
ਸਾਊਦੀ ਅਰਬ, 7 ਅਪ੍ਰੈਲ – ਸਾਊਦੀ ਅਰਬ ਨੇ ਹੱਜ ਯਾਤਰਾ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਸਾਊਦੀ ਅਰਬ ਨੇ 14 ਦੇਸ਼ਾਂ ਦੇ ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਹੁਣ ਹੱਜ ਅਤੇ ਉਮਰਾਹ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਵੀਜ਼ਾ ਮੁਅੱਤਲੀ ਵਿੱਚ ਹੱਜ ਅਤੇ ਉਮਰਾਹ ਵੀਜ਼ੇ ਦੇ ਨਾਲ-ਨਾਲ ਕਾਰੋਬਾਰੀ ਅਤੇ ਪਰਿਵਾਰਕ ਯਾਤਰਾਵਾਂ ਲਈ ਵੀਜ਼ਾ ਸ਼ਾਮਲ ਹਨ। ਇਹ ਪਾਬੰਦੀ ਜੂਨ ਦੇ ਅੱਧ ਤੱਕ ਲਾਗੂ ਰਹੇਗੀ, ਕਿਉਂਕਿ ਹੱਜ ਯਾਤਰਾ ਜੂਨ ਮਹੀਨੇ ਵਿੱਚ ਖ਼ਤਮ ਹੁੰਦੀ ਹੈ।
ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਸਮੇਤ 14 ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ 14 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਇਰਾਕ, ਨਾਈਜੀਰੀਆ, ਜਾਰਡਨ, ਅਲਜੀਰੀਆ, ਸੂਡਾਨ, ਇਥੋਪੀਆ, ਟਿਊਨੀਸ਼ੀਆ, ਯਮਨ ਅਤੇ ਇਕ ਹੋਰ ਦੇਸ਼ ‘ਤੇ ਵੀਜ਼ਾ ਪਾਬੰਦੀ ਲਗਾਈ ਗਈ ਹੈ। ਸਾਊਦੀ ਅਧਿਕਾਰੀਆਂ ਨੇ ਵੀਜ਼ਾ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲੈਣ ਦਾ ਕਾਰਨ ਹੱਜ ਯਾਤਰਾ ਦੌਰਾਨ ਸੁਰੱਖਿਆ ਨੂੰ ਦੱਸਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਵਿਦੇਸ਼ੀ ਨਾਗਰਿਕ ਹੱਜ, ਉਮਰਾਹ ਅਤੇ ਕਾਰੋਬਾਰੀ-ਪਰਿਵਾਰਕ ਯਾਤਰਾਵਾਂ ਦੇ ਬਹਾਨੇ ਦੇਸ਼ ‘ਚ ਦਾਖ਼ਲ ਹੋ ਰਹੇ ਹਨ। ਇਸ ਤੋਂ ਬਾਅਦ ਉਹ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਲੰਮਾ ਸਮਾਂ ਬਿਤਾ ਰਹੇ ਹਨ, ਜਦਕਿ ਵੀਜ਼ਾ ਸੀਮਤ ਸਮੇਂ ਲਈ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਊਦੀ ਅਰਬ ਨੇ ਵੀਜ਼ਾ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹੱਜ ਯਾਤਰਾ ਲਈ ਵੀਜ਼ਾ ਨੂੰ ਲੈ ਕੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਹਨ। ਇਸ ਤਹਿਤ ਵਿਦੇਸ਼ੀ ਸਿਰਫ਼ 13 ਅਪ੍ਰੈਲ ਤੱਕ ਹੱਜ ਯਾਤਰਾ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਜੇਕਰ ਇਨ੍ਹਾਂ ਦਿਨਾਂ ਦੇ ਅੰਦਰ ਵੀਜ਼ਾ ਅਪਲਾਈ ਨਹੀਂ ਕੀਤਾ ਗਿਆ ਤਾਂ ਹੱਜ ਦੀ ਸਮਾਪਤੀ ਤੱਕ ਕੋਈ ਨਵਾਂ ਹੱਜ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।