
ਨਵੀਂ ਦਿੱਲੀ, 13 ਮਾਰਚ – ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਚੈਂਪੀਅਨਜ਼ ਟਰਾਫੀ ਜਿੱਤਣ ਦੀ ਖੁਸ਼ੀ ਸਾਰੇ ਦੇਸ਼ ਵਿਚ ਮਨਾਈ ਜਾ ਰਹੀ ਹੈ, ਪਰ ਅੱਜ 13 ਮਾਰਚ ਦਾ ਦਿਨ ਫੈਨਜ਼ ਲਈ ਇਕ ਅਜਿਹਾ ਦਿਨ ਹੈ ਜਿਸ ਨੂੰ ਉਹ ਯਾਦ ਨਹੀਂ ਕਰਨਾ ਚਾਹੁੰਦੇ। ਅੱਜ ਤੋਂ 29 ਸਾਲ ਪਹਿਲਾਂ 13 ਮਾਰਚ 1996 ਨੂੰ ਭਾਰਤੀ ਕ੍ਰਿਕਟ ਇਤਿਹਾਸ ਦਾ ਇਕ ਕਾਲਾ ਦਿਨ ਮੰਨਿਆ ਜਾਂਦਾ ਸੀ। ਇਸ ਦਿਨ ਭਾਰਤ ਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਕਾਰ ਵਰਲਡ ਕੱਪ ਦਾ ਸੈਮੀਫਾਈਨਲ ਮੈਚ ਖੇਡਿਆ ਗਿਆ ਸੀ, ਜੋ ਕਿ ਭਾਰਤੀ ਫੈਨਜ਼ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ। ਭਾਰਤ ਨੂੰ ਮੈਚ ਵਿੱਚ ਹਾਰਦਾ ਦੇਖ ਕੇ ਫੈਨਜ਼ ਬੇਕਾਬੂ ਹੋ ਗਏ ਸਨ ਤੇ ਗੁੱਸੇ ਵਿਚ ਉਨ੍ਹਾਂ ਨੇ ਮੈਦਾਨ ‘ਤੇ ਬੋਤਲਾਂ ਸੁੱਟੀਆਂ ਤੇ ਅੱਗ ਲਗਾ ਦਿੱਤੀ। ਆਓ ਉਸ ਮੈਚ ਦੀ ਪੂਰੀ ਕਹਾਣੀ ਜਾਣਦੇ ਹਾਂ।
ਜਦੋਂ ਭਾਰਤੀ ਕ੍ਰਿਕਟਰਾਂ ਦੇ ਨਿਕਲੇ ਹੰਝੂ, ਗੁੱਸੇ ਫੈਨਜ਼ ਨੇ ਲਾਈ ਸਟੇਡੀਅਮ ‘ਚ ਅੱਗ
ਅਸਲ ਵਿੱਚ ਭਾਰਤ ਤੇ ਸ੍ਰੀਲੰਕਾ ਵਿਚਕਾਰ 13 ਮਾਰਚ 1996 ਨੂੰ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਸ੍ਰੀਲੰਕਾਈ ਟੀਮ ਨੇ ਪਹਿਲਾਂ ਬੈਟਿੰਗ ਕਰਦਿਆਂ 50 ਓਵਰਾਂ ਵਿੱਚ 8 ਵਿਕਟਾਂ ‘ਤੇ 251 ਦੌੜਾਂ ਬਣਾਇਆਂ ਸਨ। ਦੌੜਾਂ ਦਾ ਪਿੱਛਾ ਕਰਨ ਲਈ ਉਤਰੀ ਭਾਰਤੀ ਟੀਮ ਨੇ ਪਹਿਲਾ 0ਵਿਕਟ 8 ਦੌੜਾਂ ‘ਤੇ ਗੁਆ ਲਿਆ, ਜਦਕਿ ਦੂਜਾ ਵਿਕਟ ਸਚਿਨ ਤੇਂਦੁਲਕਰ ਦੇ ਰੂਪ ਵਿੱਚ 98 ਰਨਾਂ ‘ਤੇ ਡਿੱਗਿਆ। ਇਸ ਤੋਂ ਬਾਅਦ ਵਿਕਟਾਂ ਦਾ ਡਿੱਗਣ ਦਾ ਸਿਲਸਿਲਾ ਸ਼ੁਰੂ ਹੋਇਆ ਤੇ 120 ਦੌੜਾਂ ‘ਤੇ ਟੀਮ ਨੇ 8 ਵਿਕਟਾਂ ਗੁਆ ਦਿੱਤੀਆਂ।
ਭਾਰਤ ਨੂੰ ਮੈਚ ਹਾਰਦਾ ਦੇਖ ਕੇ ਭਾਰਤੀ ਫੈਨਜ਼ ਨੇ ਗੁੱਸੇ ਵਿੱਚ ਆਪਣਾ ਆਪਾ ਖੋ ਦਿੱਤਾ ਤੇ ਸਟੇਡੀਅਮ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਖੇਡਿਆ ਜਾ ਰਿਹਾ ਸੀ। ਫੈਨਜ਼ ਨੇ ਮੈਦਾਨ ‘ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸਟੇਡੀਅਮ ਦੀਆਂ ਕੁਰਸੀਆਂ ਨੂੰ ਅੱਗ ਲਗਾ ਦਿੱਤੀ। ਇਨ੍ਹਾਂ ਸਭ ਕਾਰਨਾਂ ਕਰਕੇ ਭਾਰਤੀ ਟੀਮ ਸਿਰਫ 34.1 ਓਵਰ ਹੀ ਖੇਡ ਸਕੀ ਸੀ ਕਿ ਮੈਚ ਦੇ ਹੰਗਾਮੇ ਦੇ ਚਲਦੇ ਮੈਚ ਨੂੰ ਰੋਕਣਾ ਪਿਆ। ਜਦ ਮੈਚ ਰੋਕਿਆ ਗਿਆ, ਉਸ ਸਮੇਂ ਵਿਨੋਦ ਕਾਂਬਲੀ 10 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਸਨ। ਕਾਂਬਲੀ ਮੈਦਾਨ ਤੋਂ ਬਾਹਰ ਆ ਰਿਹਾ ਸੀ ਤਾਂ ਉਹ ਰੋ ਰਿਹਾ ਸੀ। ਇਹ ਤਸਵੀਰ ਟੀਵੀ ਤੋਂ ਅਖਬਾਰਾਂ ਤੱਕ ਅਗਲੇ ਦਿਨ ਛਾਈ ਰਹੀ ਸੀ।ਇਸੇ ਦੌਰਾਨ ਮੈਚ ਰੁਕਣ ਤੇ ਭਾਰਤੀ ਫੈਨਜ਼ ਦੀ ਇਸ ਹਰਕਤ ਦੇ ਬਾਅਦ ਰੈਫਰੀ ਕਲਾਈਵ ਲਾਇਡ ਨੇ ਮੈਚ ਵਿੱਚ ਸ੍ਰੀਲੰਕਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ। ਇਸ ਤਰ੍ਹਾਂ ਟੀਮ ਇੰਡੀਆ ਨੇ ਸ੍ਰੀਲੰਕਾ ਖ਼ਿਲਾਫ਼ 1996 ਵਰਲਡ ਕੱਪ ਦਾ ਸੈਮੀਫਾਈਨਲ ਮੈਚ ਗੁਆ ਦਿੱਤਾ ਸੀ।