
ਹਰਦੋਈ (ਯੂਪੀ), 20 ਮਈ – ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਇਕ ਰਾਜਧਾਨੀ ਐਕਸਪ੍ਰੈਸ ਸਮੇਤ ਦੋ ਰੇਲਗੱਡੀਆਂ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼ ਨੂੰ ਲੋਕੋ ਪਾਇਲਟਾਂ ਦੀ ਚੌਕਸੀ ਕਾਰਨ ਨਾਕਾਮ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਨੇ ਦਾਆਵਾ ਕੀਤਾ ਕਿ ਸੋਮਵਾਰ ਸ਼ਾਮ ਨੂੰ ਅਣਪਛਾਤੇ ਬਦਮਾਸ਼ਾਂ ਨੇ 1129/14 ਕਿਲੋਮੀਟਰ ’ਤੇ ਦਲੇਲਨਗਰ ਅਤੇ ਉਮਰਤਾਲੀ ਸਟੇਸ਼ਨਾਂ ਦੇ ਵਿਚਕਾਰ ਲੀਹ ’ਤੇ ਅਰਥਿੰਗ ਤਾਰ ਦੀ ਵਰਤੋਂ ਕਰਕੇ ਲੱਕੜ ਦੇ ਬਲਾਕ ਬੰਨ੍ਹੇ ਹੋਏ ਸਨ।
ਦਿੱਲੀ ਤੋਂ ਅਸਾਮ ਦੇ ਡਿਬਰੂਗੜ੍ਹ ਜਾ ਰਹੀ ਰਾਜਧਾਨੀ ਐਕਸਪ੍ਰੈਸ (20504) ਦੇ ਲੋਕੋ ਪਾਇਲਟ ਨੇ ਰੁਕਾਵਟ ਨੂੰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾਈ ਅਤੇ ਇਸ ਰੋਕ ਨੂੰ ਹਟਾਉਂਦਿਆਂ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸੇ ਤਰ੍ਹਾਂ ਰਾਜਧਾਨੀ ਐਕਸਪ੍ਰੈਸ ਦੇ ਬਾਅਦ ਕਾਠਗੋਦਮ ਐਕਸਪ੍ਰੈਸ (15044) ਨੂੰ ਵੀ ਲੀਹ ਉਤਾਰਨ ਦੀ ਦੂਜੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਕਿਹਾ ਕਿ ਲੋਕੋ ਪਾਇਲਟ ਦੇ ਸਤਰਕ ਹੋਣ ਕਾਰਨ ਬਚਾਅ ਰਿਹਾ। ਸੁਪਰਡੈਂਟ ਨੀਰਜ ਕੁਮਾਰ ਜਾਦੌਨ ਨੇ ਸੋਮਵਾਰ ਸ਼ਾਮ ਨੂੰ ਮੌਕੇ ’ਤੇ ਦੌਰਾ ਕੀਤਾ ਅਤੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।