
ਅਮਰੀਕਾ, 13 ਮਾਰਚ – ਸੰਯੁਕਤ ਰਾਜ ਅਮਰੀਕਾ ਨੇ ਕਿਊਬਾ ਦੇ ਗਵਾਂਤਾਨਾਮੋ ਬੇ ਵਿਖੇ ਆਪਣੇ ਜਲ ਸੈਨਾ ਦੇ ਬੇਸ ’ਤੇ ਰੱਖੇ ਪ੍ਰਵਾਸੀਆਂ ਦੇ ਆਖ਼ਰੀ ਸਮੂਹ ਨੂੰ ਬਾਹਰ ਕੱਢ ਲਿਆ ਹੈ, ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਉਡੀਕ ਕਰਨ ਲਈ ਅਮਰੀਕਾ ਦੀ ਮੁੱਖ ਭੂਮੀ ’ਤੇ ਵਾਪਸ ਭੇਜ ਦਿਤਾ ਹੈ। ਦੋ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਬੁਧਵਾਰ ਨੂੰ ਵੀਓਏ ਨੂੰ ਦੱਸਿਆ ਕਿ ਬੇਸ ਦੇ ਨਜ਼ਰਬੰਦੀ ਕੇਂਦਰ ਵਿੱਚ ਰੱਖੇ ਗਏ 23 ‘ਉੱਚ-ਜੋਖ਼ਮ’ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀ’ ਸਮੇਤ 40 ਨਜ਼ਰਬੰਦਾਂ ਨੂੰ ਮੰਗਲਵਾਰ ਨੂੰ ਲੁਈਸਿਆਨਾ ਭੇਜਿਆ ਗਿਆ।
ਅਧਿਕਾਰੀਆਂ ਨੇ ਅਪਰੇਸ਼ਨ ਬਾਰੇ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਕਿਹਾ ਕਿ ਨਜ਼ਰਬੰਦਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਗ਼ੈਰ-ਫ਼ੌਜੀ ਜਹਾਜ਼ ’ਤੇ ਲਿਜਾਇਆ ਗਿਆ ਸੀ। ਨਾ ਤਾਂ ਆਈਸੀਈ ਅਤੇ ਨਾ ਹੀ ਇਸਦੀ ਮੂਲ ਏਜੰਸੀ, ਹੋਮਲੈਂਡ ਸਕਿਓਰਿਟੀ ਵਿਭਾਗ ਨੇ ਇਸ ’ਤੇ ਕੋਈ ਟਿੱਪਣੀ ਕੀਤੀ। ਪਿਛਲੇ ਹਫ਼ਤੇ, ਗਵਾਂਤਾਨਾਮੋ ਵਿਖੇ ਨਜ਼ਰਬੰਦਾਂ ਬਾਰੇ ਅਪਡੇਟ ਕੀਤੀ ਜਾਣਕਾਰੀ ਦੀ ਬੇਨਤੀ ਦੇ ਜਵਾਬ ਵਿੱਚ, ਇੱਕ ਆਈਸੀਈ ਦੇ ਬੁਲਾਰੇ ਨੇ ‘ਬਕਾਇਆ ਮੁਕੱਦਮੇ ਕਾਰਨ’ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਅਮਰੀਕੀ ਦੇਸ਼ ਨਿਕਾਲੇ ਦੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਈਸੀਈ ਅਤੇ ਡੀਐਚਐਸ ਨੇ ਬੰਦੀਆਂ ਦੀ ਪਹਿਚਾਣ, ਉਨ੍ਹਾਂ ਦੇ ਮੂਲ ਦੇਸ਼ ਜਾਂ ਉਨ੍ਹਾਂ ’ਤੇ ਲਗਾਏ ਗਏ ਅਪਰਾਧਾਂ ਬਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਵਾਰ ਵਾਰ ਇਨਕਾਰ ਕਰ ਦਿਤਾ ਹੈ।