
ਬਰਨਾਲਾ, 3 ਮਈ – ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀਆਂ ਦਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਅੜੀਆਂ ਹੋਈਆਂ ਹਨ। ਉਥੇ ਅੱਜ ਬਰਨਾਲਾ ਵਿਖੇ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੇ ਮੁੜ ਪਾਣੀਆਂ ਉਪਰ ਪੰਜਾਬ ਦਾ ਹੱਕ ਹੋਣ ਦੀ ਗੱਲ ਆਖੀ ਹੈ। ਇਸ ਸਬੰਧੀ ਕੈਬਨਿਟ ਮੰਤਰੀ ਡਾ.ਬਲਵੀਰ ਸਿੰਘ ਨੇ ਕਿਹਾ ਕਿ ਪਾਣੀ ਦੇ ਮੁੱਦੇ ’ਤੇ ਦੋ ਗੱਲਾਂ ਬਹੁਤ ਕਲੀਅਰ ਹਨ।
ਪੰਜਾਬ ਉਹ ਦਿਆਨਤਦਾਰੀ ’ਚ ਵਿਸ਼ਵਾਸ਼ ਰੱਖਦਾ ਹੈ। ਗੁਰੂਆਂ ਪੀਰਾਂ ਦੀ ਸਿੱਖਿਆ ਤਹਿਤ ਵੰਡ ਕੇ ਛਕਣ ਦੀ ਸਾਡੀ ਨੀਤੀ ਹੈ ਅਤੇ ਅਸੀਂ ਭਾਈ ਘਨੱਈਆ ਜੀ ਦੇ ਵਾਰਸ ਹਾਂ। ਅਸੀਂ ਹਰਿਆਣਾ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਦੇ ਦਿੱਤਾ ਹੈ। ਹੁਣ ਜਿਹੜਾ ਸਾਡੇ ਹਿੱਸੇ ਦਾ ਪਾਣੀ ਬਚਿਆ ਹੈ, ਉਹਦੇ ’ਚੋਂ ਧੱਕੇ ਨਾਲ ਪਾਣੀ ਲਿਜਾਣਾ ਚਾਹੁੰਦੇ ਹਨ ਜੋ ਅਸੀਂ ਦੇਣਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਸੇ ਦੇ ਵਿੱਚੋਂ ਪਾਣੀ ਨਹੀਂ ਦੇਵੇਗੀ। ਫਿਰ ਵੀ ਅਸੀਂ ਹਰਿਆਣਾ ਨੂੰ ਪੀਣ ਲਈ ਪਾਣੀ ਦੇ ਦਿੱਤਾ ਹੈ। ਸਾਡੇ ਆਪਣੇ ਪੰਜਾਬ ਦਾ ਪਾਣੀ ਖ਼ਤਮ ਹੋ ਰਿਹਾ ਹੈ ਅਤੇ ਪੰਜਾਬ ਮਾਰੂਥਲ ਬਣ ਰਿਹਾ ਹੈ। ਲੇਕਿਨ ਕੇਂਦਰੀ ਬੀਜੇਪੀ ਸਰਕਾਰ ਦੀ ਸ਼ਹਿ ’ਤੇ ਭਾਖੜਾ ਬਿਆਸ ਮੈਨਜਮੈਂਟ ਵਿੱਚੋਂ ਅਧਿਕਾਰੀ ਬਦਲ ਕੇ ਧੱਕੇ ਨਾਲ ਸਾਡੇ ਹਿੱਸੇ ਦਾ ਪਾਣੀ ਲਿਜਾਣਾ ਚਾਹੁੰਦੇ ਹਨ। ਜੋ ਪੰਜਾਬ ਸਰਕਾਰ ਨਹੀਂ ਜਾਣ ਦੇਵੇਗੀ।
ਪੰਜਾਬ ਸਰਕਾਰ ਇਹ ਧੱਕਾ ਬਰਦਾਸ਼ਤ ਨਹੀਂ ਕਰੇਗੀ
ਉਹਨਾਂ ਕਿਹਾ ਕਿ ਹਰਿਆਣੇ ਦਾ ਮੁੱਖ ਮੰਤਰੀ ਅਤੇ ਰਾਜਸਥਾਨ ਸਾਬਕਾ ਮੁੱਖ ਮੰਤਰੀ, ਜੋ ਮੌਜੂਦਾ ਕੇਦਰੀ ਬਿਜਲੀ ਮੰਤਰੀ ਹੈ, ਉਹਨਾਂ ਵਲੋਂ ਬੀਬੀਐਮਬੀ ਵਿੱਚ ਆਪਣੀ ਮਜੋਰਟੀ ਦਿਖਾ ਕੇ ਪਾਣੀ ਲਿਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਬਹੁਤ ਗਲਤ ਹੈ। ਇਸ ਤਰ੍ਹਾਂ ਤਾਂ ਉਹ ਕੱਲ ਨੂੰ ਬੀਬੀਐਮਬੀ ਵਿੱਚ ਪੰਜਾਬ ਦਾ ਹਿੱਸਾ 60% ਤੋਂ ਘਟਾ ਕੇ 50% ਜਾਂ 40% ਕਰ ਸਕਦੇ ਹਨ ਪਰ ਪੰਜਾਬ ਸਰਕਾਰ ਇਹ ਧੱਕਾ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਹੜ੍ਹ ਕਾਰਨ ਪੰਜਾਬ ਦੇ ਵਿੱਚ ਬਰਬਾਦੀ ਹੋਈ। ਉਸ ਵੇਲੇ ਹਰਿਅਣਾ ਅਤੇ ਰਾਜਸਥਾਨ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਖਨੌਰੀ ਬਾਰਡਰ ’ਤੇ ਪੁਲਿਸ ਤਾਇਨਾਤ ਕਰ ਦਿੱਤੀ ਸੀ। ਜੇਕਰ ਪਾਣੀ ਬਰਾਬਰ ਲੈਣਾ ਹੈ ਤਾਂ ਹੜ੍ਹ ਵੀ ਬਰਾਬਰ ਹੀ ਝੱਲਣੇ ਪੈਣਗੇ ।