ਪੰਜਾਬ ਦੇ ਜ਼ਖ਼ਮਾਂ ਦਾ ਹਿਸਾਬ/ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਜ਼ਖ਼ਮਾਂ ਦਾ ਹਿਸਾਬ ਆਖ਼ਿਰ ਕੌਣ ਦੇਵੇਗਾ? ਪੰਜਾਬ ਇਸ ਵੇਲੇ ਉਬਾਲੇ ਖਾ ਰਿਹਾ ਹੈ। ਪੰਜਾਬ ਇਸ ਵੇਲੇ ਤਪਸ਼ ਨਾਲ ਭੁੱਜ ਰਿਹਾ ਹੈ। ਪੰਜਾਬ ਇਸ ਵੇਲੇ ਵੱਡੇ ਕਸ਼ਟ ਹੰਢਾ ਰਿਹਾ ਹੈ। ਪੰਜਾਬ ਦੇ ਇਹਨਾ ਕਸ਼ਟਾਂ ਨੇ ਪੰਜਾਬ ਅਧਮੋਇਆ ਕੀਤਾ ਹੋਇਆ ਹੈ। ਸਮੱਸਿਆਵਾਂ ਵੱਡੀਆਂ ਹਨ, ਜ਼ਖ਼ਮ ਵੱਡੇ ਹਨ, ਮਲ੍ਹਮ-ਪੱਟੀ ਲਾਉਣ ਵਾਲੇ ਗਾਇਬ ਹਨ। ਕਿਥੇ ਤੁਰ ਗਏ ਪੰਜਾਬ ਦੇ ਰਾਖੇ, ਸ਼ੈਲ-ਛਬੀਲੇ ਗੱਬਰੂ, ਮੁਟਿਆਰਾਂ, ਸਿਆਣੇ ਲੋਕ? ਪੰਜਾਬ ਸਿਰਫ਼ ਸਿਆਸਤਦਾਨਾਂ ਹੱਥ ਫੜਾਕੇ!

ਪੰਜਾਬ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਬਣਿਆ ਹੋਇਆ। ਤੱਪ ਰਿਹਾ ਹੈ ਪੰਜਾਬ, ਪੰਜਾਬ ਦੀ ਸਿਆਸਤ ਵਾਂਗਰ। ਰਤਾ ਕੁ ਕਿਸੇ ਪਾਸਿਓਂ ਖੰਗੂਰਾ ਪੈਂਦਾ, ਦੂਜੇ ਪਾਸਿਓਂ ਚੀਕਾਂ, ਬੜਕਾਂ ਪੈਣ ਲੱਗ ਪੈਂਦੀਆਂ ਹਨ। ਆਹ ਵੇਖੋ ਨਾ ਹੁਣੇ ਜਿਹੇ ਪੰਜਾਬ ਜੰਗ ਦੀ ਤਪਸ਼ ਹੰਢਾ ਬੈਠਾ। ਕੁਰੇਦੇ ਗਏ ਹਨ ਜ਼ਖ਼ਮ ਪੰਜਾਬ ਦੇ। ਪੰਜਾਬ ਨੂੰ ਸੰਨ ’47 ਯਾਦ ਆਇਆ। ਪੰਜਾਬ ਨੂੰ ਸੰਨ ’62, ’65, ’71 ’99 ਯਾਦ ਆਇਆ ਤੇ ਵਿਚ-ਵਿਚਾਲੇ ’84 ਨੇ ਉਹਨੂੰ ਬੇਆਰਾਮ ਕੀਤਾ। ਸਿਤਮ ਵੇਖੋ, ਜਿਹੜਾ ਵੀ ਉੱਠਦਾ ਪੰਜਾਬ ਨੂੰ ਦੱਬ ਲੈਂਦਾ, ਕੇਰੀ ਅੱਖ ਪੰਜਾਬ ਵੱਲ ਕਰ ਲੈਂਦਾ। ਚੰਗੇ ਭਲੇ ਜੀਓ ਰਹੇ ਸਾਂ, ਪੂਰਬੋਂ-ਪੱਛਮੋਂ ਆਉਂਦੀਆਂ ਹਵਾਵਾਂ ਸੀਨਾ ਠਾਰ ਰਹੀਆਂ ਹਨ, ਕਿ ਠਾਹ-ਠੂਹ, ਗੋਲੇ, ਬੰਬ, ਮਿਜ਼ਾਇਲਾਂ ਪੰਜਾਬ ‘ਤੇ ਡਿੱਗਣ ਲੱਗੇ। ਕੀ ਕਸੂਰ ਸੀ ਯਾਰੋ ਪੰਜਾਬ ਦੇ ਲੋਕਾਂ ਦਾ? ਕਈ ਰਾਤਾਂ ਜਾਗਦਿਆਂ ਕੱਟੀਆਂ। ਮਣਾਂ ਮੂੰਹੀ ਦਰਦ ਸੀਨੇ ਹੰਢਾਇਆ। ਪ੍ਰਮਾਣੂ ਦੇ ਡਰ ਨੇ ਸੀਨਾ ਤਾਰ-ਤਾਰ ਕੀਤਾ।

ਆਖ਼ਰ  ਜਿਹੜੇ ਹੁਣੇ-ਹੁਣੇ ਤਾਜ਼ੇ-ਤਾਜ਼ੇ ਜ਼ਖ਼ਮ ਉਸਦੇ ਪਿੰਡੇ ‘ਤੇ ਸੀਨੇ ‘ਤੇ ਆ ਪਏ ਹਨ  ਉਹਦੀ ਜ਼ੁੰਮੇਵਾਰੀ ਕੀਹਦੀ ਆ ਭਾਈ? “ਹਮ ਦੇਸ਼ ਕੇ ਰਖਵਾਲੇ ਹੈਂ, ਹਮ ਤਹਿਸ-ਨਹਿਸ ਕਰ ਦੇਂਗੇ” ਵਾਲਿਆਂ ਦੀ ਜਾਂ ਸਾਡੇ ਆਪਣਿਆਂ ਦੀ, ਜੋ ਮੂੰਹ ‘ਚ ਘੁੰਗਣੀਆਂ ਪਾਕੇ ਬੈਠੇ ਰਹਿੰਦੇ ਹਨ, ਤਿਆਰ -ਬਰ-ਤਿਆਰ ਰਹਿੰਦੇ ਹਨ, ਲੋਕਾਂ ਨੂੰ ਝੂਠੇ ਦਲਾਸੇ ਦੇਣ ਲਈ। ਇੱਕ ਮਾਂ ਦਾ ਪੁੱਤ ਮਰ ਗਿਆ, ਸਰਹੱਦ ‘ਤੇ ਰਾਖੀ ਕਰਦਿਆਂ, ਉਹਨੂੰ ਦੇ ਦਿਓ ਨਾ ਵਾਪਿਸ ਉਸਦਾ ਪੁੱਤ, ਚਾਰ ਛਿਲੜ ਦੇ ਕੇ ਆਖਦੇ ਹੋ, ‘ਜੈ ਜਵਾਨ’ ਅਤੇ ਤੁਸੀਂ ਕੀ ਦੇਣਾ ਹੈ, ਚਾਰ ਛਿਲੜ ਦੇ ਦਿਓਗੇ, ਮੂੰਹ ਪਲੋਸ ਦਿਓਗੇ। ਦਿੰਦੇ ਤਾਂ ਤੁਸੀਂ ਉਸਨੂੰ ਵੀ ਕੁਝ ਨਹੀਂ, ਜਿਹੜਾ ਪੂਰੇ ਦੇਸ਼ ਦਾ ਢਿੱਡ ਪਾਲਦਾ, ਆਪਣਾ ਢਿੱਡ ਖਾਲੀ ਰੱਖਦਾ, ਕਰਜ਼ਾਈ ਹੋਇਆ, ਛਤੀਰਾਂ ਨੂੰ ਜੱਫੇ ਜਾ ਪਾਉਂਦਾ। ਜੈ ਕਿਸਾਨ!! ਹੈ ਕਿ ਨਾ!!!

ਐਂਵੇ ਕਈ ਵੇਰ ਦੁੱਖੀ ਹੋ ਕੇ ਪੰਜਾਬ ਬਾਰੇ ਇਹੋ ਜਿਹੇ ਜ਼ਜ਼ਬਾਤੀ ਸ਼ਬਦ ਕਲਮ ਲਿਖ ਬਹਿੰਦੀ ਹੈ। ਖ਼ੂਨ ਦੇ ਅੱਥਰੂ ਵਹਾ ਦੇਂਦੀ ਹੈ। ਚਲੋ ਪੰਜਾਬ ਦੇ ਜ਼ਖ਼ਮਾਂ ਦੀ ਕਹਾਣੀ ਲਿਖੀਏ, ਸੁਣੀਏ, ਬੋਲੀਏ। ਦੂਰ ਨਹੀਂ ਜਾਣਾ ਆਪਾਂ! ਬੱਸ ਪੰਜਾਬ ਦੇ ਪਹਿਲੇ ਵੱਡੇ ਜ਼ਖ਼ਮ 1947 ਦੀ ਗੱਲ ਕਰ ਲੈਂਦੇ ਹਾਂ :-

ਭਾਰਤ ਦੀ ਵੰਡ ‘ਚ 10 ਲੱਖ ਲੋਕ ਦੰਗਿਆਂ ‘ਚ ਮਰੇ, ਕਰੋੜਾਂ ਲੋਕ ਪ੍ਰਭਾਵਤ ਹੋਏ। ਲਗਭਗ 1.46 ਕਰੋੜ ਲੋਕ ਸ਼ਰਨਾਰਥੀ ਬਣੇ। ਔਰਤਾਂ ਦੀ ਇੱਜ਼ਤ ਰੁਲੀ। ਬੱਚਿਆਂ ਦਾ ਬਚਪਨ ਗੁਆਚ ਗਿਆ। ਵੱਢ-ਟੁੱਕ ‘ਚ ਲੋਕਾਂ ਦੇ ਇਹੋ ਜਿਹੇ ਅੰਦਰੂਨੀ ਫੱਟ ਲੱਗੇ ਕਿ ਜੀਵਨ ਭਰ ਉਹ ਇਹਨਾ ਫੱਟਾਂ-ਸੱਟਾਂ, ਜ਼ਖ਼ਮਾਂ ਨੂੰ ਭੁੱਲ ਨਹੀਂ ਸਕੇ। ਸਰਹੱਦੀ ਸੂਬਾ ਹੈ ਪੰਜਾਬ। ਇਸਨੂੰ ਗੁਆਂਢੀਆਂ ਨਾਲ ਲੜਾਈ ਦਾ ਵੱਡਾ ਮੁੱਲ ਤਾਰਨਾ ਪਿਆ। ਸੰਨ 1962, 1971, 1999 ਅਤੇ  ਫਿਰ 2025 ਦੀ ਜੰਗ ਨੇ ਪੰਜਾਬ ‘ਚ ਵੱਡੀ ਤਬਾਹੀ ਮਚਾਈ! ਵੱਡੇ ਜ਼ਖ਼ਮ ਦਿੱਤੇ। ਇਹਨਾ ਸਾਲਾਂ ‘ਚ ਪੰਜਾਬ ਨੂੰ 1984 ਦਾ ਦਰਦ ਝੱਲਣਾ ਪਿਆ। ਪੰਜਾਬ ਹਲੂਣਿਆ ਗਿਆ। ਹਰ ਪੰਜਾਬੀ ਦੀ ਰੂਹ ਜ਼ਖ਼ਮੀ ਹੋਈ। ਇਹ ਜ਼ਖ਼ਮ ਵਰ੍ਹਿਆਂ ਤੱਕ ਰਿਸਦੇ ਰਹੇ। ਇਹਨਾ ਜ਼ਖ਼ਮਾਂ ਨੂੰ ਭਰਨ, ਫੈਹੇ ਲਾਉਣ ਲਈ ਕਦੇ ਵੀ ਉਹ ਯਤਨ ਨਹੀਂ ਹੋਏ, ਜਿਹੜੇ ਹੋਣੇ ਜ਼ਰੂਰੀ ਸਨ। ਬੱਸ ਇਹਨਾ ‘ਤੇ ਵੀ ਸਿਆਸਤ ਹੋਈ। ਹੁਣ ਤੱਕ ‘ਅਦਾਲਤਾਂ’ ‘ਚ ਕੇਸ ਦਰਜ਼ ਹਨ। ਦੋਸ਼ੀ ਬਾਹਰ ਹਨ। ਕਿੱਢਾ ਦਰਦਨਾਕ ਵਰਤਾਰਾ ਹੈ।

ਇਹ ਵਾਰਤਾ ਤਾਂ ਉਹ ਹੈ, ਜਿਹੜਾ ਪੰਜਾਬੀਆਂ ਅੱਖੀ ਸਬਰ ਕਰਕੇ ਵੇਖੀ, ਸੁਣੀ, ਹੰਢਾਈ। ਪਰ ਕੁਝ ਵਾਰਤਾਵਾਂ ਉਹ ਹਨ, ਜਿਹੜੀਆਂ “ਅਣਹੋਈਆਂ” ਦਿਸਦੀਆਂ ਹਨ। ਜਿਹੜੀ ਪੰਜਾਬੀਆਂ ਦਾ ਸਬਰ ਸੰਤੋਖ ਪਰਖਣ ਲਈ ਉਸਦੇ ਮੱਥੇ ਮੜ੍ਹ ਦਿੱਤੀਆਂ ਗਈਆਂ। ਪੰਜਾਬੀ ਸੂਬਾ ਪੰਜਾਬ ਨੂੰ  ‘ਬਖ਼ਸ਼ ‘ ਦਿੱਤਾ ਗਿਆ, ਰਾਜਧਾਨੀ ਤੋਂ ਬਿਨ੍ਹਾਂ, ਪੰਜਾਬੀ ਬੋਲਦੇ ਇਲਾਕੇ ਜਾਣ-ਬੁੱਝ ਕੇ ਹੋਰ ਸੂਬਿਆਂ ‘ਚ ਰਹਿਣ ਦਿੱਤੇ ਗਏ। ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਗਿਆ। ਬਿਨ੍ਹਾਂ  ਹਿੱਸੇ ਤੋਂ ਰਾਜਸਥਾਨ ਨੂੰ ਪਾਣੀ  ਦੇ ਦਿੱਤਾ ਗਿਆ। ਅੱਜ ਜਦੋਂ ਪੰਜਾਬ ਪਾਣੀ ਦੀ ਆਪਣੀ ਲੋੜ ਪੂਰੀ ਕਰਨੋਂ ਵੀ ਅਸਮਰਥ ਹੈ, ਉਹਦਾ ਪਾਣੀ ਹਰਿਆਣਾ, ਦਿੱਲੀ ਨੂੰ ਦੇਣ ਲਈ ਕੇਂਦਰ ਪੱਬਾਂ ਭਾਰ ਹੈ। ਬਾਵਜੂਦ ਇਸਦੇ ਕਿ ਪੰਜਾਬ ਵਿਧਾਨ ਸਭਾ ‘ਚ ਸਾਰੀਆਂ ਪਾਰਟੀਆਂ ਅਤੇ ਮਤੇ ਪਾਸ ਕਰ ਚੁੱਕੀਆਂ ਹਨ।

ਪਰ ਉਸਦੀ ਸੁਣਦਾ ਕੋਈ ਨਹੀਂ। ਅਦਾਲਤਾਂ ‘ਚ ਪੰਜਾਬ ਧੱਕੇ ਖਾ ਰਿਹਾ ਹੈ, ਆਪਣਾ ਹੱਕ ਪ੍ਰਾਪਤ ਕਰਨ ਲਈ। ਇਸ ਕਿਸਮ ਦੀ  ਬੇਇਨਸਾਫੀ-ਦਰ-ਬੇਇਨਸਾਫ਼ੀ ਪੰਜਾਬ ਵਰ੍ਹਿਆਂ ਤੋਂ ਭੁਗਤ ਰਿਹਾ ਹੈ। ਰਾਜ ਭਾਵੇਂ ਉਪਰ ਕਾਂਗਰਸ ਦਾ ਰਿਹਾ ਜਾਂ ਫਿਰ ਹੁਣ ਵਾਲੀ ਭਾਜਪਾ ਦਾ, ਇਹਨਾ  ਲਈ ਤਾਂ ਪੰਜਾਬ ਦੁਪਰਿਆਰਾ ਰਿਹਾ! ਜੇਕਰ ਇੰਜ ਨਾ ਹੁੰਦਾ ਤਾਂ ਕਿਸਾਨ ਜਿਹਨਾ ਆਪਣੇ ਜ਼ਮੀਨ ‘ਤੋਂ  ਸਿਰਿਆਂ ਤੱਕ ਪਾਣੀ ਕੱਢਦੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਭਰ ਰਿਹਾ ਹੈ, ਉਹਨੂੰ ਸਾਲ ਭਰ ਤੋਂ ਵੱਧ ਸਮਾਂ ਆਪਣੀ ਜ਼ਮੀਨ ਬਚਾਉਣ ਲਈ ਵੱਡਾ ਸੰਘਰਸ਼ ਕਿਉਂ ਕਰਨਾ ਪੈਂਦਾ? ਹਰੇ ਇਨਕਲਾਬ ਨੇ ਪੰਜਾਬ ‘ਚ ਹਰਿਆਲੀ ਲਿਆਂਦੀ, ਪਰ ਇਹ ਹਰਿਆਲੀ ਦੇਸ਼ ਦੀ ਹਰਿਆਲੀ ਤਾਂ ਬਣੀ ਪਰ ਪੰਜਾਬ ਦੀ ਧਰਤੀ ਅਧਮੋਈ ਕਰ ਗਈ, ਸਰੀਰ ਨੂੰ ਲੱਗੇ ਨਸ਼ਿਆਂ ਵਾਂਗਰ ਧਰਤੀ ਖਾਦਾਂ, ਦਵਾਈਆਂ ‘ਤੇ ਲੱਗ ਗਈ ਅਤੇ ਅੱਜ ਪਾਣੀ ਦੀ ਥੁੜੋਂ ਕਾਰਨ ਮਾਰੂਥਲ ਹੋਣ ਵੱਲ ਵੱਧ ਰਹੀ ਹੈ। ਇੱਕ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਦੇ 136 ਬਲਾਕਾਂ ਵਿਚੋਂ 125 ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਹਰ ਸਾਲ ਪਹੁੰਚ ਤੋਂ ਬਾਹਰ ਹੋ ਰਿਹਾ  ਹੈ। ਇਹ ਵੱਡਾ ਜ਼ਖ਼ਮ ਆਖ਼ਿਰ ਪੰਜਾਬ ਸਹਿਣ ਕਿਵੇਂ ਕਰੇਗਾ? ਜਿਹੜਾ ਪਹਿਲਾਂ ਹੀ ਕਿਸਾਨਾਂ ਨੂੰ ਖੁਦਕੁਸ਼ੀਆਂ, ਕਰਜ਼ੇ ਵੱਲ ਅੱਗੇ ਵਧਾ ਰਿਹਾ ਹੈ ਅਤੇ ਖੇਤੀ ਛੱਡਣ ਲਈ ਮਜ਼ਬੂਰ ਕਰ ਰਿਹਾ ਹੈ।

ਪੰਜਾਬ ਦੀ ਉਪਜਾਊ ਧਰਤੀ ਦਾ ਸੀਨਾ ਪਾੜਕੇ ਜਿਵੇਂ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ  ਤੱਕ ਵੱਡੀਆਂ ਸੜਕਾਂ ਦਾ ਜਾਲ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਵਿਛਾਇਆ ਜਾ ਰਿਹਾ ਹੈ, ਉਸ ਨਾਲ ਕਾਰਪੋਰੇਟ ਤਾਂ ਬੁਲ੍ਹੇ ਲੁਟਣਗੇ, ਮਾਲ ਇਧਰ-ਉਧਰ ਲੈ ਜਾਣ ਕਰਨ ਲਈ, ਪਰ ਪੰਜਾਬੀਆਂ ਪੱਲੇ ਕੀ ਪਏਗਾ? ਉਜਾੜਾ? ਇੱਕ ਹੋਰ ਜ਼ਖ਼ਮ, ਉਸ ਧਰਤੀ ਨੂੰ ਖੋਹਣ ਦਾ ਜਿਸ ਨਾਲ ਉਸਨੂੰ ਅੰਤਾਂ ਦਾ ਪਿਆਰ ਹੈ, ਜਿਸਦੇ ਇੱਕ ਬੰਨੇ ਨੂੰ ਖੋਹਣ ਲਈ ਲੜਨ ਖ਼ਾਤਰ ਉਹ ਮਰਨ-ਮਾਰਨ ‘ਤੇ ਹੋ ਤੁਰਦਾ ਹੈ। ਬਣਦੀਆਂ ਸੜਕਾਂ ਦੇ ਇਸ ਜਾਲ ਨਾਲ ਪੰਜਾਬ ਇੱਕ ਰਿਪੋਰਟ ਅਨੁਸਾਰ ਲਗਭਗ ਇੱਕ ਤਿਹਾਈ ਉਪਜਾਊ ਧਰਤੀ ਗੁਆ ਬੈਠੇਗਾ। ਕਿਸਾਨ, ਖੇਤ ਮਜ਼ਦੂਰ ਜਿਹਨਾ ਲਗਾਤਾਰ ਉਜਾੜਾ ਵੇਖਿਆ, ਇਹ ਹੋਰ ਉਜਾੜਾ ਵੇਖ ਰਹੇ ਹਨ।

ਪੰਜਾਬ ਨੂੰ ਉਜਾੜਾ  ਤਾਂ ਉਦੋਂ ਵੀ ਵੇਖਣਾ ਪੈ ਰਿਹਾ ਹੈ, ਜਦੋਂ ਪੰਜਾਬ ‘ਚੋਂ ਬਰੇਨ ਡਰੇਨ ਅਤੇ ਮਨੀ (ਦਿਮਾਗ ਅਤੇ ਦੌਲਤ) ਡਰੇਨ (ਬਾਹਰ) ਹੋ ਰਹੀ ਹੈ। ਲੱਖਾਂ ਪੰਜਾਬੀ ਮੁੰਡੇ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਦੀ ਮਾਰ ਝਲਦਿਆਂ ਪੰਜਾਬੋਂ ਤੁਰ ਗਏ ਹਨ ਜਾਂ ਤੁਰੇ ਜਾ ਰਹੇ ਹਨ। ਹੈ ਕੋਈ ਉਹਨਾ ਦੇ ਦਰਦ  ਦਾ ਪਾਰਖੂ ? ਹੈ ਕੋਈ ਉਹਨਾ ਨੂੰ ਰੋਕਣ ਦੇ ਯਤਨ ਕਰਨ ਵਾਲਾ? ਸਿਆਸਤ ਹੋ ਰਹੀ ਹੈ। ਬੱਸ ਉਹਨਾ ਨੂੰ ਪੁਚਕਾਰਿਆ ਜਾ ਰਿਹਾ ਹੈ। ਪੰਜਾਬ ਤਪਸ਼ ਹੇਠ ਹੈ। ਨਸ਼ਿਆਂ ਦੇ ਦਰਿਆ ਨੇ ਜਵਾਨੀ ਖਾ ਲਈ, ਕੀ ਇਹ ਕੋਈ ਸਾਜ਼ਿਸ਼ ਨਹੀਂ? ਪੰਜਾਬੀ ਸੂਰਬੀਰਾਂ, ਯੋਧਿਆਂ, ਸੋਚਵਾਨਾਂ ਦੀ ਧਰਤੀ ਖਾਲੀ ਕਰਨ ਦੀ ਸਾਜ਼ਿਸ਼? ਕਿੰਨੇ ਕੁ ਜ਼ਖ਼ਮ ਸਹਿ ਸਕੇਗਾ ਪੰਜਾਬ? ਨਿੱਤ-ਦਿਹਾੜੇ ਮੁਹਿੰਮਾਂ ਹਨ। ਪੰਜਾਬ ਦੀ ਧਰਤੀ ਕੁਰਲਾ ਰਹੀ ਹੈ, ਪੰਜਾਬ ਦੀ ਧਰਤੀ ਹੁਣ ਗਾ ਨਹੀਂ ਰਹੀ।

ਉਹ ਰੰਗ ਜਿਹੜੇ ਪੰਜਾਬ ਦੇ ਨਿਵੇਕਲੇ ਹਨ। ਉਹ ਰੰਗ ਜਿਹਨਾ ਕਾਰਨ ਪੰਜਾਬ ਨਵੀਆਂ ਪੈਂੜਾ  ਪਾਉਂਦਾ ਰਿਹਾ ਹੈ। ਉਹ ਪੰਜਾਬ ਜਿਹੜਾ “ਜੀਊਂਦਾ ਗੁਰਾਂ ਦੇ ਨਾ ‘ਤੇ” ਉਹ ਕਿਧਰ ਤੋਰਿਆ ਜਾ ਰਿਹਾ ਹੈ। ਉਹਨਾ ਅਣ ਦਿਸਦੇ ਰਾਹਾਂ ‘ਤੇ ਜਿਥੋਂ ਮੋੜਾ ਕੋਈ ਨਹੀਂ। ਜਿਥੇ ਉਜਾੜਾ ਹੈ। ਜਿਥੇ ਰੋਣਕਾਂ ਨਹੀਂ, ਸਿਆਪਾ ਹੈ। ਪੰਜਾਬ ਦਾ ਕਿਹੜਾ ਪਿੰਡ ਰਹਿ ਗਿਆ, ਜਿਸਦੇ ਵਿੱਚ ਵੱਡੀ ਗਿਣਤੀ ਘਰਾਂ ਦੇ ਦਰਵਾਜੇ ਵੱਡੇ “ਤਾਲਿਆਂ” ਨਾਲ ਬੰਦ ਨਹੀਂ, ਜਿਥੇ ਖੂਹਾਂ ‘ਤੇ ਰੋਣਕਾਂ ਸਨ, ਸੱਥਾਂ ਬਜ਼ੁਰਗਾਂ ਨਾਲ ਭਰੀਆਂ ਸਨ, ਜਿਥੇ ਫ਼ੈਸਲੇ ਪਰਿਆਂ ‘ਚ ਹੁੰਦੇ ਸਨ, ਜਿਥੇ ਲੋਕ ਜੁੜਦੇ ਸਨ, ਦੁੱਖ-ਸੁੱਖ ਕਰਦੇ ਸਨ। ਹੁਣ ਤਾਂ ਪੰਜਾਬ ਦੀ ਨੀਂਹ, ਪੰਜਾਬ ਦਾ ਪਿੰਡ ਹੀ ਮਨਫ਼ੀ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਜ਼ਖ਼ਮਾਂ ਦੀ ਬਾਤ ਪ੍ਰਦੇਸ਼ ਵਸਦੇ ਪੁੱਤਰ, ਧੀਆਂ ਦਾ ਮਾਂ-ਬਾਪ ਖੁਸ਼ੀਆਂ ਦੇ ਉਜੜੇ ਘਰ ਤੋਂ ਪਾਉਂਦਾ ਹੈ। ਪੱਗ ਦੇ ਲੜ ਨਾਲ ਅੱਖਾਂ ਪੂੰਝ ਪਿਓ ਡੁਸਕਦਾ ਹੈ, ਮਾਂ ਰੋ-ਰੋ ਅੱਖਾਂ ਚੁੰਨੀਆਂ  ਕਰਦੀ ਹੈ। ਪ੍ਰਦੇਸ਼ ਗਏ ਪੁੱਤ, ਧੀ ਦਾ ਦਰਦ ਵੀ ਪੰਜਾਬ ਲਈ ਵੱਡਾ ਹੈ, ਤੇ ਸਰਹੱਦ ਗਏ ਪੁੱਤਾਂ ਦਾ ਵੀ। ਪੰਜਾਬ ਲਈ  ’47 ਦੇ ਉਜਾੜੇ ਦਾ ਦਰਦ ਵੀ ਓਡਾ ਹੀ ਹੈ, ਜਿੱਡਾ  ’84 ਦਾ, ’65, ’71, ’99, ’25 ਦੀ ਜੰਗ ਦਾ। ਜਦੋਂ ਉਸਦੇ ਜਾਇਆਂ ਦਾ ਦਰਦ ਉਛਲਦਾ ਹੈ। ਉਹਦਾ ਖ਼ੂਨ ਖੌਲਦਾ  ਹੈ। ਉਬਾਲੇ ਮਾਰਦਾ ਹੈ। ਪਰ ਉਹਦੀਆਂ ਰਗਾਂ ‘ਚ ਭਰਿਆ ਜਾ ਰਿਹਾ  ਜ਼ਹਿਰ, ਉਹਦੇ ਖੋਹੇ ਜਾ ਰਹੇ ਹੱਕ , ਕਲੇਜਾ ਧੂ ਲੈਂਦੇ ਹਨ, ਉਹ ਜੀਊਂਦਾ ਵੀ ਮਰਿਆ-ਮਰਿਆ ਮਹਿਸੂਸਦਾ ਹੈ।

ਹੈ ਕੋਈ ਦਵਾਈ ਦੀ ਖ਼ੁਰਾਕ, ਜੋ ਉਸਦੇ ਪਿੰਡੇ ਦੇ ਦਰਦ ਨੂੰ ਹਟਾ, ਘਟਾ ਸਕੇ, ਉਹਦੀਆਂ ਚੀਸਾਂ ਦਾ  ਨਿਵਾਰਨ ਕਰ ਸਕੇ। “ਮਿੱਠੀਆਂ ਗੋਲੀਆਂ” ਦੇਣ ਵਾਲੇ ਸਿਆਸਤਦਾਨ ਆਖ਼ਰ ਉਹਦੇ ਜ਼ਖ਼ਮਾਂ ਦੀ ਸਾਰ ਕਿਉਂ ਨਹੀਂ ਲੈਂਦੇ? ਰਿਸਦੇ ਜ਼ਖ਼ਮਾਂ ‘ਤੇ  “ਫੂਕਾਂ” ਕਿਉਂ ਨਹੀਂ ਮਾਰਦੇ? ਕਿਉਂ ਕਦੇ ਚੁੱਪ ਕਰਕੇ ਅਤੇ ਕਦੇ ਵੱਡੀਆਂ ਟਾਹਰਾਂ ਮਾਰਕੇ ਆਪਣੀ ਕੁਰਸੀ ਦੀਆਂ ਚਾਰੇ  ਟੰਗਾਂ ਬਚਾਉਣ ਦੇ ਆਹਰ ‘ਚ ਲੱਗੇ ਹੋਏ ਹਨ।

ਐ ਪੰਜਾਬ। ਉੱਠ! ਸਮਝ!  ਹੰਭਲਾ ਮਾਰ! ਜ਼ਖ਼ਮ ਤੇਰੇ ਲਈ ਨਵੇਂ ਨਹੀਂ! ਤੂੰ ਸਭ ਕੁਝ ਸਹਿੰਦਾ, ਲੜਦਾ, ਮੁੜ ਨਵਾਂ ਨਰੋਆ ਰੰਗਲਾ ਪੰਜਾਬ  ਬਣਦਾ  ਰਿਹਾ ਹੈਂ।

ਐ ਪੰਜਾਬ ! ਕਰਾਂ ਕੀ ਸਿਫ਼ਤ ਤੇਰੀ, ਤੇਰੇ ਜਿਹਾ ਕੋਈ ਹੋਰ ਨਾ! ਵੱਢਿਆ-ਟੁੱਕਿਆ ਤੂੰ ਮੁੜ ਸੁਰਜੀਤ ਹੁੰਦਾ ਰਿਹੈਂ! ਹੁਣ ਵੀ ਹੋਵੇਂਗਾ।

“ਤੂੰ ਉੱਠ ਜਗਾ ਦੇ ਮੋਮਬੱਤੀਆਂ,

ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ,

ਕੁਪੱਤੀਆਂ

ਉੱਠ ਜਗਾ ਦੇ ਮੋਮਬੱਤੀਆਂ।”   – (ਸੁਰਜੀਤ ਪਾਤਰ)

-ਗੁਰਮੀਤ ਸਿੰਘ ਪਲਾਹੀ

-9815802070

ਸਾਂਝਾ ਕਰੋ

ਪੜ੍ਹੋ

ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 130.07 ਲੱਖ

— ਹਾੜੀ ਸੀਜਨ 2025-26 ਦੌਰਾਨ ਸਰਕਾਰੀ ਏਜੰਸੀਆਂ ਵੱਲੋਂ 119.23 ਲੱਖ...