
ਅੰਮ੍ਰਿਤਸਰ, 20 ਮਈ – ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅ ਦੇ ਮਾਹੌਲ ਤੋਂ ਬਾਅਦ ਜਿੱਥੇ ਲੋਕਾਂ ਨੇ ਕਈ ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰਨ ਲਈ ਕਾਹਲੀ ਕੀਤੀ ਸੀ ਅਤੇ ਮੰਡੀਆਂ ਵਿੱਚ ਪਈਆਂ ਸਬਜ਼ੀਆਂ ਕੁੱਝ ਘੰਟਿਆਂ ਵਿੱਚ ਖਰੀਦ ਲਈਆਂ ਸਨ ਉੱਥੇ ਹੀ ਹੁਣ ਸੀਜ਼ਫਾਇਰ ਮਗਰੋਂ ਸਬਜ਼ੀ ਮੰਡੀ ਨਾਲ ਜੁੜੇ ਵਪਾਰੀ ਮੰਦੀ ਦੀ ਮਾਰ ਝੱਲ ਰਹੇ ਹਨ।
ਗੱਲਬਾਤ ਕਰਦਿਆਂ ਬਜ਼ਾਰਾਂ ਅਤੇ ਮੰਡੀਆਂ ਦੇ ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਕਿ, ‘ਜੰਗ ਦੇ ਹਲਾਤ ਬਣਨ ਤੋਂ ਬਾਅਦ ਲੋਕਾਂ ਨੇ ਪਹਿਲਾ ਤਾਂ ਸਮਾਨ ਥੋਕ ਦੇ ਭਾਅ ਖਰੀਦ ਕੇ ਮੰਡੀਆ ਖਾਲੀ ਕਰ ਦਿੱਤੀਆ ਅਤੇ ਜ਼ਰੂਰਤ ਤੋਂ ਵੱਧ ਸਮਾਨ ਘਰਾਂ ਵਿੱਚ ਜਮ੍ਹਾਂ ਕਰ ਲਿਆ ਪਰ ਇਸ ਤੋਂ ਬਾਅਦ ਜੰਗਬੰਦੀ ਦੇ ਐਲਾਨ ਮਗਰੋਂ ਹੁਣ ਲੋਕਾਂ ਕੋਲ ਘਰਾਂ ਵਿੱਚ ਵਾਧੂ ਰਾਸ਼ਣ ਹੋਣ ਕਰਕੇ ਬਜ਼ਾਰਾਂ ਦੇ ਨਾਲ-ਨਾਲ ਸਬਜ਼ੀ ਮੰਡੀਆਂ ਵੀ ਸੁੰਨਸਾਨ ਨਜ਼ਰ ਆ ਰਹੀਆਂ ਹਨ।’
‘ਹੋ ਰਿਹਾ ਵੱਡਾ ਨੁਕਸਾਨ’
ਜੇਕਰ ਆੜਤੀਆ ਦੀ ਰੋਜ਼ਾਨਾ ਕਲੈਕਸ਼ਨ ਦੀ ਗੱਲ ਕਰੀਏ ਤਾਂ ਹੁਣ ਪੰਜ ਹਜ਼ਾਰ ਤੋ ਵਧ ਨਹੀ ਹੋ ਰਹੀ ਜੋ ਕਿ ਕਿਸੇ ਸਮੇਂ 50 ਹਜ਼ਾਰ ਤੋਂ ਲੱਖ ਵਿਚਾਲੇ ਹੁੰਦੀ ਸੀ ਕਿਉਂਕਿ ਜੰਗ ਦੇ ਮਾਹੌਲ ਵਿੱਚ ਪੈਨਿਕ ਦੇ ਚਲਦੇ ਹੋਈ ਵਾਧੂ ਜਮ੍ਹਾਂਖੋਰੀ ਨੇ ਢਾਂਚੇ ਨੂੰ ਹਿਲਾ ਦਿੱਤਾ ਅਤੇ ਹੁਣ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਫਾਕੇ ਕੱਟ ਰਹੇ ਹਨ। ਦੁਕਾਨਦਾਰਾਂ ਮੁਤਾਬਿਕ ਸਰਹੱਦੀ ਇਲਾਕਿਆਂ ਤੋਂ ਜੋ ਗੁਆਂਢੀ ਮੁਲਕਾਂ ਨਾਲ ਸਬਜ਼ੀ,ਮਸਾਲੇ ਅਤੇ ਡਰਾਈ ਫੂਡ ਦਾ ਵਪਾਰ ਚੱਲਦਾ ਸੀ ਉਹ ਵੀ ਪੂਰੀ ਤਰ੍ਹਾਂ ਬੰਦ ਹੈ। ਜਿਸ ਕਾਰਣ ਸਮਾਨ ਦੀ ਦਰਾਮਦ-ਬਰਾਮਦ ਨਹੀਂ ਹੋ ਰਹੀ ਅਤੇ ਇਹ ਸਾਰਾ ਸਮਾਨ ਮੰਡੀਆਂ ਵਿੱਚ ਪਿਆ ਖਰਾਬ ਹੋ ਰਿਹਾ ਹੈ। ਜਿਸ ਕਾਰਣ ਇਸ ਧੰਦੇ ਨਾਲ ਜੁੜੇ ਕਾਰੋਬਾਰੀਆਂ ਅਤੇ ਆਮ ਮਜ਼ਦੂਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮ ਨਾ ਹੋਣ ਕਾਰਣ ਮੰਡੀਆਂ ਵਿੱਚ ਕੰਮ ਕਰਦੀ ਪ੍ਰਵਾਸੀ ਲੇਬਰ ਆਪਣੇ ਘਰ ਵੱਲ ਪਰਤ ਗਈ ਹੈ।
ਦੋਵਾਂ ਸਰਕਾਰਾਂ ਨੂੰ ਅਪੀਲ
ਕਾਰੋਬਾਰੀਆਂ ਅਤੇ ਸਬਜ਼ੀ ਦੇ ਧੰਦੇ ਨਾਲ ਜੁੜੇ ਵਪਾਰੀਆਂ ਨੇ ਭਾਰਤ-ਪਾਕਿਸਤਾਨ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬਾਰਡਰ ਖੋਲ੍ਹੇ ਜਾਣ ਤਾਂ ਜੋ ਉਹ ਪਾਕਿਸਤਾਨ ਦੇ ਰਸਤੇ ਅਫਗਾਨਿਤਾਨ ਨਾਲ ਵਪਾਰ ਕਰ ਸਕਣ ਅਤੇ ਸਮਾਨ ਦੀ ਦਰਾਮਦ ਅਤੇ ਬਰਾਮਦ ਲਗਾਤਾਰ ਜਾਰੀ ਰਹੇ। ਜੇਕਰ ਜਲਦ ਅਜਿਹਾ ਨਹੀਂ ਹੁੰਦਾ ਤਾਂ ਬਹੁਤ ਵੱਡਾ ਆਰਥਿਕ ਨੁਕਸਾਨ ਵਪਾਰੀਆਂ ਦਾ ਹੋਵੇਗਾ।