ਮਨਰੇੇਗਾ ਦੇ ਮਗਰ ਪਏ ਗੌਡਸੇ

ਨਾ ਖਾਊਂਗਾ, ਨਾ ਖਾਨੇ ਦੂੰਗਾ’ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਵਿੱਚ ਕਰੋੜਾਂ ਰੁਪਏ ਦੇ ਮਨਰੇਗਾ ਘੁਟਾਲੇ ਵਿੱਚ ਭਾਜਪਾਈ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਬੱਚੂ ਖਾਬੜ ਦੇ ਦੋ ਬੇਟੇ ਬਲਵੰਤ ਖਾਬੜ ਤੇ ਕਿਰਨ ਖਾਬੜ ਅਤੇ ਕੁਝ ਅਫਸਰਾਂ ਸਣੇ ਕੋਈ ਇੱਕ ਦਰਜਨ ਲੋਕ ਫੜੇ ਗਏ ਹਨ। ਇਹ ਘੁਟਾਲਾ ਕੇਂਦਰੀ ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿੱਚ 2021 ਤੋਂ 2024 ਤੱਕ ਹੋਇਆ।

ਜ਼ਿਲ੍ਹੇ ਦੀਆਂ ਧਾਨਪੁਰ ਤੇ ਦੇਵਗੜ੍ਹ ਬੜੀਆ ਤਹਿਸੀਲਾਂ ਦੇ ਪਿੰਡਾਂ ਵਿੱਚ ਮਨਰੇਗਾ ਤਹਿਤ ਕੰਮ ਮੁਕੰਮਲ ਕਰਨ ਦੇ ਜਾਲ੍ਹੀ ਦਸਤਾਵੇਜ਼ ਦੇ ਕੇ ਪੈਸੇ ਲੈ ਲਏ ਗਏ, ਜਦਕਿ ਉੱਥੇ ਨਾ ਸੜਕਾਂ ਬਣੀਆਂ, ਨਾ ਬੰਨ੍ਹ ਤੇ ਨਾ ਕੋਈ ਹੋਰ ਵਿਕਾਸ ਦਾ ਕੰਮ ਹੋਇਆ। ਪੜਤਾਲ ਵਿੱਚ ਪਤਾ ਲੱਗਾ ਕਿ ਇਸ ਘੁਟਾਲੇ ਵਿੱਚ ਦੇਵਗੜ੍ਹ ਬਾੜੀਆ ਦੇ 28 ਤੇ ਧਾਨਪੁਰ ਦੇ 7 ਮਟੀਰੀਅਲ ਸਪਲਾਇਰ ਸ਼ਾਮਲ ਸਨ, ਜਿਨ੍ਹਾਂ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਜਾਲ੍ਹੀ ਕਲੇਮ ਪੇਸ਼ ਕਰਕੇ ਭੁਗਤਾਨ ਕਰਵਾ ਲਿਆ। ਪੜਤਾਲ ਦੌਰਾਨ ਪਤਾ ਲੱਗਾ ਕਿ ਮੰਤਰੀ ਦੇ ਦੋਵਾਂ ਬੇਟਿਆਂ ਦੀਆਂ ਕੰਪਨੀਆਂ ਰਾਜ ਕੰਸਟ੍ਰਕਸ਼ਨ ਤੇ ਰਾਜ ਟਰੇਡਰਜ਼ ਨੇ ਤਕੜੇ ਗੱਫੇ ਲਾਏ। ਇਹ ਫਰਾਡ ਉਦੋਂ ਸਾਹਮਣੇ ਆਇਆ, ਜਦੋਂ ਜ਼ਿਲ੍ਹਾ ਦਿਹਾਤੀ ਵਿਕਾਸ ਏਜੰਸੀ ਦੇ ਡਾਇਰੈਕਟਰ ਬੀ ਐੱਮ ਪਟੇਲ ਨੇ ਠੇਕਿਆਂ ’ਚ ਕਈ ਖਾਮੀਆਂ ਦੇਖੀਆਂ।

ਉਸ ਵੱਲੋਂ ਕਰਵਾਏ ਆਡਿਟ ਵਿੱਚ ਸਾਹਮਣੇ ਆਇਆ ਕਿ ਜਾਲ੍ਹੀ ਵਰਕ ਸਾਈਟਾਂ ਦਿਖਾ ਕੇ ਘੁਟਾਲਾ ਕੀਤਾ ਗਿਆ। ਸੀਨੀਅਰ ਨੌਕਰਸ਼ਾਹਾਂ ਨੇ ਵੀ ਅੱਖਾਂ ਮੀਟੀ ਰੱਖੀਆਂ। ਦੇਵਗੜ੍ਹ ਬਾੜੀਆ ਵਿੱਚ 60.90 ਕਰੋੜ ਤੇ ਧਾਨਪੁਰ ਵਿੱਚ 10.10 ਕਰੋੜ ਦੀ ਅਦਾਇਗੀ ਜਾਲ੍ਹੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੀਤੀ ਗਈ। ਘੁਟਾਲਾ 160 ਕਰੋੜ ਤੱਕ ਜਾਣ ਦਾ ਅੰਦਾਜ਼ਾ ਹੈ, ਕਿਉਕਿ ਕੁਝ ਹੋਰ ਤਹਿਸੀਲਾਂ ਵਿੱਚ ਪੜਤਾਲ ਸ਼ੁਰੂ ਕੀਤੀ ਗਈ ਹੈ। ਕਾਂਗਰਸ ਤੇ ਹੋਰਨਾਂ ਆਪੋਜ਼ੀਸ਼ਨ ਪਾਰਟੀਆਂ ਨੇ ਇਸ ਨੂੰ ਸੂਬੇ ਵਿੱਚ ਵੱਡਾ ਮੁੱਦਾ ਬਣਾਉਂਦਿਆਂ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਬਣਾਈ ਗਈ ਯੋਜਨਾ ਦਾ ਪੈਸਾ ਲੁੱਟਿਆ ਗਿਆ ਹੈ।

ਸਾਂਝਾ ਕਰੋ

ਪੜ੍ਹੋ