ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਬਾਰੇ ਵਿਿਭੰਨ ਵਿਦਵਾਨਾਂ ਦੇ ਕੀ ਵਿਚਾਰ ਹਨ , ਇਸ ਬਾਰੇ ਡਾ. ਸੁਖਦਿਆਲ ਸਿੰਘ ਨੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਹੈ।ਉਨ੍ਹਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਤ ਸਾਡੇ ਪਾਸ ਦੋ ਸਮਕਾਲੀ ਗਵਾਹੀਆਂ ਹਨ। ਇਨ੍ਹਾਂ ਦੋਵੇਂ ਸਮਕਾਲੀ ਗਵਾਹੀਆਂ ਨਾਲ ਗੁਰੂ ਜੀ ਨੂੰ ਸ਼ਹੀਦ ਕੀਤੇ ਜਾਣ ਦੀ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ। ਪਹਿਲੀ ਗਵਾਹੀ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਹੈ ਜੋ ਤੁਜ਼ਕੇ ਜਹਾਂਗੀਰੀ ਵਿੱਚ ਦਰਜ ਹੈ। ਇਹ ਭਾਵੇਂ ਜਹਾਂਗੀਰ ਦੀ ਆਪਣੀ ਲਿਖਤ ਹੈ ਤੇ ਭਾਵੇਂ ਉਸ ਦੇ ਕਿਸੇ ਦਰਬਾਰੀ ਦੀ ਪਰ ਇਹ ਜੋ ਕੁਝ ਵੀ ਹੈ ਸਾਡੇ ਲਈ ਇੱਕ ਸਮਕਾਲੀ ਗਵਾਹੀ ਦਾ ਦਰਜਾ ਰੱਖਦੀ ਹੈ।
ਦੂਜੀ ਲਿਖਤ ਫਾਦਰ ਜੈਰੋਮ ਜ਼ੇਵੀਅਰ ਦਾ 25 ਸਤੰਬਰ, 1606 ਈ. ਦਾ ਲਿਿਖਆ ਹੋਇਆ ਉਹ ਖ਼ਤ ਹੈ ਜਿਹੜਾ ਉਸ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚੋਂ ਗੋਆ ਦੇ ਕਿਸੇ ਅਧਿਕਾਰੀ ਨੂੰ ਲਿਿਖਆ ਸੀ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਅੱਖੀਂ ਦੇਖੇ ਅਤੇ ਕੰਨੀਂ ਸੁਣੇ ਹਾਲਾਤ ਹਨ। ਇਨ੍ਹਾਂ ਦੋਵਾਂ ਸਮਕਾਲੀ ਦਸਤਾਵੇਜ਼ਾਂ ਤੋਂ ਇਲਾਵਾ ਇੱਕ ਹੋਰ ਲਿਖਤ ਜੁਲਿਫਕਾਰ ਅਰਧਿਸਤਾਨੀ ਮੋਬੀਦ (ਮਹਿਿਸਨ ਫਾਨੀ) ਦੀ ਹੈ ਜਿਸ ਵਿੱਚ ਭਾਵੇਂ ਵੇਰਵਾ ਬਹੁਤ ਸੰਖੇਪ ਹੈ ਪਰ ਹੈ ਇਹ ਵੀ ਬਹੁਤ ਸਹਾਇਕ। ਇਹ ਲੇਖਕ ਗੁਰੂ ਹਰਿਗੋਬਿੰਦ ਸਾਹਿਬ ਦਾ ਸਮਕਾਲੀ ਸੀ। ਇਸ ਗਵਾਹੀ ਤੋਂ ਉਪਰਲੀਆਂ ਦੋਵੇਂ ਗਵਾਹੀਆਂ ਦੀ ਪ੍ਰੋੜਤਾ ਕੀਤੇ ਜਾਣ ਦੀ ਸਹਾਇਤਾ ਲਈ ਜਾ ਸਕਦੀ ਹੈ। ਪ੍ਰੋੜਤਾ ਕਰਨ ਲਈ ਹੀ ਗੁਰਮੁਖੀ ਦੀਆਂ ਕੁਝ ਮੁੱਢਲੀਆਂ ਲਿਖਤਾਂ ਹਨ ਜਿਨ੍ਹਾਂ ਤੋਂ ਕੁਝ ਸਾਵਧਾਨੀ ਨਾਲ ਇਸ ਵਿਸ਼ੇ ਸੰਬੰਧੀ ਮਦਦ ਲਈ ਜਾ ਸਕਦੀ ਹੈ।
ਜਹਾਂਗੀਰ ਦੀ ਲਿਖਤ ਇਸ ਪ੍ਰਕਾਰ ਹੈ :- “ਗੋਇੰਦਵਾਲ ਵਿਖੇ, ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਉੱਪਰ ਸਥਿਤ ਹੈ, ਪੀਰ ਅਤੇ ਸ਼ੇਖ਼ ਦੇ ਬੁਰਕੇ ਵਿੱਚ ਇੱਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਕਈ ਸਿੱਧੇ-ਸਾਧੇ ਦਿਲ ਵਾਲੇ ਹਿੰਦੂ, ਇੱਥੋਂ ਤੱਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਵੀ ਆਪਣੀ ਵੱਲ ਖਿੱਚ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆਂ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹਨ। ਤਿੰਨ ਜਾਂ ਚਾਰ ਪੀੜੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ। ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿੱਚ ਚਲਦਾ ਆ ਰਿਹਾ ਹੈ ਕਿ ਜਾਂ ਤਾਂ ਮੈਨੂੰ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।”
“ਆਖ਼ਰਕਾਰ ਜਦੋਂ ਖੁਸਰੋ ਇਸ ਰਸਤੇ ਰਾਹੀਂ ਲੰਘਿਆ ਸੀ ਤਾਂ ਇਸ ਨਾਚੀਜ਼ ਨੇ ਉਸ ਨੂੰ ਮਿਲਣ ਲਈ ਆਪਣਾ ਮਨ ਬਣਾਇਆ। ਜਿੱਥੇ ਇਹ ਰਹਿੰਦਾ ਸੀ ਉੱਥੇ ਖੁਸਰੋ ਠਹਿਿਰਆ ਸੀ। ਇਹ ਉੱਥੇ ਪਹੁੰਚਿਆ, ਉਸ ਨੂੰ ਮਿਿਲਆ ਅਤੇ ਆਪਣੇ ਮਨ ਵਿੱਚ ਪਹਿਲੋਂ ਹੀ ਸੋਚੀਆਂ ਕੁਝ ਗੱਲਾਂ ਉਸ ਨੂੰ ਦੱਸੀਆਂ, ਉਸ ਦੇ ਮੱਥੇ ‘ਤੇ ਉਂਗਲੀਆਂ ਦੇ ਨਿਸ਼ਾਨ ਵਾਲਾ ਕੇਸਰ ਲਗਾਇਆ। ਇਸ ਨੂੰ ਹਿੰਦੂ ਸ਼ਬਦਾਵਲੀ ਵਿੱਚ ਕਸ਼ਕਾ ਕਿਹਾ ਜਾਂਦਾ ਹੈ ਅਤੇ ਬਹੁਤ ਅੱਛਾ ਸ਼ਗਨ ਮੰਨਿਆ ਜਾਂਦਾ ਹੈ। ਜਦੋਂ ਇਹ ਸਭ ਕੁਝ ਮੇਰੇ ਕੰਨਾਂ ਤੱਕ ਪਹੁੰਚਿਆ ਅਤੇ ਮੈਂ ਪਹਿਲੋਂ ਹੀ ਇਸ ਦੇ ਫਰੇਬ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਤਾਂ ਮੈਂ ਇਸ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਅਤੇ ਉਸ ਦੇ ਘਰ, ਰਿਹਾਇਸ਼ੀ ਥਾਵਾਂ ਅਤੇ ਬੱਚਿਆਂ ਨੂੰ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਕੇ ਉਸ ਦੇ ਧਨ ਮਾਲ ਨੂੰ ਜ਼ਬਤ ਕਰ ਲਿਆ। ਮੈਂ ਹੁਕਮ ਕੀਤਾ ਸੀ ਕਿ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਣਾ ਚਾਹੀਦਾ ਹੈ”।
“ਕੁਝ ਹਿੰਦੂਆਂ ਨੇ ਬਾਦਸ਼ਾਹ ਅੱਗੇ ਉਸ ਨੂੰ ਛੱਡ ਦੇਣ ਦੀ ਬੇਨਤੀ ਕੀਤੀ ਕਿਉਂਕਿ ਉਹ ਉਨ੍ਹਾਂ ਦਾ ਧਾਰਮਿਕ ਸੰਤ ਸੀ। ਅਖ਼ੀਰ ‘ਤੇ ਇਹ ਤਹਿ ਹੋ ਗਿਆ ਕਿ ਉਸ ਨੂੰ ਇੱਕ ਲੱਖ ਰੁਪਿਆ (ਪੁਰਤਗਾਲੀ) ਜੁਰਮਾਨੇ ਦੇ ਤੌਰ ‘ਤੇ ਅਦਾ ਕਰਨਾ ਚਾਹੀਦਾ ਹੈ। ਇਹ ਕੰਮ ਇੱਕ ਅਮੀਰ ਹਿੰਦੂ ਵੱਲੋਂ ਜ਼ਮਾਨਤ ਦੇਣ ਪਿੱਛੋਂ ਕੀਤਾ ਗਿਆ। ਉਸ (ਅਮੀਰ ਹਿੰਦੂ) ਨੇ ਸੋਚਿਆ ਸੀ ਕਿ ਇਹ ਜੁਰਮਾਨਾ ਜਾਂ ਤਾਂ ਬਾਦਸ਼ਾਹ ਮੁਆਫ਼ ਹੀ ਕਰ ਦੇਵੇਗਾ, ਜਾਂ ਇਹ ਗੁਰੂ ਅਦਾ ਕਰ ਦੇਵੇਗਾ ਜਾਂ ਇਤਨੀ ਰਕਮ ਉਹ ਉਧਾਰੀ ਕਰ ਲਵੇਗਾ ਪਰ ਇਸ ਵਿੱਚ ਉਹ ਅਮੀਰ ਹਿੰਦੂ ਨਿਰਾਸ਼ ਹੀ ਹੋਇਆ।
ਉਸ ਨੇ ਗੁਰੂ ਦੇ ਘਰ ਦਾ ਸਾਰਾ ਸਾਮਾਨ ਮੰਗਵਾ ਲਿਆ, ਜਿਸ ਵਿੱਚ ਘਰ ਦਾ ਸਾਜੋ-ਸਾਮਾਨ, ਗੁਰੂ ਦੀ ਪਤਨੀ ਅਤੇ ਬੱਚਿਆਂ ਦੇ ਕੱਪੜੇ ਸ਼ਾਮਲ ਸਨ। ਪਰ ਇਸ ਸਾਰੇ ਸਾਮਾਨ ਨਾਲ ਵੀ ਉਸ ਦੀ ਰਕਮ ਪੂਰੀ ਨਹੀਂ ਹੁੰਦੀ ਸੀ। ਹਿੰਦੂ ਲੋਕਾਂ ਵਿੱਚ ਉਸ ਦਾ ਜਾਂ ਉਸ ਦੇ ਪਿਤਾ ਦਾ ਬਹੁਤਾ ਸਤਿਕਾਰ ਨਹੀਂ ਸੀ। ਉਸ (ਅਮੀਰ ਹਿੰਦੂ) ਨੇ ਉਸ ਦੇ ਸਾਰੇ ਧਨ ਮਾਲ ਨੂੰ ਹੜੱਪਣ ਦੇ ਨਾਲ ਨਾਲ ਉਸ ਨੇ ਗੁਰੂ ਨੂੰ ਹਰ ਰੋਜ਼ ਨਵੀਂ ਤੋਂ ਨਵੀਂ ਬੇਇੱਜ਼ਤੀ ਨਾਲ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨਿਰਬਲ ਸੰਤ ਦੇ ਚੇਹਰੇ ਉੱਪਰ ਵੀ ਕਈ ਵਾਰ ਲੱਤਾਂ ਮਾਰੀਆਂ ਗਈਆਂ ਅਤੇ ਉਸ ਨੂੰ ਉਸ ਸਮੇਂ ਤੱਕ ਖਾਣ ਤੋਂ ਵੀ ਰੋਕਿਆ ਗਿਆ ਜਦੋਂ ਤੱਕ ਕਿ ਉਹ ਹੋਰ ਧਨ ਨਹੀਂ ਅਦਾ ਕਰਦਾ ਸੀ।
“ਉਸ (ਅਮੀਰ ਹਿੰਦੂ) ਨੂੰ ਇਹ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸ (ਗੁਰੂ) ਕੋਲ ਕੋਈ ਧਨ ਨਹੀਂ ਸੀ ਭਾਵੇਂ ਕਿ ਉਸ ਕੋਲ ਬਿਲਕੁਲ ਕੁਝ ਵੀ ਨਹੀਂ ਸੀ ਅਤੇ ਕੋਈ ਹੋਰ ਵੀ ਉਸ ਨੂੰ ਦੇਣ ਲਈ ਤਿਆਰ ਨਹੀਂ ਸੀ। ਇਸ ਤਰ੍ਹਾਂ ਉਸ (ਅਮੀਰ ਹਿੰਦੂ) ਰਾਹੀਂ ਦਿੱਤੇ ਗਏ ਜ਼ਖ਼ਮਾਂ, ਦੁੱਖਾਂ ਅਤੇ ਬੇਇਜ਼ਤੀ ਕਰਨ ਵਾਲੇ ਵਿਵਹਾਰ ਸਦਕਾ ਉਹ ਨਿਰਬਲ ਗੁਰੂ ਮਰ (ਸ਼ਹੀਦ ਹੋ) ਗਿਆ।” “ਇਹ ਜ਼ਮਾਨਤ ਦੇਣ ਵਾਲਾ (ਅਮੀਰ ਹਿੰਦੂ) ਭੱਜ ਕੇ ਬਚਣਾ ਚਾਹੁੰਦਾ ਸੀ ਪਰ ਆਖ਼ਰਕਾਰ ਇਸ ਨੂੰ ਪਕੜ ਲਿਆ ਗਿਆ ਅਤੇ ਉਸ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ”।
ਇਸ ਪੱਤਰ ਵਿੱਚ ਕੁਝ ਗੱਲਾਂ ਖ਼ਾਸ ਧਿਆਨ ਮੰਗਦੀਆਂ ਹਨ। ਇੱਕ ਤਾਂ ਇਹ ਕਿ ਗੁਰੂ ਜੀ ਨੂੰ ਇੱਕ ਅਮੀਰ ਹਿੰਦੂ ਦੇ ਜ਼ੁਰਮਾਨੇ ਦੀ ਰਕਮ ਅਦਾ ਕਰਨ ਦੀ ਜ਼ਾਮਨੀ ਦੇ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਭਾਵੇਂ ਇਸ ਅਮੀਰ ਹਿੰਦੂ ਦਾ ਨਾਂ ਨਹੀਂ ਦਿੱਤਾ ਗਿਆ। ਪਰ ਮੁੱਢਲੀਆਂ ਸਿੱਖ ਲਿਖਤਾਂ ਵਿੱਚ ਗੁਰੂ ਜੀ ਦੀ ਸ਼ਹਾਦਤ ਦਾ ਮੁੱਖ ਜ਼ਿੰਮੇਵਾਰ ਇੱਕ ਅਮੀਰ ਹਿੰਦੂ ਚੰਦੂ ਸ਼ਾਹ ਨੂੰ ਦੱਸਿਆ ਗਿਆ ਹੈ। ਇਹ ਲਾਹੌਰ ਦਾ ਦੀਵਾਨ ਸੀ ਜਿਸ ਦੀ ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ। ਇਹ ਅਮੀਰ ਹਿੰਦੂ ਇਸੇ ਚੰਦੂ ਸ਼ਾਹ ਨੂੰ ਮੰਨਿਆ ਜਾਣਾ ਚਾਹੀਦਾ ਹੈ।
ਮਹਿਮਾ ਪ੍ਰਕਾਸ਼ ਜੋ 1870 ਵਿਆਂ ਦੀ ਲਿਖਤ ਹੈ, ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਚੰਦੂ ਸੀ ਜਿਸ ਦੇ ਹਵਾਲੇ ਗੁਰੁ ਜੀ ਨੂੰ ਕੀਤਾ ਗਿਆ ਸੀ।1870 ਵਿਆਂ ਦੀ ਹੀ ਇੱਕ ਹੋਰ ਕਨੱਈਆ ਲਾਲ ਦੀ ਲਿਖਤ ਤਾਰੀਖ-ਇ-ਪੰਜਾਬ ਵੀ ਇਸ ਗੱਲ ਦੀ ਇੰਨ-ਬਿੰਨ ਪ੍ਰੋੜਤਾ ਕਰਦੀ ਹੈ। ਇਸ ਅਨੁਸਾਰ ਬਾਦਸ਼ਾਹ ਬਿਗੜ ਗਿਆ ਤੇ ਲਾਹੌਰ ਵਿੱਚ ਗੁਰੂ ਜੀ ਨੂੰ ਤਲਬ ਕੀਤਾ ਗਿਆ। ਉਨ੍ਹਾਂ ਨੂੰ ਚੰਦੂ ਦੀ ਸਪੁਰਦਗੀ ਵਿੱਚ ਰੱਖਿਆ ਗਿਆ। ਚੰਦੂ ਨੇ ਗੁਰੂ ਜੀ ਦਾ ਡੇਰਾ ਆਪਣੇ ਮਕਾਨ ਵਿੱਚ ਕਰਵਾਇਆ… ਬਾਦਸ਼ਾਹ ਉਨ੍ਹਾਂ ਦਿਨਾਂ ਵਿੱਚ ਕਸ਼ਮੀਰ ਚਲਾ ਗਿਆ ਸੀ ਤੇ ਗੁਰੂ ਜੀ ਉਸੇ ਤਰ੍ਹਾਂ ਚੰਦੂ ਦੇ ਹਵਾਲੇ ਰਹੇ : “ਇਸ ਲਈ ਚੰਦੂ ਨੇ ਗੁਰੂ ਜੀ ਨੂੰ ਲਗਾਤਾਰ ਤਸੀਹੇ ਦੇਣੇ ਸ਼ੁਰੂ ਕੀਤੇ ਤੇ ਅਜਿਹੇ ਅਤਿਆਚਾਰ ਕੀਤੇ ਜਿਨ੍ਹਾਂ ਨੂੰ ਕਲਮ ਬਿਆਨ ਨਹੀਂ ਕਰ ਸਕਦੀ ਤੇ ਜ਼ਬਾਨ ਦੱਸ ਨਹੀਂ ਸਕਦੀ”। ਗਯਾਨੀ ਗਯਾਨ ਸਿੰਘ ਵੀ ਇਸੇ ਤਰ੍ਹਾਂ ਲਿਖਦਾ ਹੈ : “ਚੰਦੂ ਦੁਸ਼ਟ ਮੌਕਾ ਪਾਕਰ ਸੇਵਾ ਕਰਨ ਦੇ ਬਹਾਨੇ ਜ਼ਮਾਨਤ ਪਰ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ।” ਇਸ ਤਰ੍ਹਾਂ ਇਸ ਗੱਲ ਦੀ ਬੜੀ ਸਪੱਸ਼ਟਤਾ ਨਾਲ ਪੁਸ਼ਟੀ ਹੋ ਜਾਂਦੀ ਹੈ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਇੱਕ ਹਿੰਦੂ ਅਹਿਲਕਾਰ ਚੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਇਸ ਨੇ ਹੀ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ।
ਦੂਜੀ ਗੱਲ ਹੈ, ਸ਼ਾਹਜ਼ਾਦਾ ਖੁਸਰੋ ਨੂੰ ਗੁਰੂ ਜੀ ਵੱਲੋਂ ਆਸ਼ੀਰਵਾਦ ਦੇਣ ਦੀ। ਇਸ ਦੀ ਪੁਸ਼ਟੀ ਬਾਦਸ਼ਾਹ ਦੀ ਆਪਣੀ ਲਿਖਤ ਤੋਂ ਵੀ ਹੋ ਜਾਂਦੀ ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਲੇਖਕ ਮੁਹਸਿਨ ਫਾਨੀ ਦੀ ਲਿਖਤ ਤੋਂ ਵੀ। ਮੁੱਢਲੀਆਂ ਸਿੱਖ ਲਿਖਤਾਂ ਵੀ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਹਨ। ਤੀਜੀ ਗੱਲ ਹੈ ਕਿ ਗੁਰੂ ਜੀ ਨੂੰ ਭਾਰੀ ਜੁਰਮਾਨਾ ਕਰਨ ਦੀ। ਇਸ ਗੱਲ ਦੀ ਪੁਸ਼ਟੀ ਮੋਹਸਿਨਫਾਨੀ ਦੀ ਲਿਖਤ ਤੋਂ ਹੋ ਜਾਂਦੀ ਹੈ “ਜ਼ੁਰਮਾਨੇ ਦੀ ਇੱਕ ਭਾਰੀ ਰਕਮ ਗੁਰੂ ਉੱਤੇ ਥਾਪੀ ਗਈ ਅਤੇ ਗੁਰੂ ਇਸ ਨੂੰ ਅਦਾ ਕਰਨ ਤੋਂ ਅਸਮਰੱਥ ਸੀ”।
ਚੌਥੀ ਗੱਲ ਹੈ ਕਿ ਇਹ ਅਮੀਰ ਹਿੰਦੂ (ਚੰਦੂ) ਗੁਰੂ ਜੀ ਦੀ ਸ਼ਹਾਦਤ ਪਿੱਛੋਂ ਭੱਜ ਕੇ ਬੱਚਣਾ ਚਾਹੁੰਦਾ ਸੀ। ਭੱਜਣ ਦੇ ਕਈ ਕਾਰਨ ਹੋ ਸਕਦੇ ਸਨ। ਇੱਕ ਤਾਂ ਇਹ ਹੋ ਸਕਦਾ ਸੀ ਕਿ ਜਿਹੜਾ ਜ਼ੁਰਮਾਨਾ ਤਾਰਨ ਦੀ ਜਾਮਨੀ ਅਮੀਰ ਹਿੰਦੂ ਨੇ ਬਾਦਸ਼ਾਹ ਨੂੰ ਦਿੱਤੀ ਸੀ ਉਹ ਗੁਰੂ ਜੀ ਦੇ ਸ਼ਹੀਦ ਹੋ ਜਾਣ ਕਰਕੇ ਉਸ ਨੂੰ ਆਪ ਤਾਰਨੀ ਪੈਣੀ ਸੀ। ਇਹ ਵੀ ਹੋ ਸਕਦਾ ਸੀ ਕਿ ਉਹ ਗੁਰੂ ਜੀ ਨੂੰ ਸ਼ਹੀਦ ਕਰਨ ਕਰਕੇ ਬਾਦਸ਼ਾਹ ਤੋਂ ਡਰ ਗਿਆ ਹੋਵੇ ਜਾਂ ਉਹ ਸਿੱਖਾਂ ਕੋਲੋਂ ਡਰ ਗਿਆ ਹੋਵੇ।
ਇਸ ਤਰ੍ਹਾਂ ਅਸੀਂ ਪੱਤਰ ਨੂੰ ਮੁੱਢਲੀ ਜਾਣਕਾਰੀ ਦੇਣ ਵਾਲਾ ਇੱਕ ਅਤੀ ਅਹਿਮ ਦਸਤਾਵੇਜ਼ ਜਾਂ ਗਵਾਹੀ ਕਹਿ ਸਕਦੇ ਹਾਂ। ਜਹਾਂਗੀਰ ਦੇ ਬਿਆਨ ਨਾਲੋਂ ਇਸ ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਦਾ ਇਹ ਫਰਕ ਹੈ ਕਿ ਇਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਜੀ ਨੂੰ ਬਾਦਸ਼ਾਹ ਨੇ ਕਿਸੇ ਅਮੀਰ ਹਿੰਦੂ ਦੇ ਹਵਾਲੇ ਕਰ ਦਿੱਤਾ ਸੀ ਅਤੇ ਦੂਜਾ ਇਹ ਕਿ ਗੁਰੂ ਸਾਹਿਬ ਅਨੇਕਾਂ ਤਸੀਹੇ ਸਹਿੰਦੇ ਹੋਏ ਸ਼ਹੀਦ ਹੋ ਗਏ ਸਨ। ਹਵਾਲਾ ਪੁਸਤਕ :ਸੁਖਦਿਆਲ ਸਿੰਘ (ਡਾ.) ,ਪੰਜਾਬ ਦਾ ਇਤਿਹਾਸ(ਗੁਰੁ ਕਾਲ :1469-1708),(ਜਿਲਦ ਪੰਜਵੀਂ), ਪੰਜਾਬੀ ਯੂਨੀਵਰਸਿਟੀ ਪਟਿਆਲਾ 2012, ਪੰਨੇ 109-115
ਡਾ. ਚਰਨਜੀਤ ਸਿੰਘ ਗੁਮਟਾਲਾ,
0019375739812(ਯੂ ਐਸ ਏ ),
ਵਟਸ ਐਪ 919417533060,
gumtalacs@gmail.com