ ਆਪਣੀ ਸੰਸਦ ਤੇ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਹੈ। ਕਾਂਗਰਸ ਸਣੇ ਕਈ ਆਪੋਜ਼ੀਸ਼ਨ ਪਾਰਟੀਆਂ ਮੰਗ ਕਰ ਰਹੀਆਂ ਹਨ ਕਿ ਪਹਿਲਗਾਮ ਹਮਲੇ ਤੋਂ ਬਾਅਦ ਕੀਤੇ ਗਏ ਸਿੰਧੂਰ ਅਪ੍ਰੇਸ਼ਨ ਬਾਰੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਅਜਲਾਸ ਸੱਦਿਆ ਜਾਵੇ। ਕਾਮਰੇਡ ਰਾਜਾ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਲੜਾਈਬੰਦੀ ਦੀਆਂ ਸ਼ਰਤਾਂ ਬਾਰੇ ਵਧ ਰਹੇ ਭੰਬਲਭੂਸੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਸ ਨੇ ਪ੍ਰਮਾਣੂ ਟਕਰਾਅ ਰੋਕਣ ਲਈ ਲੜਾਈਬੰਦੀ ਕਰਾਉਣ ਦਾ ਗੈਰ-ਜ਼ਿੰਮੇਵਾਰਾਨਾ ਦਾਅਵਾ ਕੀਤਾ, ਦੇ ਰੋਲ ਬਾਰੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਟਰੰਪ ਦੇ ਦਾਅਵਿਆਂ ਦਾ ਖੁੱਲ੍ਹ ਕੇ ਖੰਡਨ ਨਹੀਂ ਕੀਤਾ।
ਇਹ ਦਾਅਵੇ ਵਿਦੇਸ਼ ਸਕੱਤਰ ਦੇ ਸੰਸਦੀ ਪੈਨਲ ਅੱਗੇ ਦਿੱਤੇ ਇਸ ਬਿਆਨ ਦੇ ਇਕਦਮ ਉਲਟ ਹਨ ਕਿ ਦੋਹਾਂ ਦੇਸ਼ਾਂ ਨੇ ਰਵਾਇਤੀ ਹਥਿਆਰ ਵਰਤੇ। ਸਿੰਧੂਰ ਅਪ੍ਰੇਸ਼ਨ ’ਤੇ ਇੱਕ ਪੋਸਟ ਨੂੰ ਲੈ ਕੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦੀ ਗਿ੍ਰਫਤਾਰੀ ਨੂੰ ਕਾਮਰੇਡ ਰਾਜਾ ਨੇ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣਾ ਕਰਾਰ ਦਿੱਤਾ। ਇਸੇ ਦੌਰਾਨ ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਦਾ ਕੂਟਨੀਤਕ ਸੰਪਰਕ ਬੁੱਧਵਾਰ ਨੂੰ ਸ਼ੁਰੂ ਹੋ ਰਿਹਾ ਹੈ, ਜਿਸ ਤਹਿਤ ਸੱਤ ਸਰਬ ਪਾਰਟੀ ਵਫਦਾਂ ਵਿੱਚੋਂ ਪਹਿਲਾ ਵਫਦ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਲਈ ਰਵਾਨਾ ਹੋਵੇਗਾ।