ਵਾਤਾਵਰਨ ਅਤੇ ਪੰਜਾਬ ਦਾ ਖੇਤੀ ਸੰਕਟ/ਡਾ. ਰਣਜੀਤ ਸਿੰਘ ਘੁੰਮਣ

ਵਾਤਾਵਰਨ ਅਤੇ ਖੇਤੀ ਦੇ ਆਪਸੀ ਸਬੰਧ ਦੀ ਤਾਜ਼ਾ ਮਿਸਾਲ ਮਾਰਚ 2022 ਵਿਚ ਪਈ ਅਸਾਧਾਰਨ ਗਰਮੀ ਕਾਰਨ ਕਣਕ ਦੇ ਝਾੜ ਵਿਚ 20-25% ਦੀ ਆਈ ਕਮੀ ਹੈ। ਇਹ ਵਾਤਾਵਰਨ ਵਿਚ ਅਚਾਨਕ ਆਈ ਤਬਦੀਲੀ ਦਾ ਸਿੱਟਾ ਸੀ ਪਰ ਵਾਤਾਵਰਨ ਅਤੇ ਪੰਜਾਬ ਦੇ ਖੇਤੀ ਸੰਕਟ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਖੇਤੀ ਅਤੇ ਵਾਤਾਵਰਨ ਵਿਚਲੇ ਆਪਸੀ ਸਬੰਧਾਂ ਬਾਰੇ ਜਾਨਣਾ ਵਾਜਿਬ ਹੋਵੇਗਾ। ਇਨ੍ਹਾਂ ਵਿਚਾਲੇ ਕਾਰਨਵਾਚੀ (casual) ਸਬੰਧ ਕੀ ਹੈ? ਅੱਜ ਕੱਲ੍ਹ ਵਾਤਾਵਰਨ ਪ੍ਰਦੂਸ਼ਤ ਹੋਣ ਦੀ ਗੱਲ ਆਮ ਹੀ ਸੁਣਨ, ਦੇਖਣ ਅਤੇ ਪੜ੍ਹਨ ਨੂੰ ਮਿਲਦੀ ਹੈ ਪਰ ਇਹ ਵੀ ਸਚਾਈ ਹੈ ਕਿ ਵਾਤਾਵਰਨ ਬਾਰੇ ਪੁਖਤਾ ਸਮਝ ਅਤੇ ਸੰਵੇਦਨਸ਼ੀਲਤਾ ਘੱਟ ਹੀ ਨਜ਼ਰ ਆਉਂਦੀ ਹੈ। ਆਲੇ-ਦੁਆਲੇ ਵਿਚਰਦੇ ਲੋਕਾਂ ਦੇ ਜਨਤਕ ਥਾਵਾਂ ਉਪਰ ਕੂੜਾ ਕਰਕਟ ਖਿਲਾਰਨ ਵਾਲਾ ਰਵੱਈਆ ਆਮ ਹੀ ਦੇਖ ਸਕਦੇ ਹੋ। ਅਜਿਹੇ ਵਤੀਰੇ ਤੋਂ ਸਪਸ਼ਟ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਬਾਰੇ ਚਿੰਤਤ ਤਾਂ ਹਾਂ, ਗੱਲਾਂ ਵੀ ਕਰਦੇ ਹਾਂ ਪਰ ਕਹਿਣੀ ਤੇ ਕਥਨੀ ਵਿਚ ਅਜੇ ਬਹੁਤ ਅੰਤਰ ਹੈ। ਗਲੀਆਂ, ਨਾਲੀਆਂ ਅਤੇ ਮੀਂਹ ਦੇ ਪਾਣੀ ਲਈ ਰੱਖੇ ਨਿਕਾਸ ਵੀ ਪਲਾਸਟਿਕ ਅਤੇ ਅਜਿਹੀਆਂ ਵਸਤਾਂ ਨਾਲ ਭਰੇ ਰਹਿੰਦੇ ਹਨ।

ਅਜਿਹਾ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਦੀ ਘਾਟ ਕਾਰਨ ਹੋ ਰਿਹਾ ਹੈ। ਸਰਕਾਰੀ ਤੰਤਰ ਵੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ। ਫਰਾਂਸੀਸੀ ਭਾਸ਼ਾ ਦੇ ਸ਼ਬਦ environ ਤੋਂ ਭਾਵ ਹੈ ਆਲਾ-ਦੁਆਲਾ ਜਾਂ ਚੌਗਿਰਦਾ ਜੋ ਸਭ ਕੁਝ ਨੂੰ ਆਪਣੇ ਅੰਦਰ ਸਮੋਅ ਲੈਂਦਾ ਹੈ। ਬਾਹਰੀ ਹਾਲਾਤ ਅਤੇ ਵਰਤਾਰੇ ਦਾ ਅਜਿਹਾ ਸੁਮੇਲ ਜੋ ਮਨੁੱਖੀ ਜੀਵਨ, ਜੀਵ ਜੰਤੂਆਂ, ਪੌਦਿਆਂ ਅਤੇ ਸਮੁੱਚੀ ਬਨਸਪਤੀ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਨ ਤੋਂ ਭਾਵ ਵਾਯੂਮੰਡਲ ਅਤੇ ਪੌਣ-ਪਾਣੀ ਤੋਂ ਵੀ ਲਿਆ ਜਾ ਸਕਦਾ ਹੈ। ਅੰਰਗੇਜ਼ੀ ਦੇ ਸ਼ਬਦ climate ਦਾ ਅਰਥ ਵੀ ਜਲਵਾਯੂ, ਪੌਣ-ਪਾਣੀ/ਆਬੋ-ਹਵਾ ਜਾਂ ਵਾਤਾਵਰਨ ਤੋਂ ਹੀ ਹੈ। ਵੱਡੇ ਪ੍ਰਸੰਗ ਵਿਚ ਵਾਤਾਵਰਨ ਤੋਂ ਭਾਵ ਸਮਾਜਿਕ, ਆਰਥਿਕ ਅਤੇ ਭੌਤਿਕ ਵਾਤਾਵਰਨ ਤੋਂ ਹੁੰਦਾ ਹੈ। ਇਸ ਨਾਲ ਸਿਆਸੀ ਵਾਤਾਵਰਨ ਨੂੰ ਜੋੜਨਾ ਵੀ ਵਾਜਿਬ ਹੋਵੇਗਾ ਕਿਉਂਕਿ ਸਿਆਸਤ ਅਤੇ ਸਰਕਾਰੀ ਨੀਤੀਆਂ ਵੀ ਸਮੁੱਚੇ ਵਾਤਾਵਰਨ ਜਾਂ ਚੌਗਿਰਦੇ ਨੂੰ ਪ੍ਰਭਾਵਿਤ ਕਰਦੀਆਂ ਹਨ। ਇਉਂ ਵਾਤਾਵਰਨ ਜਾਂ ਚੌਗਿਰਦੇ ਦਾ ਸਿੱਧਾ ਸਬੰਧ ਹਵਾ, ਪਾਣੀ ਅਤੇ ਮਿੱਟੀ ਨਾਲ ਹੈ। ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿਚ ਫਰਮਾਉਂਦੇ ਹਨ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰੂ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਇਹ ਤਿੰਨੇ ਹਰ ਸਮੇਂ ਸਾਡੇ ਇਰਦ-ਗਿਰਦ ਹਨ ਅਤੇ ਜੀਵਨ ਲਈ ਜ਼ਰੂਰੀ ਹਨ। ਮਿੱਟੀ, ਪਾਣੀ ਅਤੇ ਹਵਾ ਤੋਂ ਬਿਨਾਂ ਬਨਸਪਤੀ ਦੀ ਉਤਪਤੀ ਕਿਆਸ ਕਰਨਾ ਵੀ ਅਸੰਭਵ ਹੈ, ਜੀਵਨ ਵੀ ਅਸੰਭਵ ਹੈ। ਮਨੁੱਖੀ ਸੱਭਿਅਤਾ ਦੇ ਇਤਿਹਾਸ ਤੋਂ ਵੀ ਇਹੀ ਜਾਣਕਾਰੀ ਮਿਲਦੀ ਹੈ ਕਿ ਜਿਥੇ ਕਿਧਰੇ ਵੀ ਮਿੱਟੀ, ਹਵਾ ਅਤੇ ਪਾਣੀ ਦਾ ਬਰਾਬਰ ਦਾ ਸੁਮੇਲ ਹੋਇਆ, ਉਥੇ ਹੀ ਬਨਸਪਤੀ ਦੀ ਉਤਪਤੀ ਹੋਈ ਹੈ। ਜੇ ਅਜਿਹਾ ਹੈ ਤਾਂ ਮਨੁੱਖ ਵਾਤਾਵਰਨ ਅਤੇ ਕੁਦਰਤ ਨਾਲ ਖਿਲਵਾੜ ਕਿਉਂ ਕਰ ਰਿਹਾ ਹੈ? ਅਸੀਂ ਪ੍ਰਸਿੱਧ ਵਿਗਿਆਨੀ ਨਿਊਟਨ ਦਾ ਤੀਜਾ ਨਿਯਮ ਕਿਉਂ ਭੁਲ ਗਏ ਹਾਂ ਜੋ ਕਹਿੰਦਾ ਹੈ: ਹਰ ਕਰਮ ਦਾ ਪ੍ਰਤੀ ਕਰਮ ਹੁੰਦਾ ਹੈ। ਅੱਜ ਜੋ ਕੁਦਰਤੀ ਕਹਿਰ ਆਉਂਦੇ ਹਨ, ਉਹ ਮੁੱਖ ਤੌਰ ’ਤੇ ਮਨੁੱਖ ਦੇ ਕੁਦਰਤ ਨਾਲ ਕੀਤੇ ਖਿਲਵਾੜ ਅਤੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਦਾ ਹੀ ਨਤੀਜਾ ਹਨ। ਵਧ ਰਹੀ ਆਲਮੀ ਤਪਸ਼, ਪਤਲੀ ਹੋ ਰਹੀ ਓਜ਼ੋਨ ਪਰਤ ਅਤੇ ਅਣ-ਕਿਆਸੀਆਂ ਮੌਸਮੀ ਤਬਦੀਲੀਆਂ, ਸਭ ਮਨੁੱਖ ਦੀਆਂ ਕੁਦਰਤ ਵਿਰੁੱਧ ਕਿਰਿਆਵਾਂ ਦਾ ਪ੍ਰਤੀਕਰਮ ਹੈ।

ਵੱਡੀਆਂ ਸੱਭਿਆਤਾਵਾਂ ਦਰਿਆਵਾਂ ਦੇ ਕੰਢਿਆ ਉਪਰ ਹੀ ਵਸੀਆਂ ਅਤੇ ਪ੍ਰਫੁੱਲਤ ਹੋਈਆਂ। ਸਪਸ਼ਟ ਹੈ, ਖੇਤੀ ਅਤੇ ਵਾਤਾਵਰਨ (ਜੋ ਦੂਜੇ ਸ਼ਬਦਾਂ ਵਿਚ ਹਵਾ, ਪਾਣੀ ਤੇ ਮਿੱਟੀ, ਜਲਵਾਯੂ ਜਾਂ ਪੌਣ-ਪਾਣੀ ਹੈ) ਵਿਚ ਅਤੁੱਟ ਅਤੇ ਗਹਿਰਾ ਸਬੰਧ ਹੈ। ਇਹ ਕਹਿਣਾ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਵਾਤਾਵਰਨ ਜਾਂ ਚੁਗਿਰਦੇ ਦੇ ਪ੍ਰਦੂਸ਼ਣ ਦਾ ਸਬੰਧ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਿਤ ਹੋਣ ਨਾਲ ਹੀ ਹੈ। ਹਵਾ, ਪਾਣੀ ਅਤੇ ਮਿੱਟੀ ਵਿਚੋਂ ਕੋਈ ਇੱਕ ਵੀ ਪ੍ਰਦੂਸ਼ਤ ਹੋ ਜਾਵੇ ਤਾਂ ਵਾਤਾਵਰਨ ਪ੍ਰਦੂਸ਼ਤ ਹੋ ਜਾਂਦਾ ਹੈ।

ਵਾਤਾਵਰਨ ਦਾ ਪ੍ਰਦੂਸ਼ਣ ਮਨੁੱਖੀ ਸਮਾਜ, ਪਸ਼ੂ ਪੰਛੀਆਂ ਅਤੇ ਧਰਤੀ ਉਪਰ ਜੀਵਨ ਲਈ ਸਭ ਤੋਂ ਵੱਡੀ ਸਮੱਸਿਆ ਅਤੇ ਚੁਣੌਤੀ ਹੈ। ਇਸੇ ਲਈ ਆਲਮੀ ਭਾਈਚਾਰਾ (ਸੰਯੁਕਤ ਰਾਸ਼ਟਰ) 5 ਜੂਨ 1974 ਤੋਂ ਹਰ ਸਾਲ ਵਾਤਾਵਰਨ ਦਿਨ ਮਨਾ ਰਿਹਾ ਹੈ। ਇਹ ਦਿਹਾੜਾ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਵਾਤਾਵਰਨ ਦੀ ਮਹੱਤਤਾ ਤੋਂ ਜਾਗਰੂਕ ਕਰਨਾ ਹੈ। ਵਾਤਾਵਰਨ ਦੀ ਸਾਂਭ ਸੰਭਾਲ ਲਈ ਸੰਵੇਦਨਸ਼ੀਲਤਾ ਪੈਦਾ ਕਰਨਾ ਅਤੇ ਇਸ ਲਈ ਸਮੂਹਿਕ ਰੂਪ ਵਿਚ ਆਵਾਜ਼ ਬੁਲੰਦ ਕਰਨਾ ਹੈ। ਵਾਤਾਵਰਨ ਬਾਰੇ ਸੋਝੀ ਲਿਆਉਣ ਲਈ ਕਈ ਸਦੀਆਂ ਤੋਂ ਸਮਾਜਿਕ ਅਤੇ ਕਾਨੂੰਨੀ ਉਪਰਾਲੇ ਹੋ ਰਹੇ ਹਨ। ਇਸ ਦੇ ਸੰਕੇਤ 7ਵੀਂ ਸਦੀ ਤੋਂ ਇਤਿਹਾਸ ਵਿਚ ਮਿਲਦੇ ਹਨ। ਖਲੀਫ਼ਾ ਅਬੂ ਬਕਰ ਨੇ 630ਵਿਆਂ ਵਿਚ ਆਪਣੀ ਫੌਜ ਨੂੰ ਹੁਕਮ ਦਿੱਤਾ ਸੀ ਕਿ “ਦਰਖਤਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ, ਉਨ੍ਹਾਂ ਨੂੰ ਅੱਗ ਨਾ ਲਾਈ ਜਾਵੇ, ਖਾਸ ਕਰਕੇ ਫਲਦਾਰ ਦਰੱਖਤਾਂ ਨੂੰ। ਦੁਸ਼ਮਣ ਦੀਆਂ ਭੇਡਾਂ ਬੱਕਰੀਆਂ ਅਤੇ ਹੋਰ ਜਾਨਵਰਾਂ ਨੂੰ ਨਾ ਮਾਰਿਆ ਜਾਵੇ (ਆਪਣੇ ਭੋਜਨ ਦੀ ਲੋੜ ਤੋਂ ਬਿਨਾ)।” ਭਾਰਤ ਵਿਚ ਉਸ ਤੋਂ ਪਹਿਲਾਂ ਵੀ ਵਾਤਾਵਰਨ ਸਾਫ਼ ਰੱਖਣ ਲਈ ਜ਼ਰੂਰ ਯਤਨ ਹੋਏ ਹੋਣਗੇ ਕਿਉਂਕਿ ਸਿੰਧ-ਘਾਟੀ ਦੀ ਸੱਭਿਅਤਾ ਬਹੁਤ ਉਨਤ ਸੀ। 9ਵੀਂ ਅਤੇ 12ਵੀ ਸਦੀ ਦੌਰਾਨ ਅਰਬ ਦੀਆਂ ਮੈਡੀਕਲ ਕਿਤਾਬਾਂ ਵਿਚ ਹਵਾ, ਪਾਣੀ, ਮਿੱਟੀ ਆਦਿ ਦੇ ਪ੍ਰਦੂਸ਼ਣ ਅਤੇ ਇਸ ਦੇ ਅਸਰਾਂ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਸੀ। 1488 ਵਿਚ ਇੰਗਲੈਂਡ ਦੀ ਪਾਰਲੀਮੈਂਟ ਨੇ ਨਦੀਆਂ, ਦਰਿਆਵਾਂ, ਨਾਲਿਆਂ ਆਦਿ ਵਿਚ ਕੂੜਾ ਕਰਕਟ, ਰਹਿੰਦ ਖੂੰਹਦ ਆਦਿ ਸੁੱਟਣ ਦੀ ਮਨਾਹੀ ਕੀਤੀ ਸੀ। 2015 ਵਿਚ ਪੈਰਿਸ (ਫਰਾਂਸ) ਸਮਝੌਤੇ ਰਾਹੀਂ ਆਲਮੀ ਭਾਈਚਾਰੇ ਨੇ ਆਲਮੀ ਤਪਸ਼ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਅਹਿਦ ਲਿਆ ਸੀ। ਇਸ ਤੋਂ ਤਿੰਨ ਸਾਲ ਬਾਅਦ (2018) ਵਿਚ ਇਹ ਕਿਹਾ ਗਿਆ ਕਿ ਆਲਮੀ ਤਪਸ ਦਾ 1.5 ਡਿਗਰੀ ਸੈਲਸੀਅਸ ਵਧਣਾ ਜੀਵਨ ਲਈ ਘਾਤਕ ਸਾਬਤ ਹੋ ਸਕਦਾ ਹੈ। ਭਾਰਤ ਵਿਚ ਵਾਤਾਵਰਨ ਸਬੰਧੀ ਕਾਨੂੰਨੀ ਮਾਮਲੇ ਨਿਬੇੜਨ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਐਕਟ-2010 ਬਣਾਇਆ। ਇਸ ਦਾ ਮੰਤਵ ਵਾਤਾਵਰਨ (ਹਵਾ, ਪਾਣੀ, ਜੰਗਲ, ਦਰਿਆਵਾ ਆਦਿ ਸਬੰਧੀ) ਪ੍ਰਦੂਸ਼ਣ ਰੋਕਣਾ ਵੀ ਹੈ।

ਆਰਥਿਕ ਵਿਕਾਸ ਅਤੇ ਵਾਤਾਵਰਨ

ਆਰਥਿਕ ਵਿਕਾਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਆਰਥਿਕ ਵਿਕਾਸ ਪੱਖੀ ਸਕੂਲ ਆਰਥਿਕ ਵਿਕਾਸ ਵਧਾਉਣ ਦੀ ਵਕਾਲਤ ਕਰਦਾ ਹੈ ਤੇ ਵਾਤਾਵਰਨ ਪੱਖੀ ਸਕੂਲ ਵਾਤਾਵਰਨ ਨੂੰ ਮੁੱਖ ਰੱਖਦਾ ਹੈ। ਸਵਾਲ ਹੈ: ਕੀ ਮਨੁੱਖੀ ਸਮਾਜ ਇਨ੍ਹਾਂ ਦੋਹਾਂ ਵਿਚੋਂ ਕਿਸੇ ਇੱਕ ਨੂੰ ਚੁਣਨ ਨਾਲ ਹੀ ਅੱਗੇ ਵੱਧ ਸਕਦਾ ਹੈ? ਨਹੀਂ, ਆਰਥਿਕ ਵਿਕਾਸ ਅਤੇ ਸ਼ੁੱਧ ਵਾਤਾਵਰਨ ਦੋਵੇਂ ਹੀ ਧਰਤੀ ਉਪਰ ਜੀਵਨ ਲਈ ਜ਼ਰੂਰੀ ਹਨ। ਦੋਹਾਂ ਵਿਚਾਲੇ ਸੰਤੁਲਨ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਅਜਿਹਾ ਸੰਤੁਲਤ (ਟਿਕਾਊ) ਆਰਥਿਕ ਵਿਕਾਸ ਮਾਡਲ ਨਾਲ ਹੀ ਸੰਭਵ ਹੈ। ਟਿਕਾਊ ਵਿਕਾਸ ਮਾਡਲ ਤੋਂ ਭਾਵ ਅਜਿਹਾ ਵਿਕਾਸ ਮਾਡਲ ਜੋ ਵਰਤਮਾਨ ਪੀੜ੍ਹੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਸਮਰੱਥਾ ਨਾ ਘਟਾਵੇ। ਦੂਜੇ ਸ਼ਬਦਾਂ ਵਿਚ, ਇਹ ਸਮਝਣਾ ਜ਼ਰੂਰੀ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸ਼ੁੱਧ ਹਵਾ, ਪਾਣੀ ਤੇ ਮਿੱਟੀ (ਭਾਵ ਸਾਫ਼ ਵਾਤਾਵਰਨ) ਦੀਆਂ ਹੱਕਦਾਰ ਹਨ।

ਸਮਰੱਥਾ ਦਾ ਸੁਆਲ ਆਉਂਦਾ ਹੈ ਤਾਂ ਤਕਨਾਲੋਜੀ ਅਤੇ ਤਕਨੀਕੀ ਵਿਕਾਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਂਝ, ਹਾਲਾਤ ਅਤੇ ਤਕਨਾਲੋਜੀ ਬਦਲਣਸ਼ੀਲ ਹੈ। 18ਵੀਂ ਅਤੇ 19ਵੀਂ ਸਦੀ ਦੇ ਪ੍ਰਸਿੱਧ ਅਰਥ-ਸ਼ਾਸਤਰੀ ਥੌਮਸ ਮਾਲਥਸ ਨੇ ਵਧ ਰਹੀ ਜਨਸੰਖਿਆ ਅਤੇ ਆਨਾਜ ਦੀ ਪੂਰਤੀ ਦੀ ਘਾਟ ਦੇ ਮੱਦੇਨਜ਼ਰ ਭਵਿੱਖਬਾਣੀ ਕੀਤੀ ਸੀ ਕਿ ਅਨਾਜ ਦੀ ਉਪਜ ਵਿਚ ਹੋਣ ਵਾਲੇ ਵਾਧੇ ਦੀ ਦਰ ਆਬਾਦੀ ਵਿਚ ਵਾਧੇ ਦੀ ਦਰ ਤੋਂ ਬਹੁਤ ਘੱਟ ਹੋਣ ਕਰਕੇ ਆਉਣ ਵਾਲੇ ਸਮੇਂ ਵਿਚ ਆਨਾਜ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ ਪਰ ਤਕਨੀਕੀ ਵਿਕਾਸ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਹੋਂਦ ਵਿਚ ਆਉਣ ਨਾਲ ਧਰਤੀ ਵਧ ਰਹੀ ਆਬਾਦੀ ਦੀਆਂ ਲੋੜਾਂ ਬਾਖੂਬੀ ਪੂਰੀਆਂ ਕਰ ਰਹੀ ਹੈ। ਸਪਸ਼ਟ ਹੈ ਕਿ ਮਾਲਥਸ ਦੀ ਭਵਿੱਖਬਾਣੀ ਗਲਤ ਸਾਬਤ ਹੋ ਗਈ। ਅਠਾਰਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਨੇ ਵੀ ਇਹ ਸਿੱਧ ਕੀਤਾ ਹੈ ਕਿ ਤਕਨੀਕੀ ਵਿਕਾਸ ਨਾਲ ਉਤਪਾਦਨ ਦੀਆਂ ਸੰਭਾਵਨਾਵਾਂ ਵਿਚ ਅਣ-ਕਿਆਸਿਆ ਵਾਧਾ ਕੀਤਾ ਜਾ ਸਕਦਾ ਹੈ; ਇਥੋਂ ਤੱਕ ਕਿ ਊਰਜਾ ਦੇ ਸੀਮਤ ਅਤੇ ਮੁੱਕ ਰਹੇ ਰਵਾਇਤੀ ਸਰੋਤਾਂ ਦੇ ਗੈਰ-ਰਵਾਇਤੀ ਬਦਲ ਵੀ ਤਿਆਰ ਕੀਤੇ ਜਾ ਰਹੇ ਹਨ। ਪੰਜਾਬ ਵਿਚ ਕਣਕ ਝੋਨੇ ਦੇ ਪ੍ਰਤੀ ਹੈਕਟੇਅਰ ਝਾੜ ਵਿਚ ਚਮਤਕਾਰੀ ਵਾਧਾ ਵੀ ਮੁੱਖ ਤੌਰ ’ਤੇ ਤਕਨੀਕੀ ਉਨਤੀ ਕਾਰਨ ਹੀ ਹੋਇਆ। ਸੋ, ਮਸਲਾ ਇਹ ਹੈ ਕਿ ਵਾਤਾਵਰਨ ਅਤੇ ਆਰਥਿਕ ਵਿਕਾਸ ਵਿਚ ਸੰਤੁਲਨ ਕਿਵੇਂ ਬਣਾਇਆ ਜਾਵੇ?

ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਧਰਤੀ ਪਾਸ ਹਰ ਮਨੁੱਖ ਅਤੇ ਜੀਵ ਜੰਤੂ ਦੀਆਂ ਲੋੜਾਂ ਪੂਰੀਆਂ ਕਰਨ ਦੀ ਸਮਰੱਥਾ ਹੈ ਪਰ ਲਾਲਚ ਪੂਰਾ ਕਰਨ ਦੀ ਸਮਰੱਥਾ ਨਹੀਂ। ਦਰਅਸਲ ਵਿਕਾਸ ਦਾ ਪੂੰਜੀਵਾਦੀ, ਮੰਡੀ ਆਧਾਰਿਤ ਨਵ-ਉਦਾਰਵਾਦੀ ਮਾਡਲ ਜਾਂ ਖਪਤ ਆਧਾਰਿਤ ਮਾਡਲ ਪੁਆੜੇ ਦੀ ਜੜ੍ਹ ਹੈ। ਮੁਨਾਫ਼ੇ ਦੇ ਵਧ ਰਹੇ ਲਾਲਚ ਕਰਕੇ ਹੀ ਕੁਦਰਤ ਨਾਲ ਹੱਦੋਂ ਵੱਧ ਖਿਲਵਾੜ ਹੋ ਰਿਹਾ ਹੈ। ਕੁਦਰਤੀ ਸਾਧਨ ਨਾ ਕੇਵਲ ਅੰਨ੍ਹੇਵਾਹ ਤਬਾਹ ਕੀਤੇ ਜਾ ਰਹੇ ਹਨ ਬਲਕਿ ਇਸ ਪ੍ਰਕਿਰਿਆ ਵਿਚ ਵਾਤਾਵਰਨ ਵੀ ਪ੍ਰਦੂਸ਼ਤ ਹੋ ਰਿਹਾ ਹੈ। ਅਜਿਹਾ ਵਤੀਰਾ ਦੁਨੀਆ ਵਿਚ ਆਮਦਨ ਅਤੇ ਧਨ-ਦੌਲਤ ਦੀ ਕਾਣੀ ਵੰਡ ਵਿਚ ਵੀ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ। ਇਸ ਲਈ ਖੇਤੀ, ਉਦਯੋਗ ਅਤੇ ਸੇਵਾਵਾਂ, ਸਭ ਲਈ ਟਿਕਾਊ ਵਿਕਾਸ ਮਾਡਲ ਦੀ ਲੋੜ ਹੈ। ਹੁਣ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਲੋੜਾਂ ਮੁਤਾਬਿਕ ਸੀਮਤ ਕਰਨਾ ਪਵੇਗਾ, ਨਾਲ ਹੀ ਖਪਤ ਵੀ ਲੋੜਾਂ ਮੁਤਾਬਿਕ ਘਟਾਉਣੀ ਪਵੇਗੀ। ਕੁਦਰਤੀ ਅਤੇ ਦੂਜੇ ਸਾਧਨਾਂ ਦੀ ਵੰਡ ਅਤੇ ਵਰਤੋਂ ਸਮਝਦਾਰੀ ਨਾਲ ਕਰਨੀ ਪਵੇਗੀ।

ਅਰਥ-ਸ਼ਾਸਤਰ ਦੀ ਪਰਿਭਾਸ਼ਾ ‘ਅਸੀਮਤ ਲੋੜਾਂ ਅਤੇ ਸੀਮਤ ਸਾਧਨਾਂ’ ਉਪਰ ਖੜ੍ਹੀ ਹੈ; ਭਾਵ, ਵੱਡਾ ਸੁਆਲ ਹੈ: ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਕਿਵੇਂ ਪੂਰੀਆਂ ਕਰਨੀਆਂ ਹਨ? ਜ਼ਾਹਿਰ ਹੈ, ਲੋੜਾਂ ਅਤੇ ਸਾਧਨਾਂ ਵਿਚ ਸੰਤੁਲਨ ਬਿਠਾਉਣ ਨਾਲ ਹੀ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਹੋ ਸਕਦੀ ਹੈ। ਅੱਜ ਪੀਣ ਵਾਲਾ ਪਾਣੀ ਬੋਤਲਾਂ ਵਿਚ ਵਿਕ ਰਿਹਾ ਹੈ, ਉਹ ਦਿਨ ਦੂਰ ਨਹੀਂ ਜਦੋਂ ਸ਼ੁੱਧ ਹਵਾ ਦੇ ਸਿਲੰਡਰਾਂ ਦੀ ਮੰਗ ਵੀ ਵੱਡੇ ਪੱਧਰ ’ਤੇ ਹੋਵੇਗੀ। 2050 ਤੱਕ ਦੁਨੀਆ ਦੇ ਕਰੀਬ 50 ਮੁਲਕ ਪਾਣੀ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਵਾਲੇ ਹੋਣਗੇ ਜਿਨ੍ਹਾਂ ਵਿਚੋਂ ਭਾਰਤ ਇਕ ਹੋਵੇਗਾ। ਆਲਮੀ ਪੱਧਰ ’ਤੇ 2050 ਤੱਕ ਪਾਣੀ ਦੀ ਮੰਗ ਵਿਚ 55 ਫ਼ੀਸਦ ਤੱਕ ਵਾਧੇ ਦੇ ਆਸਾਰ ਹਨ। ਵੱਧ ਰਹੀ ਜਨਸੰਖਿਆ ਅਤੇ ਮੌਜੂਦਾ ਵਿਕਾਸ ਮਾਡਲ ਕਰਕੇ ਅਨਾਜ, ਊਰਜਾ ਅਤੇ ਸਨਅਤੀ ਉਤਪਾਦਨ ਦੀ ਮੰਗ ਵਧ ਰਹੀ ਹੈ ਜਿਸ ਕਰਕੇ ਸਾਫ਼ ਪਾਣੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਖੇਤੀ ਤੋਂ ਇਲਾਵਾ ਇਸ ਵੇਲੇ 20 ਫ਼ੀਸਦ ਸਾਫ਼ ਪਾਣੀ ਸਨਅਤਾਂ ਰਾਹੀਂ ਵਰਤਿਆ ਜਾ ਰਿਹਾ ਹੈ। (ਚੱਲਦਾ)

ਸੰਪਰਕ: 98722-20714

ਸਾਂਝਾ ਕਰੋ