ਸੁਆਲ ਕਰਨਾ
ਬੁਨਿਆਦ ਹੈ
ਲੋਕਤੰਤਰ ਦੀ
ਤੇ
ਲੋਕਤੰਤਰਿਕ
ਹੱਕ ਵੀ
ਪਰ
ਸੁਆਲ ਇਹ ਹੈ
ਕਿ
ਸੁਆਲ ਕਿਸ ਤੋਂ
ਕਿਹੜਾ ਸੁਆਲ
ਸੁਆਲ ਕਿਉਂ
ਸੁਆਲ ਕਦੋਂ
ਸੁਆਲ ਕਿੱਥੇ
ਇੰਨੇ ਸਾਰੇ
ਸੁਆਲਾਂ ਤੋਂ ਬਾਅਦ
ਸੁਆਲ ਕਰਨ ਵਾਲੇ ਦੀ
ਔਕਾਤ
ਹੈਸੀਅਤ
ਧਰਮ
ਜਾਤ
ਅਹੁਦਾ
ਲਿੰਗ
ਰਾਜ
ਵਿਚਾਰ
ਇਨ੍ਹਾਂ ਨਾਲ
ਨਿਪਟਣ ਤੋਂ ਬਾਅਦ
ਤੁਸੀਂ
ਆਜ਼ਾਦ ਹੋ ਪੂਰੀ ਤਰ੍ਹਾਂ
ਸੁਆਲ ਕਰਨ ਲਈ
ਲੋਕਤੰਤਰਿਕ ਰਾਜ ‘ਚ
ਫਿਰ ਤੋਂ ਕਿੰਤੂ
ਤੁਹਾਡਾ ਸੁਆਲ
ਪਹੁੰਚ ਜਾਵੇ
ਜਵਾਬ ਦੇਣ ਵਾਲੇ ਤੱਕ
ਇਹ ਕੋਈ ਜ਼ਰੂਰੀ ਨਹੀਂ
ਜਵਾਬ ਦਿੱਤਾ ਜਾਵੇ
ਉਸੇ ਸੁਆਲ ਦਾ
ਜਵਾਬ ਦਿੱਤਾ ਜਾਵੇ
ਉਹੋ ਹੀ
ਜੋ ਬਣਦਾ ਹੈ
ਬਿਲਕੁਲ ਜ਼ਰੂਰੀ ਨਹੀਂ
ਹੋ ਸਕਦਾ ਹੈ
ਤੁਹਾਡਾ ਸੁਆਲ
ਜੋ ਖ਼ਿਲਾਫ਼ ਹੈ
ਸੱਤਾ ਦੇ
ਮੰਨ ਲਿਆ ਜਾਵੇ
ਖ਼ਿਲਾਫ਼ ਮੁਲਕ ਦੇ
ਹੋ ਸਕਦਾ ਹੈ
ਕਿ ਤੁਹਾਡਾ ਸੁਆਲ
ਵਿਅਕਤੀ ਨਾਲ ਹੋਵੇ
ਪਰ
ਮੰਨ ਲਿਆ ਜਾਵੇ
ਰਾਜ-ਪ੍ਰਬੰਧ ਨਾਲ
ਹੋਣ ਨੂੰ ਤਾਂ
ਕੁਸ਼ ਵੀ ਹੋ ਸਕਦਾ ਹੈ
ਪਰ
ਇੰਨਾ ਤਾਂ ਸੱਚ ਹੈ
ਕਿ ਚੰਗੇ ਸੁਆਲ
ਅਤੇ ਚੰਗੇ ਸੁਆਲ
ਕਰਨ ਵਾਲੇ ਹੀ
ਹੁੰਦੇ ਨੇ
ਚੰਗੇ ਲੋਕਤੰਤਰ ਦੀ
ਪਹਿਚਾਨ
ਬੱਸ
ਚੰਗੀ ਤਰ੍ਹਾਂ
ਸਮਝ ਲੈਣੀ ਚਾਹੀਦੀ ਹੈ
ਚੰਗੇ ਦੀ ਪ੍ਰੀਭਾਸ਼ਾ
ਤੇ ਇਹ
ਨਹੀਂ ਭੁੱਲਣਾ ਚਾਹੀਦਾ
ਕਿ
ਲੋਕਤੰਤਰ ਪ੍ਰਬੰਧ ‘ਚ
ਛਿਪਿਆ ਹੋਇਆ
ਇੱਕ ਤੰਤਰ ਵੀ ਹੁੰਦਾ ਹੈ
ਤੇ ਭਾਰਤ ਵਰਗੇ ਦੇਸ਼ ‘ਚ
ਥੋੜ੍ਹਾ-ਬਹੁਤਾ ਤਾਂ
ਸਾਰੇ ਜਾਣਦੇ ਹੀ ਨੇ
ਤੰਤਰ ਬਾਰੇ
#ਹੂਬ ਨਾਥ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)